ਸਾਜਿਸ਼ੀ ਲੋਕ ਬਾਜ ਆਉਣ, ਬਖਸ਼ੇ ਨਹੀਂ ਜਾਣਗੇ
ਬੀ ਟੀ ਐਨ, ਫਾਜ਼ਿਕਲਾ, 16 ਜੁਲਾਈ 2021
ਪੰਜਾਬ ਦੀ ਪਵਿੱਤਰ ਧਰਤੀ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਾਜਿਸ਼ ਤਹਿਤ ਵਾਪਰੀਆਂ ਬੇਅਦਬੀਆਂ ਦੀਆਂ ਘਟਨਾਵਾਂ ਦੇ ਨਾਲ-ਨਾਲ ਗੁਰੂ ਸਾਹਿਬਾਨ ਬਾਰੇ ਸ਼ੋਸ਼ਲ ਮੀਡੀਆ ’ਤੇ ਮੰਦਭਾਸ਼ਾ ਬੋਲਣ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜੋ ਕਿ ਬਹੁਤ ਮੰਦਭਾਗਾ ਹੈ। ਇਸੇ ਸਬੰਧ ’ਚ ਫਾਜ਼ਿਕਲਾ ਜ਼ਿਲ੍ਹੇ ਦੇ ਸੰਦੀਪ ਪੁੱਤਰ ਜੀਤ ਸਿੰਘ ਪਿੰਡ ਲਮੌਚੜ ਵੱਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਾਰੇ ਵਿਚ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਤੋਂ ਕੂੜ ਪ੍ਰਚਾਰ ਲਿਖਿਆ ਗਿਆ, ਜਿਸ ਦਾ ਨੋਟਿਸ ਸਿੱਖ ਸਟੂਡੈਂਟਸ ਫੈਡਰੇਸ਼ਨ (ਗਰੇਵਾਲ), ਸੁਖਮਨੀ ਸੇਵਾ ਸੁਸਾਇਟੀ ਫਾਜ਼ਿਕਲਾ, ਗੁਰਦੁਆਰਾ ਸਿੰਘ ਸਭਾ, ਰਾਮਗੜ੍ਹੀਆ ਜੱਥੇਬੰਦੀ, ਤੇਰਾਂ-ਤੇਰਾਂ ਵੈਲਫੇਅਰ ਸੰਸਥਾ, ਬਾਬਾ ਵਿਸ਼ਵਕਰਮਾਂ ਸੁਸਾਇਟੀ ਤੇ ਫਾਜ਼ਿਕਲਾ ਦੀਆਂ ਸੰਸਥਾਵਾਂ ਵੱਲੋਂ ਲਿਆ ਗਿਆ, ਜਿਸ ਦੀ ਸ਼ਿਕਾਇਤ ਗੁਰਕੀਰਤਨ ਸਿੰਘ ਜ਼ਿਲ੍ਹਾ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ (ਗਰੇਵਾਲ), ਸ਼੍ਰੋਮਣੀ ਕਮੇਟੀ ਪ੍ਰਚਾਰਕ ਜਸਵਿੰਦਰਪਾਲ ਸਿੰਘ, ਗੁੁਰਜੀਤ ਸਿੰਘ ਮਿੰਟੂ, ਕੁਲਵਿੰਦਰ ਸਿੰਘ, ਬਲਦੇਵ ਸਿੰਘ ਤੇ ਡਿੰਪੀ ਰਾਮਗੜ੍ਹੀਆ ਵੱਲੋਂ ਪੁਲਿਸ ਨੂੰ ਦਿੱਤੀ ਗਈ, ਜਿਸ ’ਤੇ ਕਾਰਵਾਈ ਕਰਦਿਆਂ ਪ੍ਰਸ਼ਾਸ਼ਨ ਨੇ ਮੁਲਜ਼ਮ ਖਿਲਾਫ਼ ਧਾਰਾ 295-ਏ ਅਤੇ 66-ਏ ਅਧੀਨ ਜਲਾਲਾਬਾਦ ਥਾਣੇ ’ਚ ਪਰਚਾ ਦਰਜ ਕੀਤਾ ਗਿਆ।
ਇਹ ਜਾਣਕਾਰੀ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੁੱਖ ਸੇਵਾਦਾਰ ਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਪੱਤਰਕਾਰਾਂ ਨੂੰ ਐਫਆਈਆਰ ਦੀ ਕਾਪੀ ਪੇਸ਼ ਕਰਦਿਆਂ ਦਿੱਤੀ। ਭਾਈ ਗਰੇਵਾਲ ਨੇ ਕਿਹਾ ਕਿ ਪਿੱਛਲੇ ਸਮੇਂ ਤੋਂ ਸਾਜਿਸ਼ ਅਧੀਨ ਅਜਿਹੀਆਂ ਮੰਦਭਾਗੀ ਕਾਰਵਾਈਆਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ, ਜਿਸ ਸਬੰਧ ਸਿੱਖ ਜੱਥੇਬੰਦੀਆਂ ਕਾਨੂੰਨੀ ਅਤੇ ਬਣਦੀ ਕਾਰਵਾਈ ਕਰ ਰਹੀਆਂ ਹਨ। ਭਾਈ ਗਰੇਵਾਲ ਸਖ਼ਤ ਸ਼ਬਦਾਂ ’ਚ ਕਿਹਾ ਕਿ ਸਾਜਿਸ਼ ਲੋਕ ਬਾਜ਼ ਆਉਣ, ਨਹੀਂ ਤਾਂ ਬਖਸ਼ੇ ਨਹੀਂ ਜਾਣਗੇ। ਭਾਈ ਗਰੇਵਾਲ ਤੇ ਸਾਥੀਆਂ ਨੇ ਇਸ ਮਾਮਲੇ ਨੂੰ ਚੁੱਕਣ ਵਾਲਿਆਂ ਸੰਸਥਾਵਾਂ, ਆਗੂਆਂ ਦੀ ਸ਼ਲਾਘਾ ਕੀਤੀ ਅਤੇ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਪਰਮਜੀਤ ਸਿੰਘ ਧਰਮਸਿੰਘ ਵਾਲਾ, ਦਿਲਬਾਗ ਸਿੰਘ ਵਿਰਕ, ਸਤਵੰਤ ਸਿੰਘ, ਸੁਖਵਿੰਦਰ ਸਿੰਘ ਸੋਨੂੰ, ਹਰਜਿੰਦਰ ਸਿੰਘ ਤਰੋਬੜੀ ਤੇ ਸੁੱਚਾ ਸਿੰਘ ਜਲਾਲਾਬਾਦ ਆਦਿ ਹਾਜ਼ਰ ਸਨ।