20 ਲੱਖ ਰੁਪਏ ਦੀ ਲਾਗਤ ਨਾਲ ਬਿਲਡਿੰਗ ਦੇ ਉੱਪਰ ਵਾਲੇ ਹਿੱਸੇ ਵਿੱਚ ਵੱਡਾ ਡਾਇਨਿੰਗ ਹਾਲ, ਰਸੋਈ ਅਤੇ ਕਮਰੇ ਆਦਿ ਦਾ ਨਿਰਮਾਣ
ਬੀ ਟੀ ਐੱਨ , ਫਿਰੋਜ਼ਪੁਰ 15 ਜੁਲਾਈ 2021
ਫਿਰੋਜ਼ਪੁਰ ਛਾਉਣੀ ਦੇ ਰਾਮਬਾਗ ਵਿੱਚ ਸਥਿਤ ਬਿਰਧ ਆਸ਼ਰਮ ਵਿਚ ਰਹਿੰਦੇ ਬਜ਼ੁਰਗਾਂ ਦੀ ਸਹੂਲਤ ਲਈ 9 ਲੱਖ ਰੁਪਏ ਦੀ ਲਾਗਤ ਨਾਲ ਸੋਲਰ ਸਿਸਟਮ ਸਥਾਪਿਤ ਕੀਤਾ ਗਿਆ ਹੈ ਅਤੇ 20 ਲੱਖ ਰੁਪਏ ਖਰਚ ਕਰਕੇ ਬਿਲਡਿੰਗ ਦੇ ਉੱਪਰ ਵਾਲੇ ਹਿੱਸੇ ਵਿੱਚ ਵੱਡਾ ਡਾਇਨਿੰਗ ਹਾਲ, ਰਸੋਈ ਅਤੇ ਕਮਰੇ ਆਦਿ ਦਾ ਨਿਰਮਾਣ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਸ਼ਹਿਰੀ ਹਲਕੇ ਦੇ ਵਿਧਾਇਕ ਸ੍ਰ. ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਬਿਰਧ ਆਸ਼ਰਮ ਵਿੱਚ ਰਹਿੰਦੇ ਲੋਕਾਂ ਲੋਕਾਂ ਦੇ ਖਾਣ ਪੀਣ ਅਤੇ ਸਾਂਭ-ਸੰਭਾਲ ਲਈ ਉਹ 47 ਲੱਖ ਰੁਪਏ ਦਾ ਇੱਕ ਹੋਰ ਚੈੱਕ ਦੇਣਗੇ।
ਵਿਧਾਇਕ ਪਿੰਕੀ ਨੇ ਦੱਸਿਆ ਕਿ ਬਜ਼ੁਰਗਾਂ ਤੋਂ ਸਾਨੂੰ ਆਸੀਰਵਾਦ ਮਿਲਦਾ ਹੈ ਅਤੇ ਉਨ੍ਹਾਂ ਦੀ ਸੇਵਾ ਕਰਨਾ ਸਾਡਾ ਨੈਤਿਕ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਆਪ ਤੇ ਮਾਣ ਹੁੰਦਾ ਹੈ ਜਦੋਂ ਉਨ੍ਹਾਂ ਨੂੰ ਬਜ਼ੁਰਗਾਂ ਦੀ ਇਹੋ ਜਿਹੀ ਕੋਈ ਵੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਮੇਸ਼ਾ ਬਜ਼ੁਰਗਾਂ ਦੀ ਮਦਦ ਲਈ ਅੱਗੇ ਆਈ ਹੈ ਤੇ ਉਨ੍ਹਾਂ ਵੱਲੋਂ ਬਜ਼ੁਰਗਾਂ ਦੀ ਮਦਦ ਲਈ ਬੁਢਾਪਾ ਪੈਨਸ਼ਨ ਵੀ ਵਧਾਈ ਗਈ ਹੈ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਇਹੋ ਜਿਹੇ ਬਜ਼ੁਰਗਾਂ ਦੀ ਮਦਦ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਹੈ ਇਨ੍ਹਾਂ ਦੀ ਮਦਦ ਲਈ ਪੈਸਿਆਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਹ ਬਿਰਧ ਆਸ਼ਰਮ ਪੰਜਾਬ ਲਈ ਇੱਕ ਮਿਸਾਲ ਸਾਬਤ ਹੋਵੇਗਾ ਤੇ ਇੱਥੋਂ ਦੇ ਲੋਕਾਂ ਨੂੰ ਹਰ ਤਰਾਂ ਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਹਲਕੇ ਦੇ ਸਰਬਪੱਖੀ ਵਿਕਾਸ ਦੇ ਨਾਲ ਨਾਲ ਸਹਿਰ ਤੇ ਛਾਉਣੀ ਨੂੰ ਸੁੰਦਰ ਅਤੇ ਵਿਕਸਤ ਬਣਾਇਆ ਜਾ ਰਿਹਾ ਹੈ ਅਤੇ ਸ਼ਹਿਰ ਦੇ 10 ਗੇਟਾਂ ਦੀ ਮੁਰੰਮਤ ਦੇ ਨਾਲ-ਨਾਲ ਵੱਡੇ ਪਾਰਕ ਅਤੇ ਗਾਰਡਨ ਜਿੰਮ ਸਥਾਪਤ ਕੀਤੇ ਜਾ ਰਹੇ ਹਨ।