ਡਾ.ਸੁਰਜੀਤ ਪਾਤਰ, ਡਾ.ਐਸ.ਪੀ.ਸਿੰਘ ਤੇ ਹੋਰ ਸਖ਼ਸ਼ੀਅਤਾਂ ਦੀ ਹਾਜ਼ਰੀ ‘ਚ ਇਹ ਨਾਵਲ ਸਤਲੁਜ ਕਲੱਬ ਵਿਖੇ ਕੀਤਾ ਰਿਲੀਜ਼
ਦਵਿੰਦਰ ਡੀਕੇ, ਲੁਧਿਆਣਾ, 22 ਜੁਲਾਈ 2021
ਕਿਸ਼ੋਰੀ ਪ੍ਰਤੀਭਾ ਸ਼ਰਮਾ ਅਤੇ ਬਾਰੂਨੀ ਅਰੋੜਾ ਦੁਆਰਾ ਲਿਖਿਆ ਅੰਗਰੇਜ਼ੀ ਨਾਵਲ ‘ਸਮਰ ਅਨੀਗਮਾ’ ਅੱਜ ਸਤਲੁਜ ਕਲੱਬ ਵਿੱਚ ਜਾਰੀ ਕੀਤਾ ਗਿਆ। ਨਾਵਲ ਨੂੰ ਉੱਘੇ ਪੰਜਾਬੀ ਕਵੀ ਡਾ. ਸੁਰਜੀਤ ਪਾਤਰ, ਸਾਬਕਾ ਉਪ ਕੁਲਪਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਡਾ.ਐਸ.ਪੀ. ਸਿੰਘ, ਲੇਖਕ ਅਤੇ ਸਾਬਕਾ ਆਈ.ਏ.ਐਸ. ਅਧਿਕਾਰੀ ਸ੍ਰੀ ਜੰਗ ਬਹਾਦਰ ਗੋਇਲ, ਉੱਘੇ ਪੰਜਾਬੀ ਕਵੀ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ, ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਅਤੇ ਕਈ ਹੋਰ ਸਖ਼ਸ਼ੀਅਤਾਂ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤਾ।
ਪ੍ਰਤਿਭਾ ਸ਼ਰਮਾ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦੀ ਬੇਟੀ ਹੈ ਅਤੇ ਇਸ ਨੇ ਆਪਣੀ ਸੱਭ ਤੋਂ ਗੁੜ੍ਹੀ ਸਹੇਲੀ ਬਰੂਨੀ ਅਰੋੜਾ ਦੇ ਨਾਲ ਇਸ ਨਾਵਲ ਨੂੰ ਲਿਖਿਆ ਹੈ। ਪ੍ਰਤਿਭਾ ਅਤੇ ਬਾਰੂਨੀ ਦੋਵਾਂ ਦੀ ਉਮਰ 14 ਸਾਲ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਪ੍ਰਤਿਭਾ ਸ਼ਰਮਾ ਅਤੇ ਬਾਰੂਨੀ ਅਰੋੜਾ ਨੇ ਦੱਸਿਆ ਕਿ ਲਾਕਡਾਊਨ ਦੇ ਦੌਰ ਸਮੇਂ ਉਨ੍ਹਾਂ ਦੋਵਾਂ ਨੇ ਆਪਣੇ ਵਿਚਾਰ ਲਿਖਣ ਦਾ ਫ਼ੈਸਲਾ ਕੀਤਾ, ਜਿਸਨੇ ਆਖਰ ਇੱਕ ਨਾਵਲ ਦੀ ਸ਼ਕਲ ਲੈ ਲਈ। ਇਹ ਦੋਵੇਂ ਸਹੇਲੀਆਂ ਇਕੱਠੀਆਂ ਜਲੰਧਰ ਵਿਖੇ ਪੜ੍ਹਦੀਆਂ ਸਨ, ਪਰ ਜਦੋਂ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦੀ ਲੁਧਿਆਣਾ ਵਿਖੇ ਬਦਲੀ ਹੋ ਗਈ ਤਾਂ ਦੋਵੇਂ ਸੋਸ਼ਲ ਮੀਡੀਆ ਰਾਹੀਂ ਸੰਪਰਕ ਵਿੱਚ ਰਹੀਆਂ ਅਤੇ ਉਪਲੱਬਧ ਸਮੇਂ ਦੀ ਪੂਰੀ ਤਰ੍ਹਾਂ ਵਰਤੋਂ ਕੀਤੀ। ਪੁਸਤਕ ਦਾ ਸਿਰਲੇਖ ਕਵਰ ਪ੍ਰਤਿਭਾ ਦੀ ਵੱਡੀ ਭੈਣ ਮਾਧਵੀ ਸ਼ਰਮਾ ਦੁਆਰਾ ਤਿਆਰ ਕੀਤਾ ਗਿਆ ਹੈ।
ਇਸ ਸਮੇਂ ਪ੍ਰਤਿਭਾ ਸੈਕਰਡ ਹਾਰਟ ਕਾਨਵੈਂਟ ਸਕੂਲ ਸਰਾਭਾ ਨਗਰ ਲੁਧਿਆਣਾ ਦੀ ਵਿਦਿਆਰਥਣ ਹੈ, ਜਦੋਂਕਿ ਬਾਰੂਨੀ ਅਰੋੜਾ ਇਨੋਸੈਂਟ ਹਾਰਟਸ ਸਕੂਲ ਜਲੰਧਰ ਦੀ ਵਿਦਿਆਰਥਣ ਹੈ। ਬਾਰੂਨੀ ਦੇ ਪਿਤਾ ਮਨਹਰ ਅਰੋੜਾ ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਮੈਨੇਜਿੰਗ ਡਾਇਰੈਕਟਰ ਹਨ।
ਇਸ ਮੌਕੇ ਡਾ. ਸੁਰਜੀਤ ਪਾਤਰ, ਡਾ ਐਸ.ਪੀ. ਸਿੰਘ, ਸ੍ਰੀ ਜੰਗ ਬਹਾਦੁਰ ਗੋਇਲ ਨੇ ਦੋਵਾਂ ਨੌਜਵਾਨ ਲੇਖਿਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਾਡੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸਾਂਝੀ ਪਹਿਲਕਦਮੀ ਵੱਲ ਧਿਆਨ ਦੇਣ ਅਤੇ ਸੋਸ਼ਲ ਮੀਡੀਆ ‘ਤੇ ਸਮਾਂ ਬਰਬਾਦ ਕਰਨ ਦੀ ਬਜਾਏ ਵਧੇਰੇ ਭਾਵਨਾਤਮਕ ਹੋਣ। ਸਮਾਗਮ ਦੌਰਾਨ ਮੌਜੂਦ ਪ੍ਰਮੁੱਖ ਸ਼ਖਸੀਅਤਾਂ ਵਿੱਚ ਸ.ਰਣਜੋਧ ਸਿੰਘ, ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਪ੍ਰੋ. ਰਵਿੰਦਰ ਭੱਠਲ, ਪ੍ਰਤਿਭਾ ਅਤੇ ਬਾਰੂਨੀ ਦੋਵਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਹੋਰ ਵੀ ਸ਼ਾਮਲ ਸਨ।