ਸਪ੍ਰਸ ਧਨੇਰ ਨੇ ਲਾਇਆ ਪੁਸਤਕ ਮੇਲਾ, ਕਿਤਾਬਾਂ ਬੱਚਿਆਂ ਦੀ ਸਖਸ਼ੀਅਤ ਦਾ ਵਿਕਾਸ ਕਰਦੀਆਂ ਹਨ – ਅਧਿਆਪਕ
ਗੁਰਸੇਵਕ ਸਿੰਘ ਸਹੋਤਾ, ਮਹਿਲ ਕਲਾਂਂ 23 ਜੁਲਾਈ 2021
ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕੋਵਿਡ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਸਪ੍ਰਸ ਧਨੇਰ ਵਿੱਚ ਪੁਸਤਕ ਮੇਲੇ ਦਾ ਆਯੋਜਨ ਕੀਤਾ ਗਿਆ, ਜਿਸ ਤਹਿਤ ਬੱਚਿਆਂ ਦਾ ਕਿਤਾਬਾਂ ਪ੍ਰਤੀ ਪਿਆਰ ਤੇ ਪੜ੍ਹਨ ਦੀ ਚੇਟਕ ਲਾਉਣ ਲਈ ਲਾਇਬਰੇਰੀ ਦੀਆਂ ਸਾਰੀਆਂ ਕਿਤਾਬਾਂ ਦੀ ਪ੍ਰਦਰਸ਼ਨੀ ਲਾਈ ਗਈ ਤੇ ਸਕੂਲ ਨੂੰ ਸਜਾ ਕੇ ਮੇਲੇ ਦੀ ਤਰ੍ਹਾਂ ਮਾਹੌਲ ਦੀ ਸਿਰਜਣਾ ਕੀਤੀ ਗਈ।
ਇਸ ਸਬੰਧੀ ਸਕੂਲ ਅਧਿਆਪਕ ਪਲਵਿੰਦਰ ਸਿੰਘ ਠੀਕਰੀਵਾਲਾ ਨੇ ਦੱਸਿਆ ਕਿ ਪ੍ਰੀ ਪ੍ਰਾਇਮਰੀ ਤੇ ਪ੍ਰਾਇਮਰੀ ਦੇ ਬੱਚਿਆਂ ਦੀਆਂ ਲਾਇਬਰੇਰੀ ਦੀਆਂ ਕਿਤਾਬਾਂ ਦੀ ਵਿਭਾਗੀ ਹੁਕਮਾਂ ਅਨੁਸਾਰ ਪ੍ਰਦਰਸ਼ਨੀ ਲਾਈ ਗਈ ਤੇ ਬੱਚਿਆਂ ਨੂੰ ਕਿਤਾਬਾਂ ਪ੍ਰਤੀ ਖਿੱਚ ਵਧਾਉਣ ਲਈ ਇਸ ਨੂੰ ਪੁਸਤਕ ਮੇਲੇ ਦਾ ਨਾਮ ਦਿੱਤਾ ਗਿਆ, ਜਿਸ ਤਹਿਤ ਬੱਚਿਆਂ ਲਈ ਬਕਾਇਦਾ ਸਕੂਲ ਨੂੰ ਗੁਬਾਰਿਆਂ ਆਦਿ ਨਾਲ ਸਜਾਇਆ ਗਿਆ, ਇਸ ਮੌਕੇ ਬੱਚਿਆਂ ਤੋਂ ਇਲਾਵਾ ਮਾਪੇ,ਪਿੰਡ ਵਾਸੀ,ਪੰਚਾਇਤ ਮੈਂਬਰ ਤੇ ਆਂਗਣਵਾੜੀ ਵਰਕਰ ਤੇ ਹੈਲਪਰ ਆਦਿ ਨੇ ਪੁਸਤਕ ਮੇਲੇ ਚ’ ਸ਼ਿਰਕਤ ਕਰਕੇ ਰੌਣਕਾਂ ਨੂੰ ਵਧਾਇਆ ਤੇ ਆਪਣੀਆਂ ਮਨਪਸੰਦ ਕਿਤਾਬਾਂ ਦੀ ਚੋਣ ਕਰਕੇ ਜਾਰੀ ਕਰਵਾਈਆਂ, ਬਹੁਤ ਨੇ ਬੈਠ ਕੇ ਕਿਤਾਬਾਂ ਪੜ੍ਹ ਕੇ ਵੀ ਆਨੰਦ ਮਾਣਿਆਂ।
