ਆਈਸੋਲੇਸ਼ਨ ਵਾਰਡ ਚ ਭਰਤੀ ਨੌਜਵਾਨ, ਪੁਲਿਸ ਕਰਮਚਾਰੀ ਦਾ ਬੇਟਾ
ਹਰਿੰਦਰ ਨਿੱਕਾ ਬਰਨਾਲਾ 8 ਅਪ੍ਰੈਲ 2020
ਸਿਹਤ ਵਿਭਾਗ ਦੀ ਟੀਮ ਨੇ ਬੁੱਧਵਾਰ ਸ਼ਾਮ ਨੂੰ ਮਹਿਲ ਕਲਾਂ ਦੇ ਪਿੰਡ ਕੁਤਬਾ ਤੋਂ ਇੱਕ ਪੁਲਿਸ ਕਰਮਚਾਰੀ ਦੇ ਬੇਟੇ ਨੂੰ ਕੋਰੋਨਾ ਪੌਜੇਟਿਵ ਮਰੀਜ਼ ਦੇ ਸੰਪਰਕ ਵਿੱਚ ਆਏ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਬਰਨਾਲਾ ਦੇ ਆਈਸੋਲੇਸ਼ਨ ਕੇਂਦਰ ਵਿੱਚ ਭਰਤੀ ਕਰਵਾਇਆ ਹੈ। ਪ੍ਰਾਪਤ ਸੂਚਨਾ ਅਨੁਸਾਰ ਇਹ ਸਿੱਖ ਨੌਜਵਾਨ ਨੇ ਕਰੀਬ 2 ਸਾਲ ਪਹਿਲਾਂ ਤਬਲੀਗੀ ਜਮਾਤ ਦੇ ਪ੍ਰਭਾਵ ਹੇਠ ਆਉਣ ਤੋਂ ਬਾਅਦ ਸਿੱਖ ਧਰਮ ਛੱਡ ਕੇ ਮੁਸਲਿਮ ਧਰਮ ਅਪਣਾ ਲਿਆ ਸੀ। ਸਿਹਤ ਵਿਭਾਗ ਦੀ ਟੀਮ ਨੂੰ ਇਸ ਨੌਜਵਾਨ ਦੇ ਪਿਛਲੇ ਦਿਨੀਂ ਲੁਧਿਆਣਾ ਵਿਖੇ ਹੋਈ ਇਕੱਤਰਤਾ ਵਿੱਚ ਸ਼ਾਮਿਲ ਹੋਣ ਦੀ ਸੂਚਨਾ ਲੁਧਿਆਣਾ ਪ੍ਰਸ਼ਾਸਨ ਤੋਂ ਮਿਲੀ ਸੀ।
ਪਰੰਤੂ ਇਸ ਨੌਜਵਾਨ ਨੂੰ ਤਲਾਸ਼ ਕਰਨ ਵਿੱਚ ਪ੍ਰਸ਼ਾਸਨ ਨੂੰ ਇਸ ਕਾਰਣ ਕਾਫੀ ਪਰੇਸ਼ਾਨੀ ਚੋਂ ਲੰਘਣਾ ਪਿਆ ਕਿਉਂਕਿ ਮੁਸਲਿਮ ਧਰਮ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਇਸ ਦਾ ਨਾਮ ਵੀ ਮੁਸਲਿਮ ਹੀ ਰੱਖਿਆ ਹੋਇਆ ਸੀ। ਜਦੋਂ ਕਿ ਇਲਾਕੇ ਦੇ ਜਿਆਦਾ ਲੋਕ ਇਸ ਦਾ ਸਿੱਖ ਪਰਿਵਾਰ ਵਾਲਾ ਬਚਪਨ ਦਾ ਨਾਮ ਹੀ ਜਾਣਦੇ ਸਨ। ਆਖਿਰ ਸਿਹਤ ਵਿਭਾਗ ਦੀ ਟੀਮ ਨੇ ਇਸ ਨੂੰ ਆਪਣੇ ਘਰ ਤੋਂ ਲਿਆ ਕਿ ਸਿਵਲ ਬਰਨਾਲਾ ਹਸਪਤਾਲ ਦੇ ਅਸਥਾਈ ਆਈਸੋਲੇਸ਼ਨ ਕੇਂਦਰ ਸੋਹਲ ਪੱਤੀ ਖੁੱਡੀ ਕਲਾਂ ਵਿਖੇ ਭਰਤੀ ਕਰਵਾ ਦਿੱਤਾ ਗਿਆ। ਇਸ ਨੌਜਵਾਨ ਨੂੰ ਭਰਤੀ ਕਰਨ ਦੀ ਪੁਸ਼ਟੀ ਜਿਲੇ ਦੇ ਸਿਹਤ ਵਿਭਾਗ ਦੇ ਕੋਰੋਨਾ ਸ਼ਾਖਾ ਦੇ ਨੋਡਲ ਅਧਿਕਾਰੀ ਡਾਕਟਰ ਮੁਨੀਸ਼ ਕੁਮਾਰ ਨੇ ਵੀ ਕੀਤੀ ਹੈ। ਉਹਨਾਂ ਦੱਸਿਆ ਕਿ ਵਿਭਾਗ ਨੂੰ ਇਤਲਾਹ ਮਿਲੀ ਸੀ ਕਿ ਇਹ ਨੌਜਵਾਨ ਕਿਸੇ ਕੋਰੋਨਾ ਪੌਜੇਟਿਵ ਤਬਲੀਗੀ ਜਮਾਤ ਦੇ ਬੰਦੇ ਦੇ ਸੰਪਰਕ ਵਿੱਚ ਰਿਹਾ ਹੈ। ਇਸ ਦੇ ਸੈਂਪਲ ਲੈ ਕੇ ਜਾਂਚ ਲਈ ਪਟਿਆਲਾ ਭੇਜ਼ ਦਿੱਤੇ ਹਨ।