ਰੋਸ-ਬਿਲਡਰਾਂ ਦੀਆਂ ਮਨਮਾਨੀਆਂ ਤੋਂ ਪ੍ਰੇਸ਼ਾਨ ਲੋਕਾਂ ਦੀ ਕਿਧਰੇ ਵੀ ਨਹੀਂ ਹੋ ਰਹੀ ਸੁਣਵਾਈ
ਰਜਿਸਟਰੀਆਂ ਬੈਨ ਕਰਨ ਦੇ ਹੁਕਮਾਂ ਤੋਂ ਬਾਅਦ ਮਚ ਰਹੀ ਹੈ ਲੋਕਾਂ ਵਿੱਚ ਅਫ਼ਰਾ-ਤਫ਼ਰੀ
ਰਾਜੇਸ਼ ਗਰਗ , ਜ਼ੀਰਕਪੁਰ, 4ਅਗਸਤ 2021
ਪੰਜਾਬ ਸਰਕਾਰ ਵੱਲੋਂ ਜ਼ੀਰਕਪੁਰ ਦੀ 23 ਕਲੋਨੀਆਂ ਵਿੱਚ ਰਜਿਸਟਰੀਆਂ ਬੈਨ ਕਿੱਤੇ ਜਾਣ ਤੋਂ ਬਾਅਦ ਇਥੇ ਚਾਰੋਂ ਤਰਫ ਹਫੜਾ-ਦਫੜੀ ਦਾ ਮਾਹੌਲ ਹੈ। ਬਿਲਡਰਾਂ ਦੀ ਮਨਮਾਨੀ ਦੇ ਖਿਲਾਫ ਲੋਕ ਲਾਮਬੰਦ ਹੋਣ ਲੱਗੇ ਹਨ। ਜੈਕ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਚੌਧਰੀ ਨੇ ਅੱਜ ਇੱਥੇ ਲੋਕਾਂ ਦੇ ਨਾਲ ਗੱਲਬਾਤ ਤੋਂ ਬਾਅਦ ਦੱਸਿਆ ਕਿ ਇੱਥੇ ਪੀਰਮੁਛੱਲਾ ਸਥਿਤ ਆਸਥਾ ਸਿਟੀ ਦੇ ਨੇੜੇ ਇਕ ਬਿਲਡਰ ਵੱਲੋਂ ਨਜਾਇਜ਼ ਕਲੋਨੀ ਬਣਾਈ ਜਾ ਰਹੀ ਹੈ।
ਉਹਨਾਂ ਦੱਸਿਆ ਕਿ ਇੱਥੇ ਮੈਪਲ ਰੈਜ਼ੀਡੈਂਸ ਵੱਲੋਂ ਕੀਤੀ ਜਾ ਰਹੀ ਉਸਾਰੀ ਦੇ ਕਾਰਨ ਆਸਥਾ ਸਿਟੀ ਦੇ ਲੋਕਾਂ ਨੂੰ ਭਾਰੀ ਦਿੱਕਤਾਂ ਆ ਰਹੀਆਂ ਹਨ।ਉਹਨਾਂ ਨੇ ਦੱਸਿਆ ਕਿ ਮੈਪਲ ਨੇ ਜੋ ਨਕਸ਼ਾ ਪਾਸ ਕਰਵਾਇਆ ਹੈ ਉਸ ਵਿੱਚ ਦੋਵੇਂ ਸੁਸਾਇਟੀਆਂ ਦੇ ਵਿਚ ਸੱਤ ਤੋਂ ਅੱਠ ਫੁੱਟ ਦਾ ਰਸਤਾ ਛੱਡਿਆ ਗਿਆ ਹੈ ਲੇਕਿਨ ਇਸ ਨਕਸ਼ੇ ਦਾ ਉਲੰਘਣ ਕਰਕੇ ਕੋਈ ਰਸਤਾ ਨਹੀਂ ਛੱਡਿਆ ਗਿਆ ਹੈ।
ਇਸ ਨਾਜਾਇਜ਼ ਉਸਾਰੀ ਨੂੰ ਲੈਕੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਕਈ ਵਾਰ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਲੇਕਿਨ ਕੋਈ ਕਾਰਵਾਈ ਨਹੀਂ ਹੋ ਰਹੀ ਹੈ।
