ਸੁਰ ਸ਼ਬਦ ਸੰਗੀਤ ਸੁਮੇਲ ਨਾਲ ਹੀ ਰੂਹ ਦੀ ਸੰਵੇਦਨਾ ਬਚਾਈ ਜਾ ਸਕਦੀ ਹੈ- ਡੌਲੀ ਗੁਲੇਰੀਆ

Advertisement
Spread information

ਲਗਪਗ ਪੰਜਾਹ ਸਾਲ ਪਹਿਲਾਂ ਮੇਰੀ ਮਾਂ ਨੇ ਪਹਿਲੀ ਵਾਰ ਡਾ: ਹਰਿਭਜਨ ਸਿੰਘ ਜੀ ਦਾ ਗੀਤ ਵੇ ਮੈਂ ਭਰੀ ਸੁਗੰਧੀਆਂ ਪੌਣ ਸੱਜਣ ਤੇਰੇ ਬੂਹੇ ਰੇਡੀਉ ਰੀਕਾਰਡਿੰਗ ਲਈ ਤਿਆਰ ਕਰਵਾਇਆ – ਡੌਲੀ ਗੁਲੇਰੀਆ 

ਦਵਿੰਦਰ ਡੀਕੇ, ਲੁਧਿਆਣਾ: 16 ਜੁਲਾਈ 2021

      ਪੰਜਾਬ ਸੰਗੀਤ ਨਾਟਕ ਅਕੈਡਮੀ ਦੀ ਸਾਬਕਾ ਪ੍ਰਧਾਨ ਤੇ  ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਗਾਇਕਾ ਡੌਲੀ ਗੁਲੇਰੀਆ ਨੇ ਬੀਤੀ ਸ਼ਾਮ ਲੁਧਿਆਣਾ ਸਥਿਤ ਸ਼ਹੀਦ ਭਗਤ ਸਿੰਘ ਨਗਰ ਵਿੱਚ ਸੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਤੇ ਪ੍ਰਸਿੱਧ ਲੇਖਕ ਤੇ ਫੋਟੋ ਕਲਾਕਾਰ ਰਣਜੋਧ ਸਿੰਘ ਪ੍ਰਧਾਨ ਰਾਮਗੜੀਆ  ਐਜੂਕੇਸ਼ਨ ਕੌਂਸਿਲ ਨਾਲ ਮੁਲਾਕਾਤ ਦੌਰਾਨ ਕਿਹਾ ਹੈ ਕਿ ਸੁਰ ਸ਼ਬਦ ਸੰਗੀਤ ਸੁਮੇਲ ਨਾਲ ਹੀ ਰੂਹ ਨੂੰ ਸੰਵੇਦਨਸ਼ੀਲ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣੀ ਮਾਂ ਤੇ ਪੰਜਾਬ ਦੀ ਅਮਰ ਪੰਜਾਬੀ ਲੋਕ ਗਾਇਕਾ ਸੁਰਿੰਦਰ ਕੌਰ ਦਾ ਮਿਸ਼ਨ ਪੂਰਾ ਕਰਨ ਲਈ ਲੋਕ ਸੰਗੀਤ ਰਾਹੀਂ ਪੰਜਾਬ ਦੀ ਰੂਹ ਨੂੰ ਸਿੰਜ ਰਹੀ ਹਾਂ ਤੇ ਮੇਰੀ ਲੁਧਿਆਣਾ ਫੇਰੀ ਵੀ ਇਸੇ ਮਨੋਰਥ ਲਈ ਹੈ।

