ਖੇਤੀ ਕਾਨੂੰਨ ਰੱਦ ਕਰਨ ਤੇ ਐਮ.ਐਸ.ਪੀ ਸਬੰਧੀ ਫੌਰੀ ਗੱਲਬਾਤ ਲਈ ਕੇਂਦਰ ਨੂੰ ਜ਼ੋਰਦਾਰ ਚਿਤਾਵਨੀ।
ਪਰਦੀਪ ਕਸਬਾ, ਜਗਰਾਉਂ, 3 ਅਗਸਤ 2021
ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ, ਕਾਮਾਗਾਟਾਮਾਰੂ ਯਾਦਗਾਰੀ ਕਮੇਟੀ, ਪੇਂਡੂ ਮਜ਼ਦੂਰ ਯੂਨੀਅਨ ਅਤੇ ਭਰਾਤਰੀ ਜਥੇਬੰਦੀਆਂ ਇਲਾਕੇ ਦੇ ਕਿਸਾਨਾਂ ਮਜਦੂਰਾਂ ਦੇ ਸਹਿਯੋਗ ਨਾਲ ਚੱਲ ਰਿਹਾ ਲਗਾਤਾਰ ਧਰਨਾ ਭਾਰੀ ਬਾਰਸ਼ ਦੇ ਬਾਵਜੂਦ ਵੀ ਜਾਰੀ ਰਿਹਾ।
ਅੱਜ ਹੋਈ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਾਮਾਗਾਟਾਮਾਰੂ ਯਾਦਗਾਰੀ ਕਮੇਟੀ ਦੇ ਜਸਦੇਵ ਸਿੰਘ ਲੱਲਤੋਂ, ਪੇਂਡੂ ਮਜ਼ਦੂਰ ਯੂਨੀਅਨ ਦੇ ਅਵਤਾਰ ਸਿੰਘ ਰਸੂਲਪੁਰ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਮਾ ਆਤਮਾ ਸਿੰਘ ਬੋਪਾਰਾਏ, ਪ੍ਰਧਾਨ ਸਤਿਨਾਮ ਸੂਬੇਦਾਰ ਦੇਵਿੰਦਰ ਸਿੰਘ ਸਵੱਦੀ, ਜੱਥੇਦਾਰ ਅਮਰ ਸਿੰਘ ਆਦਿ ਨੇ ਖੇਤੀ ਕਾਨੂੰਨਾਂ ਸਬੰਧੀ ਕਿਸਾਨ ਸੰਸਦ ਸਮੇਤ ਸਮੁੱਚੀ ਕਿਸਾਨ ਤੇ ਲੋਕ ਲਹਿਰ ਦੇ ਵੱਖ-ਵੱਖ ਪਹਿਲੂਆਂ ਬਾਰੇ ਹਰਿਆਣਾ ਤੇ ਪੰਜਾਬ ‘ਚ ਭਾਜਪਾ ਤੇ ਆਰ ਆਰ ਐਸ ਦੇ ਸਿਆਸੀ ਪ੍ਰੋਗਰਾਮਾਂ ਨੂੰ ਅਸਫ਼ਲ ਬਣਾਉਣ ਦੀਆਂ ਤਾਜਾ ਮਿਸਾਲਾਂ ਬਾਰੇ, ਪੇਂਡੂ ਤੇ ਖੇਤ ਮਜ਼ਦੂਰ ਜੱਥੇਬੰਦੀਆਂ ਦੇ 9 ਤੋਂ 11ਅਗੱਸਤ ਤੱਕ ਪਟਿਆਲਾ ਵਿਖੇ ਧਰਨੇ ਬਾਰੇ, ਪੈਗਿਸਿਸ ਜਾਸੂਸੀ ਦੇ ਦੇਸ਼ ਵਿਰੋਧੀ ਤੇ ਲੋਕ ਵਿਰੋਧੀ ਕਾਂਡ ਦੀ ਫੌਰੀ ਤੌਰ ਤੇ ਸੁਪਰੀਮ ਕੋਰਟ ਪੱਧਰੀ ਜਾਂਚ ਪੜਤਾਲ ਕਰਨ ਅਤੇ ਸਬੰਧਤ ਸਿਆਸੀ ਨੇਤਾਵਾਂ ਤੇ ਨਿੱਘਰੇ ਅਫ਼ਸਰਸ਼ਾਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਯਕੀਨੀ ਬਣਾਉਣ ਬਾਰੇ, ਗੰਭੀਰ ਡੂੰਘੀਆਂ ਤੇ ਅਰਥ ਭਰਪੂਰ ਵਿਚਾਰਾਂ ਪੇਸ਼ ਕੀਤੀਆਂ।
ਆਗੂਆਂ ਨੇ ਇੱਕ ਮੱਤ ਹੋ ਕੇ ਇੱਕ ਵਾਰ ਫੇਰ ਕੇਂਦਰ ਦੀ ਮੋਦੀ ਹਕੂਮਤ ਨੂੰ ਸੰਯੁਕਤ ਕਿਸਾਨ ਮੋਰਚਾ ਨਾਲ ਫੌਰੀ ਤੌਰ ਤੇ ਤਿੰਨ ਕਾਲੇ ਕਾਨੂੰਨ ਰੱਦ ਕਰਨ ਤੇ ਐਮ.ਐਸ.ਪੀ ਦੇ ਅਧਾਰ ਤੇ ਖ਼ਰੀਦ ਦੀ ਕਾਨੂੰਨੀ ਗਾਰੰਟੀ ਯਕੀਨੀ ਬਣਾਉਣ ਲਈ, ਆਪਸੀ ਗੱਲਬਾਤ ਦਾ ਵਰਤਾਰਾ ਚਾਲੂ ਕਰਨ ਲਈ ਜ਼ੋਰਦਾਰ ਚਿਤਾਵਨੀ ਦਿੱਤੀ।
ਇਸ ਮੌਕੇ ਉੱਘੇ ਗਾਇਕ ਭਰਪੂਰ ਸਿੰਘ ਗੁੱਜਰਵਾਲ ਨੇ ਲੋਕ ਪੱਖੀ ਗੀਤ ਪੇਸ਼ ਕਰਕੇ ਸੰਘਰਸ਼ੀਲ ਰੰਗ ਬੰਨ੍ਹਿਆ।
ਅੱਜ ਦੇ ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਗੁਰਚਰਨ ਸਿੰਘ ਇਟਲੀ, ਕਰਮ ਸਿੰਘ ਪੱਪੂ ਮਾਨ, ਮੇਜਰ ਸਿੰਘ ਹਾਂਸਹਰੀ ਸਿੰਘ ਚਚਰਾੜੀ ,ਬਲਵਿੰਦਰ ਸਿੰਘ ਹਾਂਸ, ਰਘਬੀਰ ਸਿੰਘ ਮੋਰਕਰੀਮਾਂ, ਨਿਰਮਲ ਸਿੰਘ ਹਾਂਸ, ਕਰਨੈਲ ਸਿੰਘ ਗੁੜੇ ਜਗਤਾਰ ਸਿੰਘ ਤਲਵੰਡੀ, ਹਰਭਜਨ ਸਿੰਘ ਸਵੱਦੀ, ਸੁਖਵਿੰਦਰ ਸਿੰਘ ਸਵੱਦੀ ਅਤੇ ਬਲਰਾਜ ਸਿੰਘ ਸਿੱਧਵਾਂ ਆਦਿ ਉਚੇਚੇ ਤੌਰ ਤੇ ਹਾਜ਼ਰ ਸਨ।