ਅਫਸੋਸ ਹਰ ਰੋਜ ਦਿਹਾੜੀ ਕਰ ਕੇ ਪੇਟ ਭਰਨ ਵਾਲ਼ੇ ਮਜ਼ਦੂਰਾਂ ਅਤੇ ਮੁਲਾਜਮਾਂ ਬਾਰੇ ਕੁਝ ਨਹੀ ਸੋਚਿਆ
ਅਸ਼ੋਕ ਵਰਮਾ
ਬਠਿੰਡਾ,11 ਅਪਰੈਲ 2020
ਚਿੱਟ ਫੰਡ ਕੰਪਨੀਆਂ ਵੱਲੋਂ ਮਾਰੀਆਂ ਠੱਗੀਆਂ ਖਿਲਾਫ ਲੜਾਈ ਲੜ ਰਹੀ ਇਨਸਾਫ ਦੀ ਲਹਿਰ ਖਾਤੇਦਾਰ ਯੂਨੀਅਨ ਪੰਜਾਬ ਦੇ ਚੇਅਰਮੈਨ ਗੁਰਭੇਜ ਸਿੰਘ ਸੰਧੂ ਨੇ ਪ੍ਰੈਸ ਬਿਆਨ ਰਾਹੀ ਆਖਿਆ ਹੈ ਕਿ ਸਰਕਾਰ ਵਲੋ ਲੋਕਾਂ ਨੂੰ ਲਾਕ ਡਾਉਨ ਵਿਚ ਰਹਿਣ ਦਾ ਤਾ ਆਦੇਸ਼ ਦੇ ਦਿਤਾ, ਪਰ ਅਫਸੋਸ ਹਰ ਰੋਜ ਦਿਹਾੜੀ ਕਰ ਕੇ ਪੇਟ ਭਰਨ ਵਾਲ਼ੇ ਮਜ਼ਦੂਰਾਂ ਅਤੇ ਮੁਲਾਜਮਾਂ ਬਾਰੇ ਕੁਝ ਨਹੀ ਸੋਚਿਆ ਹੈ। ਉਨ੍ਹਾਂ ਆਖਿਆ ਕਿ ਪ੍ਰਸ਼ਾਸ਼ਨ ਬਿਆਨ ਤਾ ਬਹੁਤ ਵੱਡੇ ਵੱਡੇ ਦੇ ਰਿਹਾ ਹੈ ਪਰ ਗਰੀਬ ਲੋਕਾਂ ਤਕ ਕੁਝ ਨਹੀ ਪਹੁੰਚ ਸਕਿਆ ਹੈ। ਸ੍ਰੀ ਸੰਧੂ ਨੇ ਦਸਿਆ ਕਿ ਸਾਡੀਆਂ ਸਰਕਾਰਾਂ ਨੂੰ ਦੋ ਮਹੀਨੇ ਪਹਿਲਾ ਪਤਾ ਲਗ ਗਿਆ ਸੀ ਕਿ ਕਰੋਨਾ ਕਾਫੀ ਦੇਸਾਂ ਵਿਚ ਫੈਲ ਚੁਕਾ ਹੈ ਪਰ ਕੋੲਂ ਕਾਰਵਾਈ ਨਹੀਂ ਕੀਤੀ ਗਈ ਹੈ। ਉਹਨਾਂ ਆਖਿਆ ਕਿ ਸਰਕਾਰਾਂ ਵੱਲੋਂ ਅਗਾਊ ਪ੍ਰਬੰਧ ਕੀਤੇ ਬਿਨਾਂ ਲਾਏ ਕਰਫਿਊ ਤੇ ਲਾਕਡਾਊਨ ਕਾਰਨ ਜਿੱਥੇ ਰੋਜਾਨਾ ਕਮਾਕੇ ਖਾਣ ਵਾਲਿਆਂ ਲਈ ਦੋ ਡੰਗ ਦਾ ਚੁਲ੍ਹਾ ਤਪਦਾ ਰੱਖਣਾ ਮੁਹਾਲ ਹੋ ਗਿਆ ਹੈ ਉੱਥੇ ਆਮ ਲੋਕਾਂ ਨੂੰ ਅਣਸਰਦੀਆਂ ਲੋੜਾਂ ਲਈ ਘਰਾਂ ’ਚੋਂ ਬਾਹਰ ਨਿਕਲਣ ’ਤੇ ਪੁਲਿਸ ਸਖਤੀ ਕਾਰਨ ਬੇਹੱਦ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਕਿਸੇ ਵੀ ਮਰੀਜ਼ ਦੇ ਇਲਾਜ ਲਈ ਦਵਾਈਆਂ ਤੋਂ ਇਲਾਵਾ ਉਸ ਨੂੰ ਮਨੁੱਖੀ ਹਮਦਰਦੀ ਅਤੇ ਸਹਾਇਤਾ ਦੀ ਭਾਰੀ ਲੋੜ ਹੁੰਦੀ ਹੈ, ਪਰ ਬਣਦਾ ਰੋਲ ਨਹੀਂ ਨਿਭਾਇਆ ਜਾ ਰਿਹਾ ਹੈ। ਉਹਨਾਂ ਆਖਿਆ ਕਿ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਕਰੋਨਾ ਦੇ ਟਾਕਰੇ ਲਈ ਮੈਡੀਕਲ ਸਟਾਫ਼ ਦੀ ਵੱਡੇ ਪੱਧਰ ’ਤੇ ਭਰਤੀ ਕਰਨ, ਸਿਹਤ ਕਰਮੀਆਂ ਲਈ ਜ਼ਰੂਰੀ ਬਚਾਓ ਕਿੱਟਾਂ ਦਾ ਪ੍ਰਬੰਧ ਕਰਨ ਤੇ ਵੈਂਟੀਲੇਟਰ ਆਦਿ ਲੋੜਾਂ ਦੀ ਪੂਰਤੀ ਕਰਨ, ਲੋਕਾਂ ਲਈ ਖਾਧ ਖੁਰਾਕ ਦੇ ਪ੍ਰਬੰਧ ਤੋਂ ਕਿਨਾਰਾ ਕਰਨਾ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿੰਡਾ ਅਤੇ ਬਸਤੀਆ ਵਿਚ ਵਸਦੇ ਲੋਕ ਦੁਹਾਈਆਂ ਪਾ ਰਹੇ ਨੇ ਕਿਉਂਕਿ ਸਰਕਾਰ ਸੰਕਟ ਭਰੇ ਸਮੇ ਵਿਚ ਲੋਕਾਂ ਦੀ ਮਦਦ ਤੋ ਪਾਸਾ ਵਟ ਰਹੀ ਹੈ। ਓਹਨਾਂ ਇਸ ਸੰਕਟ ਭਰੇ ਸਮੇ ਤੇ ਲੋਕਾਂ ਦੀ ਮਦਦ ਕਰਨ ਵਾਲੀਆ ਸਮਾਜ ਸੇਵੀ ਸੰਸਥਾਵ ਦੇ ਆਗੂਆ ਦਾ ਧੰਨਵਾਦ ਕੀਤਾ ਅਤੇ ਲੋਕਾਂ ਨੂੰ ਸੰਜਮ ਤੋ ਕੰਮ ਲੈਣ ਅਤਤਤੇ ਪਰਹੇਜ਼ ਰੱਖਣ ਦੀ ਅਪੀਲ ਕੀਤੀ।