ਇਸ ਮੌਕੇ ਲਾਇਬਰੇਰੀ ਇੰਚਾਰਜ ਅਧਿਆਪਕ ਜਗਰੂਪ ਸਿੰਘ ਨੇ ਕਿਹਾ ਕਿ ਕਿਤਾਬਾਂ ਸਾਡੀਆਂ ਸੱਚੀਆਂ ਮਿੱਤਰ ਹਨ,ਜਿਨ੍ਹਾਂ ਤੋਂ ਪ੍ਰਾਪਤ ਗਿਆਨ ਸਾਡਾ ਹਰ ਸਮੇਂ ਮਾਰਗ ਦਰਸ਼ਨ ਕਰਦਾ ਹੈ,ਅੱਜ ਦੇ ਮੋਬਾਇਲ ਦੇ ਯੁੱਗ ਦੇ ਸਮੇਂ ਚ’ ਹਰ ਮਨੁੱਖ ਕਿਤਾਬਾਂ ਤੋਂ ਦੂਰ ਹੋ ਰਿਹਾ ਹੈ,ਜਿਸ ਦੇ ਕਾਰਣ ਬੱਚੇ ਵੀ ਕਿਤਾਬਾਂ ਨਾਲੋਂ ਟੁੱਟ ਕੇ ਮੋਬਾਈਲਾਂ ਚ’ ਵਿਅਸਤ ਰਹਿੰਦੇ ਹਨ,ਸੋ ਸਿੱਖਿਆ ਵਿਭਾਗ ਦਾ ਇਹ ਵਧੀਆ ਉਪਰਾਲਾ ਵਧੀਆ ਹੈ ਕਿਉਂਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨਾਲ ਜਿੱਥੇ ਬੱਚਿਆਂ ਦਾ
ਕਿਤਾਬਾਂ ਨਾਲ ਮੋਹ ਪੈਦਾ ਹੁੰਦਾ ਹੈ,ਓਥੇ ਹੀ ਸਾਹਿਤ ਨਾਲ ਰੁਚੀ ਵੀ ਬਣਦੀ ਹੈ ਜੋ ਕਿ ਬੱਚੇ ਦੀ ਸਖਸ਼ੀਅਤ ਲਈ ਬੇਹੱਦ ਜਰੂਰੀ ਹੈ,ਅੰਤ ਵਿੱਚ ਉਹਨਾਂ ਕਿਹਾ ਕਿ ਜੇਕਰ ਸਕੂਲਾਂ ਵਿੱਚ ਲੰਮੇ ਸਮੇਂ ਤੋਂ ਖਾਲੀ ਪਈਆਂ ਲਾਇਬਰੇਰੀਅਨ ਦੀਆਂ ਅਸਾਮੀਆਂ ਵੀ ਸਰਕਾਰ ਪਹਿਲ ਦੇ ਅਧਾਰ ਤੇ ਭਰ ਦੇਵੇ ਤਾਂ ਇਹ ਕਾਰਜ ਹੋਰ ਵੀ ਪ੍ਰਭਾਵਸ਼ਾਲੀ ਹੋ ਸਕਦਾ ਹੈ,ਜਿਸ ਨਾਲ ਸਰਕਾਰੀ ਸਕੂਲਾਂ ਦਾ ਹੋਰ ਵਧੇਰੇ ਵਿਕਾਸ ਵੀ ਹੋਵੇਗਾ।ਇਸ ਮੌਕੇ ਉਪਰੋਕਤ ਤੋਂ ਇਲਾਵਾ ਬੱਚੇ, ਮਾਪੇ,ਆਂਗਣਵਾੜੀ ਵਰਕਰ/ਹੈਲਪਰ,ਪਿੰਡ ਵਾਸੀਆਂ ਨੇ ਵੀ ਹਾਜਰੀ ਲਵਾਈ।