ਕੰਪੀਟੈਂਟ ਕੰਸਟ੍ਰਕਸ਼ਨ ਕੰਪਨੀ ਤੇ ਰਾਜਪੁਤਾਨਾ ਕੰਸਟ੍ਰਕਸ਼ਨ ਕੰਪਨੀਆਂ ਆਪਣੇ ਕਾਮਿਆਂ ਦਾ ਰੱਖ ਰਹੀਆਂ ਹਨ ਪੂਰਾ ਖਿਆਲ-ਅਮਰਿੰਦਰ ਵਾਲੀਆ ਤੇ ਅਨਿਲ ਥਾਂਬੀ
ਲੋਕੇਸ਼ ਕੌਸ਼ਲ ਪਟਿਆਲਾ, 9 ਅਪ੍ਰੈਲ 2020
ਪਟਿਆਲਾ ਦੇ ਕਿਲਾ ਮੁਬਾਰਕ ਅਤੇ ਸ਼ਾਹੀ ਸਮਾਧਾਂ ਵਿਖੇ ਚੱਲ ਰਹੇ ਮੁਰੰਮਤ ਦੇ ਕੰਮ ਵਿੱਚ ਲੱਗੇ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਮਜ਼ਦੂਰਾਂ ਨੂੰ ਉਨ੍ਹਾਂ ਦੀਆਂ ਸਬੰਧਤ ਉਸਾਰੀ ਕੰਪਨੀਆਂ ਵੱਲੋਂ ਰਾਸ਼ਨ ਸਮੇਤ ਉਨ੍ਹਾਂ ਦੇ ਮਿਹਨਤਾਨੇ ਅਤੇ ਹੋਰ ਲੋੜੀਂਦੀਆਂ ਵਸਤਾਂ ਪਹੁੰਚਾਈਆਂ ਜਾ ਰਹੀਆਂ ਹਨ। ਇਨ੍ਹਾਂ ਮਜਦੂਰਾਂ ਕੋਲ ਰਾਸ਼ਨ ਪਾਣੀ, ਬਿਜਲੀ ਤੇ ਹੋਰ ਸਹੂਲਤਾਂ ਦੀ ਕੋਈ ਕਮੀ ਨਹੀਂ ਹੈ।
ਇਨ੍ਹਾਂ ਕੰਪਨੀਆਂ ਦੇ ਨੁਮਾਇੰਦਿਆਂ ਨੇ ਕੁਝ ਵਿਅਕਤੀਆਂ ਵੱਲੋਂ ਇਸ ਸਬੰਧੀਂ ਕੀਤੇ ਜਾ ਰਹੇ ਝੂਠੇ ਪ੍ਰਚਾਰ ਨੂੰ ਰੱਦ ਕਰਦਿਆਂ ਦੱਸਿਆ ਕਿ ਕਿਲਾ ਮੁਬਾਰਕ ਰਣਵਾਸ ਵਿਖੇ 45 ਤੋਂ 50 ਦੇ ਕਰੀਬ ਰਹਿ ਰਹੇ ਮਜ਼ਦੂਰਾਂ ਨੂੰ ਰਾਸ਼ਨ ਅਤੇ ਹੋਰ ਲੋੜੀਂਦੀਆਂ ਵਸਤਾਂ ਸਮੇਤ ਉਨ੍ਹਾਂ ਦੇ ਰਹਿਣ ਸਹਿਣ ਦਾ ਸਮੁੱਚਾ ਸੁਚੱਜਾ ਪ੍ਰਬੰਧ ਕੀਤਾ ਗਿਆ ਹੈ। ਇਸੇ ਤਰ੍ਹਾਂ ਸ਼ਾਹੀ ਸਮਾਧਾਂ ਵਿਖੇ ਵੀ ਰਹਿ ਰਹੇ 13 ਮਜ਼ਦੂਰਾਂ ਨੂੰ ਹਰ ਲੋੜੀਂਦੀ ਵਸਤੂ ਸਮੇਂ ਸਿਰ ਪਹੁੰਚਾਈ ਜਾ ਰਹੀ ਹੈ ਅਤੇ ਇਨ੍ਹਾਂ ਮਜਦੂਰਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆ ਰਹੀ।
ਰਾਜਪੁਤਾਨਾ ਕੰਸਟ੍ਰਕਸ਼ਨ ਕੰਪਨੀ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਡਾਇਰੈਕਟਰ ਅਨਿਲ ਥਾਂਬੀ ਨੇ ਆਪਣੇ ਫੋਨ ਸੁਨੇਹੇ ਰਾਹੀਂ ਦੱਸਿਆ ਕਿ ਕਰਫਿਊ ਤੇ ਲਾਕ ਡਾਊਨ ਤੋਂ ਬਾਅਦ ਪਟਿਆਲਾ ਦੇ ਕਿਲਾ ਮੁਬਾਰਕ ਵਿਖੇ ਰਹਿ ਰਹੇ ਉਨ੍ਹਾਂ ਦੀ ਕੰਪਨੀ ਦੇ ਮਜ਼ਦੂਰ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਉਹ ਇਨ੍ਹਾਂ ਨੂੰ ਆਪਣੇ ਸੁਪਰਵਾਈਜਰ ਰਾਹੀਂ ਕਰੀਬ 1.50 ਲੱਖ ਰੁਪਏ ਭੇਜ ਚੁੱਕੇ ਹਨ ਅਤੇ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ।
ਇਸੇ ਤਰ੍ਹਾਂ ਕੰਪੀਟੈਂਟ ਕੰਸਟ੍ਰਕਸ਼ਨ ਕੰਪਨੀ ਦੇ ਡਾਇਰੈਕਟਰ ਸ੍ਰੀ ਅਮਰਿੰਦਰ ਸਿੰਘ ਵਾਲੀਆ ਨੇ ਵੀ ਦੱਸਿਆ ਕਿ ਉਨ੍ਹਾਂ ਦੇ ਸ਼ਾਹੀ ਸਮਾਧਾਂ ਅਤੇ ਰਣਵਾਸ ਕਿਲਾ ਮੁਬਾਰਕ ਵਿਖੇ ਰਹਿ ਰਹੇ ਮਜ਼ਦੂਰਾਂ ਨੂੰ ਰਾਸ਼ਨ ਸਮੇਤ ਦਵਾਈਆਂ ਤੇ ਹੋਰ ਲੋੜੀਂਦੀਆਂ ਵਸਤਾਂ ਦੀ ਸਪਲਾਈ ਨਿਰਵਿਘਨ ਜਾਰੀ ਹੈ। ਇਸ ਕੰਪਨੀ ਦੇ ਨੁਮਾਇੰਦੇ ਸ. ਅਰਸ਼ਦੀਪ ਸਿੰਘ ਨੇ ਕਿਲਾ ਮੁਬਾਰਕ ਅਤੇ ਸ਼ਾਹੀ ਸਮਾਧਾਂ ਵਿਖੇ ਖ਼ੁਦ ਜਾ ਕੇ ਇਨ੍ਹਾਂ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਅਤੇ ਇਨ੍ਹਾਂ ਮਜਦੂਰਾਂ ਨੇ ਉਨ੍ਹਾਂ ਨੂੰ ਮਿਲ ਰਹੀ ਹਰ ਤਰ੍ਹਾਂ ਦੀ ਸਹਾਇਤਾ ਉਪਰ ਤਸੱਲੀ ਦਾ ਪ੍ਰਗਟਾਵਾ ਕੀਤਾ। ਕੰਪਨੀ ਦੇ ਨੁਮਾਇੰਦਿਆਂ ਨੇ ਕਿਹਾ ਕਿ ਇਨ੍ਹਾਂ ਮਜਦੂਰਾਂ ਨੂੰ ਕੁਝ ਨਾ ਮਿਲਣ ਬਾਬਤ ਕੀਤਾ ਜਾ ਰਿਹਾ ਕੂੜ ਪ੍ਰਚਾਰ ਠੀਕ ਨਹੀਂ ਹੈ ਅਤੇ ਇਸ ਫੋਕੀ ਸ਼ੋਹਰਤ ਖੱਟਣ ਵਾਲਾ ਪ੍ਰਚਾਰ ਹੈ ਜਦੋਂਕਿ ਅਸਲ ਵਿੱਚ ਕੰਪਨੀ ਆਪਣੇ ਮਜ਼ਦੂਰਾਂ ਦਾ ਪੂਰਾ ਖਿਆਲ ਰੱਖ ਰਹੀ ਹੈ।