ਡਿਪਟੀ ਕਮਿਸ਼ਨਰ ਵੱਲੋਂ ਘਰੋਂ ਬਾਹਰ ਨਾ ਨਿਕਲਣ ਅਤੇ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ
– ਕੁੱਲ ਪਾਜ਼ੀਟਿਵ ਮਰੀਜਾਂ ਦੀ ਗਿਣਤੀ 12 ਹੋਈ
ਸਿਵਲ ਅਤੇ ਸੀ. ਐੱਮ. ਸੀ. ਹਸਪਤਾਲ ਵਿੱਚ ਮਰੀਜ਼ ਨੂੰ ਅਣਗੌਲਿਆਂ ਕਰਨ ਦੀ ਜਾਂਚ ਦੇ ਆਦੇਸ਼
ਦਵਿੰਦਰ ਡੀ.ਕੇ. ਲੁਧਿਆਣਾ, 9 ਅਪ੍ਰੈੱਲ 2020
ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਨਾਲ ਸੰਬੰਧਤ ਮਾਮਲੇ ਵਧਣ ਤੋਂ ਰੋਕਣ ਲਈ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸਾਸ਼ਨ ਨੂੰ ਸਹਿਯੋਗ ਦੇਣ। ਉਨਾਂ ਸਪੱਸ਼ਟ ਕੀਤਾ ਕਿ ਜੇਕਰ ਲੋਕ ਘਰਾਂ ਦੇ ਅੰਦਰ ਹੀ ਰਹਿਣਗੇ ਤਾਂ ਸਥਿਤੀ ਹੋਰ ਖ਼ਰਾਬ ਹੋਣ ਤੋਂ ਬਚਾਅ ਰਹੇਗਾ। ਉਨਾਂ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਘਰਾਂ ਦੇ ਅੰਦਰ ਹੀ ਰਹਿਣ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨੀ ਯਕੀਨੀ ਬਣਾਉਣ।
ਆਪਣੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਗਰਵਾਲ ਨੇ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ ਹੁਣ ਤੱਕ 507 ਨਮੂਨੇ ਲਏ ਗਏ ਹਨ, ਜਿੰਨਾਂ ਵਿੱਚੋਂ 467 ਦੇ ਨਤੀਜੇ ਪ੍ਰਾਪਤ ਹੋ ਗਏ ਹਨ। ਇਨਾਂ ਵਿੱਚੋਂ 12 ਪਾਜ਼ੀਟਿਵ ਪਾਏ ਗਏ ਹਨ। ਜਿਨਾਂ ਵਿੱਚ 10 ਮਰੀਜ਼ ਲੁਧਿਆਣਾ ਦੇ, 1-1 ਜਲੰਧਰ ਅਤੇ ਬਰਨਾਲਾ ਜ਼ਿਲਿਆਂ ਨਾਲ ਸੰਬੰਧਤ ਹਨ। 442 ਨਮੂਨੇ ਨੈਗੇਟਿਵ ਪਾਏ ਗਏ ਹਨ। ਹੁਣ ਤੱਕ ਤਿੰਨ ਮੌਤਾਂ ਹੋ ਚੁੱਕੀਆਂ ਹਨ।
ਉਨਾਂ ਦੱਸਿਆ ਕਿ ਬੀਤੇ ਦਿਨੀਂ ਲੁਧਿਆਣਾ ਪੁਲਿਸ ਵੱਲੋਂ ਕਾਬੂ ਕੀਤੇ ਗਏ ਇੱਕ ਸਨੈਚਰ ਦਾ ਨਮੂਨਾ ਵੀ ਪਾਜ਼ੀਟਿਵ ਆਇਆ ਹੈ। ਜਿਹੜੇ ਪੁਲਿਸ ਵਾਲਿਆਂ ਨੇ ਉਸਨੂੰ ਗ੍ਰਿਫ਼ਤਾਰ ਕਰਨ ਤੋਂ ਲੈ ਕੇ ਜੇਲ ਤੱਕ ਲਿਜਾਣ ਦੀ ਡਿਊਟੀ ਨਿਭਾਈ ਸੀ, ਉਨਾਂ ਨੂੰ ਕੁਏਰਿਨਟਾਈਨ (ਏਕਾਂਤਵਾਸ) ਕੀਤਾ ਗਿਆ ਹੈ, ਉਨਾਂ ਦੇ ਨਮੂਨੇ ਟੈਸਟ ਲਈ ਭੇਜੇ ਜਾਣਗੇ।
ਕੁਝ ਦਿਨ ਪਹਿਲਾਂ ਇੱਕ ਔਰਤ ਮਰੀਜ਼ ਨੂੰ ਸਿਵਲ ਹਸਪਤਾਲ, ਸੀ. ਐੱਮ. ਸੀ. ਹਸਪਤਾਲ ਤੋਂ ਕਥਿਤ ਤੌਰ ‘ਤੇ ਖੱਜਲ ਖੁਆਰ ਹੋ ਕੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਹੋਣਾ ਪਿਆ ਸੀ, ਇਸ ਘਟਨਾ ਬਾਰੇ ਪੁੱਛੇ ਜਾਣ ‘ਤੇ ਸ੍ਰੀ ਅਗਰਵਾਲ ਨੇ ਦੱਸਿਆ ਕਿ ਇਸ ਘਟਨਾ ਦੀ 48 ਘੰਟੇ ਵਿੱਚ ਜਾਂਚ ਲਈ ਸਿਵਲ ਸਰਜਨ ਲੁਧਿਆਣਾ ਨੂੰ ਕਿਹਾ ਗਿਆ ਹੈ, ਜਿਨਾਂ ਨੇ ਅੱਗੇ ਕਮੇਟੀ ਦਾ ਗਠਨ ਕਰਕੇ ਜਾਂਚ ਸ਼ੁਰੂ ਕਰਵਾ ਦਿੱਤੀ ਹੈ। ਦੋਸ਼ੀ ਪਾਏ ਜਾਣ ਵਾਲੇ ਅਧਿਕਾਰੀਆਂ ਜਾਂ ਡਾਕਟਰਾਂ ਖ਼ਿਲਾਫ਼ ਬਣਦੀ ਕਾਰਵਾਈ ਆਰੰਭੀ ਜਾਵੇਗੀ।