ਸੁਖਦੇਵ ਚੌਧਰੀ ਨੇ ਰਜਿਸਟਰੀ ਬੈਨ ਕਰਨ ਦੇ ਫੈਸਲੇ ਨੂੰ ਸਪਸ਼ਟ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਜੈਕ ਪ੍ਰਤੀਨਿਧੀਆਂ ਵੱਲੋਂ ਏਡੀਸੀ ਨੂੰ ਇੱਥੇ ਦੀ ਨਜਾਇਜ਼ ਕਲੋਨੀਆਂ ਦੀ ਸੂਚੀ ਸੌਂਪੀ ਗਈ ਸੀ। ਜਿਸ ਵਿੱਚ ਮੈਪਲ ਦਾ ਨਾਮ ਵੀ ਸੀ। ਇਸਦੇ ਬਾਵਜੂਦ ਏਡੀਸੀ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਅੱਜ ਇਸ ਇਸ ਮੁੱਦੇ ਨੂੰ ਲੈਕੇ ਹੋਈ ਮੀਟਿੰਗ ਵਿਚ ਸੰਜੀਵ ਡੋਗਰਾ, ਜਸਵਿੰਦਰ, ਮੋਹਿਤ, ਰਾਮ , ਰੋਹਿਤ,ਕਮਲ, ਯੋਗੇਸ਼, ਸ਼ਰਮਾ ,ਅਮਰ ਸਿੰਘ, ਮਿਨਾਕਸ਼ੀ ,ਊਸ਼ਾ ਅਤੇ ਡਿੰਪਲ ਨੇ ਦੱਸਿਆ ਕਿ ਨਾਜਾਇਜ਼ ਉਸਾਰੀਆਂ ਦੀ ਸਮੱਸਿਆ ਨੂੰ ਲੈਕੇ ਉਹਨਾਂ ਨੇ ਕਈ ਵਾਰ ਸ਼ਿਕਾਇਤ ਕੀਤੀ ਪਰ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਹੈ। ਇਸ ਦੌਰਾਨ ਜੈਕ ਪ੍ਰਧਾਨ ਸੁਖਦੇਵ ਚੌਧਰੀ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਜਿਹੜੀਆਂ ਨਾਜਾਇਜ਼ ਕਲੋਨੀਆਂ ਦੀ ਸੂਚੀ ਏਡੀਸੀ ਨੂੰ ਦਿੱਤੀ ਗਈ ਸੀ, ਉਸ ਉੱਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਦੂਜੀ ਤਰਫ ਜਿਹੜੀ ਕਲੋਨੀਆਂ ਦੇ ਬਿਲਡਰ ਆਪਣੇ ਪ੍ਰਾਜੈਕਟ ਪੂਰੇ ਕਰਕੇ ਏਥੋਂ ਜਾ ਚੁੱਕੇ ਹਨ ਅਤੇ ਲੋਕ ਰਹਿ ਰਹੇ ਹਨ ਉਨ੍ਹਾਂ ਦੇ ਖਿਲਾਫ ਕਾਰਵਾਈ ਕਰਨ ਦਾ ਫਰਮਾਨ ਜਾਰੀ ਕਰ ਦਿੱਤਾ ਗਿਆ ਹੈ। ਸੁਖਦੇਵ ਚੌਧਰੀ ਨੇ ਕਿਹਾ ਕਿ ਉਹਨਾਂ ਦੇ ਕੋਲ਼ ਚੰਡੀਗੜ੍ਹ ਸਿਟੀ ਸੈਂਟਰ, ਜੀਬੀਪੀ ਸਮੇਤ ਕਈ ਬਿਲਡਰਾਂ ਦੇ ਖਿਲਾਫ ਸ਼ਿਕਾਇਤ ਆਈ ਹੈ ਜਿਸ ਬਾਰੇ ਵਿੱਚ ਕਾਨੂੰਨੀ ਮਾਹਿਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ।