ਕਿਹਾ, ਲੁਧਿਆਣਾ ਪੁਲਿਸ 24 ਘੰਟੇ ਤੁਹਾਡੀ ਸੇਵਾ ਵਿੱਚ ਹਾਜ਼ਰ
–18 ਦਿਨਾਂ ਵਿੱਚ 250 ਮਾਮਲੇ ਦਰਜ, 9000 ਤੋਂ ਵਧੇਰੇ ਖੁੱਲ੍ਹੀ ਜੇਲ੍ਹ ਵਿੱਚ ਸੁੱਟੇ
-ਅੱਜ ਇੱਕ ਦਿਨ ਵਿੱਚ ਉਲੰਘਣਾ ਕਰਨ ਵਾਲਿਆਂ ਦੇ 250 ਤੋਂ ਵਧੇਰੇ ਵਾਹਨ ਜ਼ਬਤ
-ਹੁਣ ਸਵੇਰੇ ਦੀ ਸੈਰ ਕਰਨ ਵਾਲੇ, ਅਫਵਾਹਾਂ ਫੈਲਾਉਣ ਵਾਲੇ ਅਤੇ ਬਿਨ੍ਹਾ ਮਾਸਕ ਤੋਂ ਘੁੰਮਣ ਵਾਲਿਆਂ ਦੀ ਖੈਰ ਨਹੀਂ
ਦਵਿੰਦਰ ਡੀ.ਕੇ. ਲੁਧਿਆਣਾ, 11 ਅਪ੍ਰੈਲ 2020
ਅੱਜ ਕਰਫਿਊ/ਲੌਕਡਾਊਨ ਨੂੰ 18 ਦਿਨ ਬੀਤਣ ‘ਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ। ਆਪਣੇ 50 ਮਿੰਟ ਦੇ ਲਾਈਵ ਸੈਸ਼ਨ ਦੌਰਾਨ ਉਨ੍ਹਾਂ ਨਾਲ 28 ਹਜ਼ਾਰ ਵਧੇਰੇ ਲੋਕ ਜੁੜੇ। ਲੋਕਾਂ ਵੱਲੋਂ ਭੇਜੇ ਗਏ 1300 ਤੋਂ ਵਧੇਰੇ ਸੁਨੇਹਿਆਂ ਦੇ ਸ੍ਰੀ ਅਗਰਵਾਲ ਨੇ ਜਵਾਬ ਦਿੰਦਿਆਂ ਕਰਫਿਊ/ਲੌਕਡਾਊਨ ਨੂੰ ਪਹਿਲਾਂ ਦੀ ਤਰ੍ਹਾਂ ਅੱਗੇ ਵੀ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਸੈਸ਼ਨ ਨੂੰ 326 ਲੋਕਾਂ ਨੇ ਅੱਗੇ ਸ਼ੇਅਰ ਕੀਤਾ।
ਇਸ ਪੂਰੇ ਸੈਸ਼ਨ ਦੌਰਾਨ ਸ੍ਰੀ ਅਗਰਵਾਲ ਨੇ ਦੱਸਿਆ ਕਿ ਲੁਧਿਆਣਾ ਪੁਲਿਸ ਨੂੰ ਲੋਕਾਂ ਵੱਲੋਂ ਕਾਫੀ ਹੱਦ ਤੱਕ ਸਹਿਯੋਗ ਦਿੱਤਾ ਗਿਆ ਹੈ, ਜਿਸ ਦੀ ਉਹ ਭਵਿੱਖ ਵੀ ਉਮੀਦ ਰੱਖਦੇ ਹਨ। ਉਨ੍ਹਾਂ ਕਿਹਾ ਕਿ ਕਿਉਂਕਿ ਇਹ ਬਿਮਾਰੀ ਬਹੁਤ ਭਿਆਨਕ ਹੈ ਅਤੇ ਸਮਾਜਿਕ ਦੂਰੀ ਨਾ ਰੱਖਣ ਨਾਲ ਫੈਲਦੀ ਹੈ, ਇਸ ਲਈ ਹੀ ਪੰਜਾਬ ਸਰਕਾਰ ਨੇ ਇਸ ਕਰਫਿਊ/ਲੌਕਡਾਊਨ ਨੂੰ 1 ਮਈ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਲੁਧਿਆਣਾ ਪੁਲਿਸ ਵੱਲੋਂ ਇਸ ਕਰਫਿਊ/ਲੌਕਡਾਊਨ ਨੂੰ ਪੂਰਨ ਤੌਰ ‘ਤੇ ਲਾਗੂ ਕਰਾਉਣ ਲਈ ਹੁਣ ਸਖ਼ਤੀ ਕੀਤੀ ਜਾਵੇਗੀ। ਸਵੇਰ ਦੀ ਸੈਰ ਕਰਨ ਵਾਲੇ, ਅਫਵਾਹਾਂ ਫੈਲਾਉਣ ਵਾਲੇ ਅਤੇ ਬਿਨ੍ਹਾ ਮਾਸਕ ਸੜਕਾਂ ‘ਤੇ ਘੁੰਮਣ ਵਾਲਿਆਂ ‘ਤੇ ਹੁਣ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਲੰਘਣਾ ਕਰਨ ਵਾਲਿਆਂ ‘ਤੇ ਨਿਗਰਾਨੀ ਰੱਖਣ ਲਈ ਲੁਧਿਆਣਾ ਪੁਲਿਸ ਵੱਲੋਂ 15 ਡਰੋਨ ਕੈਮਰੇ ਵੀ ਸ਼ਹਿਰ ਵਿੱਚ ਉਡਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਲੁਧਿਆਣਾ ਪੁਲਿਸ ਨੇ 18 ਦਿਨਾਂ ਵਿੱਚ ਉਲੰਘਣਾ ਦੇ 250 ਮਾਮਲੇ ਦਰਜ ਕਰਕੇ 410 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸੇ ਤਰ੍ਹਾਂ 9000 ਤੋਂ ਵਧੇਰੇ ਲੋਕਾਂ ਨੂੰ ਖੁੱਲ੍ਹੀਆਂ ਜੇਲ੍ਹਾਂ ਵਿੱਚ ਸੁੱਟਿਆ ਹੈ। ਅੱਜ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਦੌਰਾਨ ਸ਼ਹਿਰ ਵਿੱਚ 250 ਤੋਂ ਵਧੇਰੇ ਵਾਹਨਾਂ ਨੂੰ ਜ਼ਬਤ ਕੀਤਾ ਹੈ, ਜੋ ਕਿ ਕਰਫਿਊ/ਲੌਕਡਾਊਨ ਦੇ ਖ਼ਤਮ ਹੋਣ ਤੋਂ ਬਾਅਦ ਮੁਕੰਮਲ ਪ੍ਰਕਿਰਿਆ ਅਪਣਾ ਕੇ ਹੀ ਛੱਡੇ ਜਾਣਗੇ। ਇਸੇ ਤਰ੍ਹਾਂ ਝੂਠੀਆਂ ਅਫਵਾਹਾਂ ਫੈਲਾਉਣ ਦੇ ਮਾਮਲੇ ਵਿੱਚ 5 ਮਾਮਲੇ ਦਰਜ ਕੀਤੇ ਗਏ ਹਨ। ਸ਼ੋਸ਼ਲ ਮੀਡੀਆ ਦੇ ਮਾਮਲੇ ਵਿੱਚ ਗਰੁੱਪ ਐਡਮਿਨ ‘ਤੇ ਵੀ ਕਾਰਵਾਈ ਹੋਵੇਗੀ।
ਉਨ੍ਹਾਂ ਲੋਕਾਂ ਨਾਲ ਪੁਲਿਸ ਕੰਟਰੋਲ ਦੇ ਨੰਬਰ ਸਾਂਝੇ ਕਰਦਿਆਂ ਅਪੀਲ ਕੀਤੀ ਕਿ ਜੇਕਰ ਉਹ ਪੁਲਿਸ ਨੂੰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਸਮੱਸਿਆ ਸਾਂਝੀ ਕਰਨੀ ਚਾਹੁੰਦੇ ਹਨ ਤਾਂ ਕਦੇ ਵੀ ਸੰਪਰਕ ਕਰ ਸਕਦੇ ਹਨ। ਲੁਧਿਆਣਾ ਪੁਲਿਸ 24 ਘੰਟੇ ਉਨ੍ਹਾਂ ਦੀ ਸੇਵਾ ਵਿੱਚ ਹਾਜ਼ਰ ਹੈ। ਸ੍ਰੀ ਅਗਰਵਾਲ ਨੇ ਦੱਸਿਆ ਕਿ ਲੁਧਿਆਣਾ ਪੁਲਿਸ ਦਾ ਹਰੇਕ ਅਧਿਕਾਰੀ ਅਤੇ ਕਰਮਚਾਰੀ ਬਿਨ੍ਹਾ ਕਿਸੇ ਛੁੱਟੀ ਤੋਂ ਰੋਜ਼ਾਨਾ 16 ਘੰਟਿਆਂ ਤੋਂ ਵੱਧ ਦੀ ਡਿਊਟੀ ਕਰ ਰਿਹਾ ਹੈ।
