ਥੋੜ੍ਹਾ ਸਮਾਂ ਪਏ ਮੀਂਹ ਨੇ ਮੁਸ਼ਕਲਾਂ ਵਧਾ ਦਿੱਤੀਆਂ ਹਨ ਪਰ ਉਨ੍ਹਾਂ ਦੀ ਬਾਂਹ ਫੜ੍ਹਨ ਵਾਲਾ ਕੋਈ ਨਹੀਂ ਹੈ
ਅਸ਼ੋਕ ਵਰਮਾ , ਬਠਿੰਡਾ, 3 ਅਗਸਤ 2021
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਬਠਿੰਡਾ ਸ਼ਹਿਰੀ ਹਲਕੇ ’ਚ ਕਰਵਾਏ ਵਿਕਾਸ ਦੇ ਦਾਅਵੇ ਧੋਕੇ ਰੱਖ ਦਿੱਤੇ ਹਨ। ਥੋੜ੍ਹਾ ਸਮਾਂ ਪਏ ਮੀਂਹ ਨੇ ਮੁਸ਼ਕਲਾਂ ਵਧਾ ਦਿੱਤੀਆਂ ਹਨ ਪਰ ਉਨ੍ਹਾਂ ਦੀ ਬਾਂਹ ਫੜ੍ਹਨ ਵਾਲਾ ਕੋਈ ਨਹੀਂ ਹੈ।ਪਿਛਲੀਆਂ ਚੋਣਾਂ ਦੌਰਾਨ ਬਠਿੰਡਾ ਲਈ ਚੰਦ ਤਾਰੇ ਤੋੜ ਕੇ ਲਿਆਉਣ ਦੇ ਦਾਅਵੇ ਕਰਨ ਵਾਲਿਆਂ ਚੋਂ ਹੁਣ ਕੋਈ ਦਿਖਾਈ ਨਹੀਂ ਦੇ ਰਿਹਾ ਹੈ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਦੀ ਸਰਕਾਰ ਨੂੰ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਅੰਦਾਜ਼ ’ਚ ਜੰਮ ਕੇ ਭੰਡਿਆ ਸੀ। ਉਸ ਤੋਂ ਬਾਅਦ ਸਿੱਧੂ ਤਾਂ ਕਦੇ ਬਠਿੰਡਾ ’ਚ ਨਜ਼ਰ ਨਹੀਂ ਪਏ ਅਲਬੱਤਾ ਉਨ੍ਹਾਂ ਦੇ ਦਾਅਵਿਆਂ ਨੂੰ ‘ਛੱਜ ਵਿੱਚ ਛੱਟਣ ’ ਬਾਰਸ਼ ਆ ਜਾਂਦੀ ਹੈ ਜੋ ਲੋਕਾਂ ਨੂੰ ਖੂਨ ਦੇ ਹੰਝੂ ਰੁਆਉਂਦੀ ਹੈ।
ਅੱਜ ਵੀ ਸ਼ਹਿਰ ਦੇ ਦਰਜਨਾਂ ਇਲਾਕਿਆਂ ਵਿੱਚ ਪਾਣੀ ਛੱਪੜ ਦਾ ਨਜਾਰਾ ਪੇਸ਼ ਕਰ ਰਿਹਾ ਸੀ ਜਿਸ ਨੂੰ ਲੰਮਾਂ ਸਮਾਂ ਬੀਤ ਜਾਣ ਤੇ ਤੱਕ ਵੀ ਕੱਢਿਆ ਨਹੀਂ ਜਾ ਸਕਿਆ ਹੈ । ਅੱਜ ਸ਼ਾਮ ਤੱਕ ਸ਼ਹਿਰ ਦੀ ਪਾਵਰ ਹਾਊਸ ਰੋਡ, ਬਠਿੰਡਾ ਦੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਆਲਾ ਦੁਆਲਾ ਸਮੁੰਦਰ ਬਣਿਆ ਹੋਇਆ ਸੀ। ਅੱਜ ਮਹਿਲਾ ਥਾਣੇ ’ਚ ਜਾਣ ਵਾਲੇ ਮੁਲਾਜਮਾਂ ਨੂੰ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਕਿ ਸ਼ਹਿਰ ਦੇ ਕਈ ਨੀਵੇਂ ਇਲਾਕੇ ਅਜਿਹੇ ਹਨ ਜਿੱਥੇ ਪਾਣੀ ਭਰ ਗਿਆ। ਬਾਰਸ਼ ਨੇ ਸ਼ਹਿਰ ਨੂੰ ਜਲਥਲ ਕਰ ਦਿੱਤਾ ਤੇ ਜਨ ਜੀਵਨ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਿਆ ਹੈ ।ਸ਼ਹਿਰ ਦੇ ਸਿਰਕੀ ਬਜਾਰ ਵਿੱਚ ਤਾਂ ਬਾਰਸ਼ ਪੈਣ ਤੋਂ ਤਿੰਨ ਘੰਟੇ ਬਾਅਦ ਵੀ ਤਿੰਨ ਤਿੰਨ ਫੁੱਟ ਪਾਣੀ ਖਲੋਤਾ ਹੋਇਆ ਸੀ ਜੋ ਰਾਹਗੀਰਾਂ ਨੂੰ ਸੂਲੀ ਤੇ ਟੰਘਗ ਰਿਹਾ ਸੀ।
ਇੰਨ੍ਹਾਂ ਲੋਕਾਂ ਨੇ ਆਖਿਆ ਕਿ ਪਹਿਲਾਂ ਅਕਾਲੀ ਸਰਕਾਰ ਦਸ ਸਾਲ ਇਸ ਥਾਂ ਤੋਂ ਪਾਣੀ ਮਿੰਟੋ ਮਿੰਟੀ ਕੱਢਣ ਦੇ ਦਮਗਜੇ ਮਾਰਦੀ ਰਹੀ ਤੇ ਹੁਣ ਕਾਂਗਰਸ ਸਰਕਾਰ ਨੇ ਵੀ ਇੰਨ੍ਹਾਂ ਦਮਗਜ਼ਿਆਂ ਨਾਲ ਆਪਣਾ ਕਾਰਜਕਾਲ ਮੁਕੰਮਲ ਕਰ ਲਿਆ ਹੈ। ਸਿਰਕੀ ਬਜ਼ਾਰ ਦੇ ਦੁਕਾਨਦਾਰਾਂ ਦੁਕਾਨਦਾਰਾਂ ਨੇ ਆਖਿਆ ਕਿ ਹੁਣ ਤਾਂ ਉਨ੍ਹਾਂ ਨੂੰ ਸਿਆਸੀ ਲੀਡਰਾਂ ਦੇ ਭਰੋਸਿਆਂ ਤੇ ਵੀ ਭਰੋਸਾ ਨਹੀਂ ਰਹਿ ਗਿਆ ਅਤੇ ਉਨ੍ਹਾਂ ਨੇ ਭਾਣਾ ਮੰਨ ਲਿਆ ਹੈ। ਉਨ੍ਹਾਂ ਦੱਸਿਆ ਕਿ ਬਾਰਸ਼ ਪਿਛਲੇ ਦੋ ਦਹਾਕਿਆਂ ਦੌਰਾਨ ਇਕੱਲੇ ਸਿਰਕੀ ਬਜ਼ਾਰ ਦੇ ਕਾਰੋਬਾਰੀਆਂ ਦਾ ਕਰੋੜਾਂ ਦਾ ਨੁਕਸਾਨ ਕਰ ਚੁੱਕੀ ਹੈ। ਸਰਕਾਰ ਦੇ ਵਿਕਾਸ ਦੀ ਪੋਲ ਹੁਣ ਸ਼ਹਿਰ ਨੇ ਖੋਲ੍ਹ ਦਿੱਤੀ ਹੈ ਜਦੋਂ ਕਿ ਖੇਤਾਂ ਨੂੰ ਮੀਂਹ ਨੇ ਧਰਵਾਸ ਦਿੱਤਾ ਹੈ। ਕਿਸਾਨ ਖੁਸ਼ ਹਨ ਕਿਉਂਕਿ ਪਾਣੀ ਬਿਨਾਂ ਖੇਤ ਪਿਆਸੇ ਸਨ ਅਤੇ ਮਹਿੰਗਾ ਡੀਜ਼ਲ ਫੂਕਣਾ ਪੈ ਰਿਹਾ ਸੀ।