        ਸ਼੍ਰੀਮਤੀ ਡੌਲੀ ਗੁਲੇਰੀਆ ਨੇ ਕਿਹਾ ਕਿ ਲਗਪਗ ਪੰਜਾਹ ਸਾਲ ਪਹਿਲਾਂ ਮੇਰੀ ਮਾਂ ਨੇ ਪਹਿਲੀ ਵਾਰ ਡਾ: ਹਰਿਭਜਨ ਸਿੰਘ ਜੀ ਦਾ ਗੀਤ ਵੇ ਮੈਂ ਭਰੀ ਸੁਗੰਧੀਆਂ ਪੌਣ ਸੱਜਣ ਤੇਰੇ ਬੂਹੇ ਰੇਡੀਉ ਰੀਕਾਰਡਿੰਗ ਲਈ ਤਿਆਰ ਕਰਵਾਇਆ ਸੀ। ਇਸ ਤੋਂ ਬਾਦ ਹੀ ਮੈਨੂੰ ਸਾਰੀ ਜ਼ਿੰਦਗੀ ਚੰਗੇ ਤੇ ਮੰਦੇ ਸਾਹਿੱਤ ਦੀ ਸਮਝ ਬਣੀ ਰਹੀ। ਉਨ੍ਹਾਂ ਇਕਬਾਲ ਮਾਹਲ ਦੀ ਪੇਸ਼ਕਸ਼ ਵਿੱਚ ਗੁਰਚਰਨ ਰਾਮਪੁਰੀ ਤੇ ਸੁਰਜੀਤ ਰਾਮਪੁਰੀ ਤੋਂ ਇਲਾਵਾ ਕਈ ਹੋਰ ਸਿਰਕੱਢ ਪੰਜਾਬੀ ਕਵੀਆਂ ਦੇ ਕਲਾਮ ਨੂੰ ਆਵਾਜ਼ ਦੇਣ ਤੋਂ ਬਿਨਾ ਗੁਰਬਾਣੀ ਗਾਇਨ ਵੀ ਕੀਤਾ ਹੈ। ਉਨ੍ਹਾਂ ਦੀ ਬੇਟੀ ਸੁਨਯਨੀ ਨੇ ਵੀ ਵਰਤਮਾਨ ਸੰਗੀਤ ਦ੍ਰਿਸ਼ ਨੂੰ ਰਾਹੋਂ ਭਟਕਿਆ ਦੱਸਦਿਆਂ ਕਿਹਾ ਕਿ ਸਮਾਜ ਦੇ ਜ਼ਿੰਮੇਵਾਰ ਵਿਅਕਤੀਆਂ ਨੂੰ ਸਹੀ ਸੇਧ ਦੇਣੀ ਚਾਹੀਦੀ ਹੈ। ਉਹ ਦੋਵੇਂ ਮਾਂ ਧੀ ਜੀਵੇ ਪੰਜਾਬ ਸੰਸਥਾ ਦੇ ਰੀਕਾਰਡਿੰਗ ਪ੍ਰੋਗ੍ਰਾਮ ਵਿੱਚ ਭਾਗ ਲੈਣ ਆਈਆਂ ਹੋਈਆਂ ਸਨ।
       ਡੌਲੀ ਗੁਲੇਰੀਆ ਨੇ ਆਪਣੀ ਸ੍ਵੈ ਜੀਵਨੀ ਮੂਲਕ ਪੁਸਤਕ ਵਗਦੇ ਪਾਣੀਆਂ ਦਾ ਸੰਗੀਤ ਵੀ ਗੁਰਭਜਨ ਗਿੱਲ ਨੂੰ ਭੇਂਟ ਕੀਤੀ।
ਸ: ਰਣਜੋਧ ਸਿੰਘ ਅਤੇ ਗੁਰਭਜਨ ਗਿੱਲ ਪਰਿਵਾਰ ਨੇ ਡੌਲੀ ਗੁਲੇਰੀਆ ਤੇ ਉਸ ਦੀ ਬੇਟੀ ਸੁਨਯਨੀ ਨੂੰ ਆਪਣੀਆਂ ਨਵ ਪ੍ਰਕਾਸ਼ਿਤ ਤਿੰਨ ਪੁਸਤਕਾਂ ਪੱਚੇ ਪੱਤੇ ਲਿਖੀ ਇਬਾਰਤ (ਤੇਜਪ੍ਰਤਾਪ ਸਿੰਘ ਸੰਧੂ ਦੀਆਂ ਤਸਵੀਰਾਂ ਨਾਲ ਸੁਸੱਜਿਤ) ਗ਼ਜ਼ਲ ਸੰਗ੍ਰਹਿ ਸੁਰਤਾਲ ਤੇ ਕਾਵਿ ਸੰਗ੍ਰਹਿ ਚਰਖ਼ੜੀ ਤੋਂ ਇਲਾਵਾ ਸੁਹਾਗ, ਘੋੜੀਆਂ ਤੇ ਲੰਮੀ ਹੇਕ ਦੇ ਗੀਤਾਂ ਦਾ ਪ੍ਰੋ: ਪਰਮਜੀਤ ਕੌਰ ਨੂਰ ਵੱਲੋਂ ਤਿਆਰ ਸੰਗ੍ਰਹਿ ਸ਼ਗਨਾਂ ਵੇਲਾ ਵੀ ਭੇਂਟ ਕੀਤੀਆਂ।
        ਗੁਰਭਜਨ ਗਿੱਲ ਨੇ ਕਿਹਾ ਕਿ ਲੋਕ ਵਿਰਾਸਤ ਅਕਾਡਮੀ ਵੱਲੋਂ ਨੇੜ ਭਵਿੱਖ ਚ ਪੂਰੇ ਪੰਜਾਬ ਅੰਦਰ ਜ਼ਿਲ੍ਹਾ ਇਕਾਈਆਂ ਸਥਾਪਤ ਕਰਕੇ ਲੋਕ ਸੰਗੀਤ ਸਰਵੇਖਣ ਕਰਵਾਇਆ ਜਾਵੇਗਾ ਤਾਂ ਜੋ ਪਿੰਡਾਂ ਚ ਵੱਸਦੇ ਕਲਾਕਾਰਾਂ ਦੀ ਨਿਸ਼ਾਨ ਦੇਹੀ ਕੀਤੀ ਜਾ ਸਕੇ। ਸ: ਰਣਜੋਧ ਸਿੰਘ ਗਿੱਲ ਨੇ ਇਸ ਮੌਕੇ ਰਾਕੇਸ਼ ਦਾਦਾ ਵੱਲੋਂ ਹਰਿਵੱਲਭ ਸੰਗੀਤ ਸੰਮੇਲਨ ਬਾਰੇ ਲਿਖੀ ਪੁਸਤਕ ਵੀ ਗੁਰਭਜਨ ਗਿੱਲ ਨੂੰ ਭੇਂਟ ਕੀਤੀ।

Advertisement
Advertisement
Advertisement
Advertisement
Advertisement
error: Content is protected !!