ਸਾਧੂ ਸਿੰਘ ਧਰਮਸੋਤ ਤੇ ਵਿਜੈ ਇੰਦਰ ਸਿੰਗਲਾ ਨੇ ਪੰਜਾਬ ਸਰਕਾਰ ਵੱਲੋਂ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ 36ਵੀਂ ਬਰਸੀ ਮੌਕੇ ਭੇਂਟ ਕੀਤੀਆਂ ਸ਼ਰਧਾਂਜਲੀਆਂ
ਦੇਸ਼ ਦੀ ਏਕਤਾ ਅਤੇ ਅਖੰਡਤਾ ਨੰੂ ਕਾਇਮ ਰੱਖਣ ਲਈ ਦਿੱਤੀ ਸ਼ਹਾਦਤ ਲਈ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ: ਸਾਧੂ ਸਿੰਘ ਧਰਮਸੋਤ
*ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਪੰਜਾਬ ਤੇ ਪੰਜਾਬੀਅਤ ਦੀ ਤਰੱਕੀ ਅਤੇ ਸ਼ਾਂਤੀ ਲਈ ਪਾਇਆ ਅਹਿਮ ਯੋਗਦਾਨ: ਵਿਜੈ ਇੰਦਰ ਸਿੰਗਲਾ
ਹਰਪ੍ਰੀਤ ਕੌਰ ਬਬਲੀ, ਸੰਗਰੂਰ, 20 ਅਗਸਤ 2021
ਪੰਜਾਬ ਸਰਕਾਰ ਵੱਲੋਂ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਗੋਵਾਲ ਦੀ 36ਵੀਂ ਬਰਸੀ ਮੌਕੇ ਅਨਾਜ ਮੰਡੀ ਲੌਂਗੋਵਾਲ ਵਿਖੇ ਇੱਕ ਸਾਦਾ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ ਜਿਸ ’ਚ ਕੈਬਨਿਟ ਮੰਤਰੀਆਂ ਸ. ਸਾਧੂ ਸਿੰਘ ਧਰਮਸੋਤ ਅਤੇ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਵਿਸ਼ੇਸ ਤੌਰ ’ਤੇ ਸ਼ਾਮਲ ਹੁੰਦਿਆਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਸ਼ਹਾਦਤ ਨੰੂ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਜੰਗਲਾਤ, ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਅਤੇ ਛਪਾਈ ਤੇ ਲਿਖਣ ਸਮੱਗਰੀ ਮੰਤਰੀ ਪੰਜਾਬ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਸੰਤ ਹਰਚੰਦ ਸਿੰਘ ਲੌਗੋਂਵਾਲ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੰੂ ਕਾਇਮ ਰੱਖਣ ਲਈ ਆਪਣੀ ਸ਼ਹਾਦਤ ਦਿੱਤੀ ਜਿਸਨੰੂ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ। ਉਨਾਂ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੰੂ ਯਾਦ ਰੱਖਦੀਆਂ ਹਨ, ੳਹ ਹਮੇਸ਼ਾ ਜਿਊਦੀਂਆਂ ਰਹਿੰਦੀਆਂ ਹਨ। ਉਨਾਂ ਕਿਹਾ ਕਿ ਆਜ਼ਾਦੀ ਘੁਲਾਟੀਆਂ ਵੱਲੋਂ ਕੁਰਬਾਨੀਆਂ ਦੇ ਕੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਸੀ ਜਿਸਨੂੰ ਕਾਇਮ ਰੱਖਣ ਲਈ ਹੀ ਸੰਤ ਹਰਚੰਦ ਸਿੰਘ ਲੌਂਗੋਵਾਲ ਮਹਾਨ ਸ਼ਹੀਦ ਨੇ ਆਪਣਾ ਬਲਿਦਾਨ ਦਿੱਤਾ ਸੀ।
ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਸੁਨੇਹਾ ਹੈ ਕਿ ਦੇਸ਼ ਅਤੇ ਕੌਮ ਲਈ ਸ਼ਹੀਦ ਹੋਣ ਵਾਲਿਆਂ ਦਾ ਸਾਨੰੂ ਦਿਲੋ ਸਤਿਕਾਰ ਕਰਨਾ ਚਾਹੀਦਾ ਹੈ ਜਿਸ ਕਰਕੇ ਕੋਵਿਡ ਮਹਾਂਮਾਰੀ ਦੇ ਦੌਰਾਨ ਵੀ ਅੱਜ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਉਨਾਂ ਨੂੰ ਤੇ ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੂੰ ਉਚੇਚੇ ਤੌਰ ’ਤੇ ਇੱਥੇ ਭੇਜਿਆ। ਉਨਾਂ ਕਿਹਾ ਕਿ ਕੈਪਟਨ ਸਰਕਾਰ ਲੋਕਾਂ ਨੂੰ ਜੋੜਨ ਅਤੇ ਇਕਜੁੱਟ ਕਰਨ ਲਈ ਕਾਰਜ਼ਸੀਲ ਹੈ ਜਿਸ ਤਹਿਤ ਸਾਰੇ ਧਰਮਾਂ ਦੇ ਲੋਕਾਂ ਨੰੂ ਨਾਲ ਲੈ ਕੇ ਤੁਰਨ ਨੰੂ ਤਰਜੀਹ ਦਿੱਤੀ ਜਾ ਰਹੀ ਹੈ।
ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਕੁਰਬਾਨੀ ਤੇ ਉਨਾਂ ਦੀ ਸੋਚ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਤੋਂ ਬਾਅਦ ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਸੰਤ ਲੌਂਗੋਵਾਲ ਨੇ ਪੰਜਾਬ ਦੀ ਤਰੱਕੀ ਦਾ ਬੀੜਾ ਚੁੱਕਿਆ ਸੀ। ਉਨਾਂ ਕਿਹਾ ਕਿ ਪੰਜਾਬ ਦੇ ਮਾੜੇ ਹਾਲਾਤਾਂ ਨੂੰ ਸੁਧਾਰਨ ਤੇ ਉਸ ਵੇਲੇ ਦੀ ਬਲਦੀ ਅੱਗ ਨੂੰ ਠੱਲ ਪਾਉਣ ਲਈ ਰਾਜੀਵ-ਲੌਂਗੋਵਾਲ ਸਮਝੌਤਾ ਹੋਇਆ ਸੀ। ਉਨਾਂ ਕਿਹਾ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਰਾਜੀਵ-ਲੌਂਗੋਵਾਲ ਸਮਝੌਤਾ ਕਰਕੇ ਪੰਜਾਬ ਅਤੇ ਪੰਜਾਬੀਅਤ ਦੀ ਤਰੱਕੀ ਤੇ ਸ਼ਾਂਤੀ ਲਈ ਅਹਿਮ ਯੋਗਦਾਨ ਪਾਇਆ। ਉਨਾਂ ਕਿਹਾ ਸੰਤ ਲੌਂਗੋਵਾਲ ਦੇ ਜੀਵਨ ਦਾ ਮਕਸਦ ਪੰਜਾਬ ਅੰਦਰ ਅਮਨ ਸ਼ਾਂਤੀ ਨੰੂ ਬਣਾਈ ਰੱਖਣਾ ਸੀ, ਪਰੰਤੂ ਉਸ ਸਮੇਂ ਅਮਨ ਸ਼ਾਂਤੀ ਨੰੂ ਭੰਗ ਕਰਨ ਵਾਲੀਆਂ ਤਾਕਤਾਂ ਨੇ ਸੰਤ ਲੌਂਗੋਵਾਲ ਨੰੂ ਸ਼ਹੀਦ ਕਰ ਦਿੱਤਾ।
ਸ਼੍ਰੀ ਸਿੰਗਲਾ ਨੇ ਕਿਹਾ ਕਿ ਸੰਤ ਲੌਂਗੋਵਾਲ ਨੇ ਸਿਆਸਤ ਤੋਂ ਉੱਪਰ ਉਠ ਕੇ ਇੱਕ ਤਪਸਵੀ ਦੇ ਤੌਰ ’ਤੇ ਲੋਕਾਈ ਦੇ ਭਲੇ ਲਈ ਕੰਮ ਕੀਤਾ। ਉਨਾਂ ਕਿਹਾ ਸੰਤ ਲੌਂਗੋਵਾਲ ਨੇ ਛੋਟੀ ਉਮਰ ਤੋਂ ਸ਼ੁਰੂ ਕਰਕੇ ਆਪਣੀ ਸਾਰੀ ਜ਼ਿੰਦਗੀ ਸਿੱਖੀ ਸਿਧਾਂਤਾਂ ’ਤੇ ਪਹਿਰਾ ਦਿੱਤਾ ਅਤੇ ਲੋਕ ਸੇਵਾ ਲਈ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ। ਉਨਾਂ ਕਿਹਾ ਕਿ ਅਜਿਹੇ ਅਮਰ ਸ਼ਹੀਦਾਂ ਦੀ ਸ਼ਹਾਦਤ ਲੋਕਾਂ ਖ਼ਾਸ ਕਰ ਨੌਜਵਾਨਾਂ ਲਈ ਚਾਨਣ ਮੁਨਾਰਾ ਸਾਬਤ ਹੁੰਦੀ ਹੈ ਤੇ ਪੰਜਾਬ ਸਰਕਾਰ ਉਨਾਂ ਦਾ ਸੁਨੇਹਾ ਘਰ-ਘਰ ਪਹੁੰਚਾਉਣ ਲਈ ਕਾਰਜਸ਼ੀਲ ਹੈ।
ਇਸ ਮੌਕੇ ਕਾਂਗਰਸੀ ਆਗੂ ਦਾਮਨ ਥਿੰਦ ਬਾਜਵਾ, ਡਿਪਟੀ ਕਮਿਸ਼ਨਰ ਰਾਮਵੀਰ, ਐਸ.ਐਸ.ਪੀ. ਵਿਵੇਕ ਸ਼ੀਲ ਸੋਨੀ, ਹਰਮਨ ਦੇਵ ਬਾਜਵਾ, ਐਸ.ਡੀ.ਐਮ ਅਮਰਿੰਦਰ ਸਿੰਘ, ਐਸ.ਪੀ. ਆਲਮ ਵਿਜੇ ਸਿੰਘ ਸਮੇਤ ਹੋਰ ਆਗੂ, ਵਰਕਰ ਅਤੇ ਅਧਿਕਾਰੀ ਹਾਜ਼ਰ ਸਨ।