ਇਸੇ ਤਰਾਂ ਅਮਰੀਕ ਸਿੰਘ ਰੋਡ , ਮਾਲ ਰੋਡ ਤੇ ਲਾਈਨੋਪਾਰ ਇਲਾਕੇ ‘ਚ ਵੀ ਕਈ ਥਾਵਾਂ ਤੇ ਪਾਣੀ ਖਲੋਣ ਦੀਆਂ ਰਿਪੋਰਟਾਂ ਹਨ। ਮੀਂਹ ਦੇ ਪਾਣੀ ਕਾਰਨ ਬਜ਼ਾਰਾਂ ’ਚ ਰੌਣਕ ਵੀ ਘੱਟ ਰਹੀ । ਸ਼ਹਿਰ ਦੀਆਂ ਦਰਜਨਾਂ ਥਾਵਾਂ ਤੇ ਲੋਕਾਂ ਦੀਆਂ ਐਕਟਿਵਾ ਅਤੇ ਮੋਟਰਸਾਈਕਲ ਆਦਿ ਪਾਣੀ ‘ਚ ਘਿਰ ਗਏ ਜਦੋਂ ਕਿ ਕਾਰਾਂ ਵੀ ਪਾਣੀ ਪੈਣ ਨਾਲ ਬੰਦ ਹੋਈਆਂ। ਲੋਕ ਕਿ ਆਖਦੇ ਹਨ। ਲੀਡਰਾਂ ਵੱਲੋਂ ਜਲਦੀ ਹੀ ਮਸਲਾ ਹੱਲ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਇਸ ਦੀ ਸੰਭਾਵਨਾ ਦਿਖਾਈ ਨਹੀਂ ਦੇ ਰਹੀ ਹੈ । ਉਨ੍ਹਾਂ ਦੱਸਿਆ ਕਿ ਇੰਦਰ ਦੇਵਤਾ ਦੇ ਅੱਧੇ ਕੁ ਘੰਟੇ ਬਰਸਣ ਨੇ ਪ੍ਰਸ਼ਾਸ਼ਨ ਵੱਲੋਂ ਕੀਤੇ ਹੜ੍ਹ ਰੋਕੂ ਇੰਤਜਾਮਾਂ ਦੀ ਪੋਲ ਖੋਲ ਦਿੱਤੀ ਹੈ। ਖਾਸ ਤੌਰ ਤੇ ਨਗਰ ਨਿਗਮ ਬਠਿੰਡਾ ਦੇ ਕੀਤੇ ਪ੍ਰਬੰਧ ਵੀ ਧਰੇ-ਧਰਾਏ ਰਹਿ ਗਏ ਹਨ।
ਬਿਨਾਂ ਯੋਜਨਾਬੰਦੀ ਪ੍ਰਜੈਕਟਾਂ ਦਾ ਪੁਆੜਾ –ਗਿੱਲ
ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਨਗਰ ਨਿਗਮ ਬਠਿੰਡਾ ਦੇ ਕੌਂਸਲਰ ਜਗਰੂਪ ਸਿੰਘ ਗਿੱਲ ਦਾ ਕਹਿਣਾ ਸੀ ਕਿ ਨਗਰ ਨਿਗਮ ਬਠਿੰਡਾ ਵੱਲੋਂ ਬਿਨਾਂ ਕਿਸੇ ਠੋਸ ਯੋਜਨਾਬੰਦੀ ਦੇ ਉਸਾਰੇ ਜਾ ਰਹੇ ਪ੍ਰਜੈਕਟ ਸ਼ਹਿਰ ਵਾਸੀਆਂ ਲਈ ਤਕਲੀਫਦੇਹ ਹੀ ਸਾਬਤ ਹੋਏ ਹਨ। ਉਨ੍ਹਾਂ ਆਖਿਆ ਕਿ ਉਨ੍ਹਾਂ ਨਗਰ ਨਿਗਮ ਵੱਲੋਂ ਸੌ ਫੀਸਦੀ ਸੀਵਰੇਜ਼ ਪਾਣੀ ਪ੍ਰਜੈਕਟ ਤ੍ਰਿਵੈਣੀ ਨੂੰ ਸੌਂਪਣ ਦਾ ਵਿਰੋਧ ਕਰਦਿਆਂ ਇਸ ਸਬੰਧ ’ਚ ਚਿਤਾਵਨੀ ਦਿੱਤੀ ਸੀ ਪਰ ਉਨ੍ਹਾਂ ਦੀ ਗੱਲ ਗੌਲੀ ਨਹੀਂ ਗਈ। ਉਨ੍ਹਾਂ ਦੋਸ਼ ਲਾਇਆ ਕਿ ਵਿੱਤ ਮੰਤਰੀ ਨੇ ਵੀ ਸ਼ਹਿਰ ਵਾਸੀਆਂ ਨੂੰ ਬਾਰਸ਼ਾਂ ਦੇ ਪਾਣੀ ਤੋਂ ਰਾਹਤ ਦਿਵਾਉਣ ਦਾ ਵਾਅਦਾ ਕੀਤਾ ਸੀ ਪਰ ਉਹ ਬਠਿੰਡਾ ਦੇ ਮਸਲੇ ਹੱਲ ਕਰਨ ‘ਚ ਫੇਲ੍ਹ ਰਹੇ ਹਨ।
ਖਜਾਨਾ ਮੰਤਰੀ ਦੁੱਖਾਂ ਤੋਂ ਬੇਪਰਵਾਹ : ਸਿੰਗਲਾ
ਬਠਿੰਡਾ ਵਿੱਚ ਬਾਰਸ਼ ਕਾਰਨ ਹੜ੍ਹਾਂ ਵਰਗੀ ਸਥਿਤੀ ਦਿਖਾਈ ਦੇ ਰਹੀ ਸੀ। ਸ਼ਹਿਰ ’ਚ ਪਾਣੀ ਦਾ ਨਿਕਾਸ ਪਾਣੀ ਦੇ ਸਮੁੰਦਰ ਅੱਗੇ ਬੌਣਾ ਰਿਹਾ। ਕਈ ਨੀਵੇਂ ਇਲਾਕੇ ਨਾਂ ਇਹੋ ਜਿਹੇ ਵੀ ਹਨ ਜਿੱਥੇ ਉੱਚੀਆਂ ਥਾਵਾਂ ਦੇ ਪਾਣੀ ਨੇ ਮਾਰ ਪਾਈ ਹੈ। ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦਾ ਪ੍ਰਤੀਕਰਮ ਸੀ ਕਿ ਖ਼ਜ਼ਾਨਾ ਮੰਤਰੀ ਨੂੰ ਬਠਿੰਡਾ ਦੇ ਲੋਕਾਂ ਦੇ ਦੁੱਖ ਤਕਲੀਫ਼ਾਂ ਨਾਲ ਕੋਈ ਸਰੋਕਾਰ ਨਹੀਂ ਹੈ। ਉਨ੍ਹਾਂ ਆਖਿਆ ਕਿ ਪਾਣੀ ਨੇ ਲੋਕਾਂ ਨੂੰ ਘਰਾਂ ਵਿਚ ਕੈਦ ਕਰ ਦਿੱਤਾ ਹੈ ਅਤੇ ਧਿਆਨ ਨਾਂ ਦੇ ਕੇ ਸਰਕਾਰ ਲੋਕਾਂ ਨੂੰ ਸੂਲੀ ’ਤੇ ਟੰਗ ਰਹੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵਿੱਤ ਮੰਤਰੀ ਦਾ ਜਨਤਕ ਵਿਰੋਧ ਕਰਨ ਦਾ ਸੱਦਾ ਦਿੱਤਾ