ਪੁਲਿਸ ਪ੍ਰਸ਼ਾਸਨ ਨੇ ਲਾਕਡਾਊਨ ਦੌਰਾਨ ਨਵਾਂਸ਼ਹਿਰ ਵਿਖੇ ਹੋਏ ਵਿਦਿਆਰਥੀ ਸੰਘਰਸ਼ਾਂ ਕਰਕੇ ਜ਼ਿਲ੍ਹੇ ਦੇ ਵਿਦਿਆਰਥੀ ਆਗੂਆਂ ਤੇ ਲਗਾਤਾਰ ਪਰਚੇ ਦਰਜ ਕੀਤੇ
ਪਰਦੀਪ ਕਸਬਾ , ਬਰਨਾਲਾ, 6 ਅਗਸਤ 2021
ਅੱਜ ਪੰਜਾਬ ਸਟੂਡੈਂਟਸ ਯੂਨੀਅਨ ਦੀ ਜ਼ਿਲ੍ਹਾ ਕਮੇਟੀ ਬਠਿੰਡਾ ਵੱਲੋਂ ਜਥੇਬੰਦੀ ਦੇ ਸੂਬਾਈ ਵਿੱਤ ਸਕੱਤਰ ਬਲਜੀਤ ਸਿੰਘ ਧਰਮਕੋਟ ਤੇ ਝੂਠੇ ਪਰਚੇ ਦਰਜ਼ ਕਰਨ ਅਤੇ ਬੀਤੇ ਦਿਨ ਘਰ ਵਿੱਚ ਨਵਾਂਸ਼ਹਿਰ ਪੁਲਿਸ ਵੱਲੋਂ ਕੀਤੀ ਗਈ ਛਾਪੇਮਾਰੀ ਦੀ ਨਿਖੇਧੀ ਕੀਤੀ ਗਈ ਅਤੇ ਸੰਘਰਸ਼ ਦੀ ਚੇਤਾਵਨੀ ਦਿੱਤੀ ਗਈ।
ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਆਗੂ ਰਜਿੰਦਰ ਸਿੰਘ ਅਤੇ ਗਗਨ ਭਗਤਾ ਨੇ ਕਿਹਾ ਕਿ ਨਵਾਂਸ਼ਹਿਰ ਦੇ ਪੁਲਿਸ ਪ੍ਰਸ਼ਾਸਨ ਨੇ ਲਾਕਡਾਊਨ ਦੌਰਾਨ ਨਵਾਂਸ਼ਹਿਰ ਵਿਖੇ ਹੋਏ ਵਿਦਿਆਰਥੀ ਸੰਘਰਸ਼ਾਂ ਕਰਕੇ ਜ਼ਿਲ੍ਹੇ ਦੇ ਵਿਦਿਆਰਥੀ ਆਗੂਆਂ ਤੇ ਲਗਾਤਾਰ ਪਰਚੇ ਦਰਜ ਕੀਤੇ ਸਨ। ਜਿਸ ਕਰਕੇ ਪਹਿਲਾਂ ਪੁਲਿਸ ਵੱਲੋਂ ਫੋਨ ਕਰਕੇ ਥਾਣੇ ਵਿੱਚ ਪੇਸ਼ ਹੋਣ ਲਈ ਧਮਕੀਆਂ ਦਿੱਤੀਆਂ ਗਈਆਂ ਅਤੇ ਫਿਰ ਪੁਲਿਸ ਵੱਲੋਂ ਘਰਾਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ । ਜਿਸ ਤੋਂ ਇਹ ਸਾਬਿਤ ਹੁੰਦਾ ਹੈ ਕੇ ਪੁਲਿਸ ਆਪਣੇ ਜ਼ਬਰ ਰਾਹੀਂ ਵਿਦਿਆਰਥੀ ਆਗੂਆਂ ਨੂੰ ਗ੍ਰਿਫਤਾਰ ਕਰਕੇ ਵਿਦਿਆਰਥੀ ਸੰਘਰਸ਼ਾਂ ਨੂੰ ਦਬਾਉਣਾ ਚਾਹੁੰਦੀ ਹੈ ਜੋ ਕਿ ਅਸੰਭਵ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਟੂਡੈਂਟਸ ਯੂਨੀਅਨ ਨੇ ਪਹਿਲਾਂ ਵੀ ਪੁਲਿਸ ਦੇ ਜ਼ਬਰ ਦਾ ਟਾਕਰਾ ਕਰਦੇ ਹੋਏ ਸੰਘਰਸ਼ਾਂ ਵਿੱਚ ਹਮੇਸ਼ਾਂ ਮੋਹਰੀ ਰੋਲ ਅਦਾ ਕੀਤਾ ਹੈ। ਆਗੂਆਂ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਨਵਾਂਸ਼ਹਿਰ ਪੁਲਿਸ ਨੇ ਪੰਜਾਬ ਸਟੂਡੈਂਟਸ ਯੂਨੀਅਨ ਨਵਾਂਸ਼ਹਿਰ ਦੇ ਕਿਸੇ ਵੀ ਆਗੂ ਨੂੰ ਗ੍ਰਿਫ਼ਤਾਰ ਕੀਤਾ ਜਾਂ ਝੂਠੇ ਪਰਚੇ ਦਰਜ ਕਰਕੇ ਘਰਾਂ ਵਿੱਚ ਛਾਪੇਮਾਰੀ ਬੰਦ ਨਾ ਕੀਤੀ ਤਾਂ ਪੁਲਿਸ ਖਿਲਾਫ਼ ਜਥੇਬੰਦੀ ਤਿੱਖਾ ਸੰਘਰਸ਼ ਵਿੱਢੇਗੀ।