ਸ੍ਰੀ ਅਗਰਵਾਲ ਨੇ ਲੰਗਰ ਆਦਿ ਦੀ ਸੇਵਾ ਕਰ ਰਹੀਆਂ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਲੋੜਵੰਦ ਲੋਕਾਂ ਨੂੰ ਸੁੱਕਾ ਰਾਸ਼ਨ ਦੇਣ ਲਈ ਅੱਗੇ ਆਉਣ। ਤਿਆਰ ਭੋਜਨ ਜਿੱਥੇ ਖ਼ਰਾਬ ਜਲਦੀ ਹੁੰਦਾ ਹੈ, ਉਥੇ ਹੀ ਉਸ ਕੰਮ ਲਈ ਜਿਆਦਾ ਲੋਕਾਂ ਅਤੇ ਮਸ਼ੀਨਰੀ ਦੀ ਵਰਤੋਂ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਰਾਸ਼ਨ ਆਦਿ ਵੰਡਣ ਵਿੱਚ ਸਹਾਇਤਾ ਕਰਨ ਲਈ ਲੁਧਿਆਣਾ ਪੁਲਿਸ ਦਾ ਸਹਿਯੋਗ ਹਮੇਸ਼ਾਂ ਮਿਲਦਾ ਰਹੇਗਾ। ਪਰ ਹਰੇਕ ਕੰਮ ਲਈ ਢੁੱਕਵੀਂ ਪ੍ਰਮਿਸ਼ਨ ਹੋਣੀ ਲਾਜ਼ਮੀ ਹੈ।
ਉਨ੍ਹਾਂ ਕਿਹਾ ਸ਼ਹਿਰ ਵਿੱਚ ਕਰਫਿਊ/ਲੌਕਡਾਊਨ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਲੁਧਿਆਣਾ ਪੁਲਿਸ ਨੂੰ ਇਸ ਵੇਲੇ 2000 ਤੋਂ ਵਧੇਰੇ ਵਲੰਟੀਅਰ ਨਿਰਸਵਾਰਥ ਸੇਵਾ ਪ੍ਰਦਾਨ ਕਰ ਰਹੇ ਹਨ। ਜੇਕਰ ਹੋਰ ਵੀ ਕੋਈ ਵਿਅਕਤੀ ਜਾਂ ਸੰਸਥਾ ਵੱਖ-ਵੱਖ ਖੇਤਰਾਂ ਵਿੱਚ ਸੇਵਾ ਦੇਣੀ ਚਾਹੁੰਦੀ ਹੈ ਤਾਂ ਉਹ ਉਨ੍ਹਾਂ ਨਾਲ ਫੇਸਬੁੱਕ ਰਾਹੀਂ ਪੇਸ਼ਕਸ਼ ਦੇ ਸਕਦੇ ਹਨ।
ਇਸ ਮੁਸ਼ਕਿਲ ਘੜੀ ਵਿੱਚ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾ ਰਹੇ ਡਾਕਟਰ ਅਤੇ ਸਿਹਤ ਭਾਈਚਾਰੇ ਨੂੰ ਸਲੂਟ ਕਰਦਿਆਂ ਸ੍ਰੀ ਅਗਰਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਦੋਂ ਵੀ ਕਿਸੇ ਸਿਹਤ ਵਿਭਾਗ ਦੇ ਡਾਕਟਰ ਅਤੇ ਹੋਰ ਸਟਾਫ਼ ਨੂੰ ਮਿਲਣ ਤਾਂ ਉਨ੍ਹਾਂ ਨੂੰ ਸਲੂਟ ਜ਼ਰੂਰ ਮਾਰਨ।
ਉਨ੍ਹਾਂ ਕਿਹਾ ਕਿ ਇਸ ਭਿਆਨਕ ਬਿਮਾਰੀ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਅਸੀਂ ਪ੍ਰਸਾਸ਼ਨਿਕ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰੀਏ। ਲੁਧਿਆਣਾ ਪੁਲਿਸ ਕਿਸੇ ਵੀ ਵਿਅਕਤੀ ਨੂੰ ਪ੍ਰੇਸ਼ਾਨ ਜਾਂ ਜੇਲ੍ਹ ਅੰਦਰ ਨਹੀਂ ਕਰਨਾ ਚਾਹੁੰਦੀ ਪਰ ਇਸ ਲਈ ਲੋਕਾਂ ਦਾ ਵੀ ਸਹਿਯੋਗ ਜ਼ਰੂਰੀ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਪੰਜਾਬ ਵਾਸੀ ਇਹ ਜੰਗ ਆਪਸੀ ਸਹਿਯੋਗ ਨਾਲ ਜ਼ਰੂਰ ਜਿੱਤ ਲੈਣਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਦੀਪਕ ਪਰੀਕ ਵੀ ਉਨ੍ਹਾਂ ਨਾਲ ਸਨ।