ਕਾਂਗਰਸ ਸਾਂਸਦ ਰਵਨੀਤ ਬਿੱਟੂ ਅਤੇ ਭਾਜਪਾ ਦੇ ਮੰਤਰੀ ਹਰਦੀਪ ਪੁਰੀ ਖ਼ਿਲਾਫ਼ ਕੀਤੀ ਕਾਰਵਾਈ ਦੀ ਮੰਗ
ਗੁਰਸੇਵਕ ਸਿੰਘ ਸਹੋਤਾ , ਮਹਿਲ ਕਲਾਂ,21 ਜੂਨ 2021
ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੱਦੇ ਤੇ ਅੱਜ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਅਹੁਦੇਦਾਰਾਂ ਦੀ ਹਾਜ਼ਰੀ ਚ ਪੁਲੀਸ ਜ਼ਿਲ੍ਹਾ ਬਰਨਾਲਾ ਦੇ ਐੱਸਐੱਸਪੀ ਸ੍ਰੀ ਸੰਦੀਪ ਗੋਇਲ ਦੇ ਨਾਮ ਸਬ ਡਿਵੀਜ਼ਨ ਮਹਿਲ ਕਲਾਂ ਦੇ ਡੀਐੱਸਪੀ ਕੁਲਦੀਪ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀ ਐੱਸ ਪੀ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਖੇੜੀ, ਜਥੇਬੰਦਕ ਸਕੱਤਰ ਦਰਸ਼ਨ ਸਿੰਘ ਬਾਜਵਾ,ਹਲਕਾ ਪ੍ਰਧਾਨ ਸੋਮਾ ਸਿੰਘ ਗੰਡੇਵਾਲ, ਲੀਗਲ ਸੈੱਲ ਬਰਨਾਲਾ ਦੇ ਇੰਚਾਰਜ ਐਡਵੋਕੇਟ ਬਲਦੇਵ ਸਿੰਘ ਬੀਹਲਾ, ਜਰਨਲ ਸਕੱਤਰ ਏਕਮ ਸਿੰਘ ਛੀਨੀਵਾਲ , ਸੀਨੀਅਰ ਆਗੂ ਡਾ ਬਲਜੀਤ ਸਿੰਘ ਗੁੰਮਟੀ ਨੇ ਕਿਹਾ ਕਿ ਪਿਛਲੇ ਦਿਨੀਂ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਵਿਚਕਾਰ ਹੋਏ ਸਮਝੌਤੇ ਤੋਂ ਬਾਅਦ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲੋਂ ਲਗਾਤਾਰ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਤੇ ਖ਼ਾਸਕਰ ਅਨੁਸੂਚਿਤ ਜਾਤੀ ਵਰਗਾਂ ਨੂੰ ਲਗਾਤਾਰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਇਸ ਦੇ ਨਾਲ ਨਾਲ ਉਨ੍ਹਾਂ ਨੂੰ ਗ਼ੈਰ ਪੰਥਕ ਐਲਾਨ ਕੇ ,ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਪਹੁੰਚਾਉਣ ਦੀ ਇਕ ਯੋਜਨਾਬੱਧ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਾਂਸਦ ਰਵਨੀਤ ਸਿੰਘ ਬਿੱਟੂ ਵੱਲੋਂ ਇਹ ਕਿਹਾ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਚਮਕੌਰ ਸਾਹਿਬ ਦੀਆਂ ਪਵਿੱਤਰ ਸੀਟਾਂ ਬਹੁਜਨ ਸਮਾਜ ਪਾਰਟੀ ਲਈ ਛੱਡ ਦਿੱਤੀਆਂ ਹਨ ।ਇਸ ਤਰ੍ਹਾਂ ਉਨ੍ਹਾਂ ਨੇ ਪਵਿੱਤਰ ਤੇ ਅਪਪਵਿੱਤਰ ਦਾ ਮੁੱਦਾ ਖੜ੍ਹਾ ਕੀਤਾ ਹੈ ਤੇ ਬਹੁਜਨ ਸਮਾਜ ਪਾਰਟੀ ਜੋ ਕਿ ਲਤਾੜੇ ਲੋਕਾਂ ਦੀ ਨੁਮਾਇੰਦਗੀ ਕਰਦੀ ਆ ਰਹੀ ਹੈ ਤੇ ਜਿਨ੍ਹਾਂ ਨੂੰ ਪਹਿਲਾਂ ਵੀ ਅਛੂਤ ਐਲਾਨਿਆ ਗਿਆ ਸੀ।ਉਨ੍ਹਾਂ ਨੂੰ ਮੁੜ ਅਜਿਹਾ ਐਲਾਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।ਜਦਕਿ ਗੁਰੂ ਸਾਹਿਬਾਨ ਨੇ ਇਨ੍ਹਾਂ ਸਦੀਆਂ ਤੋਂ ਲਤਾੜੇ ਲੋਕਾਂ ਨੂੰ ਵੀ ਸਿੱਖੀ ਰਾਹੀਂ ਮਾਣ ਬਖ਼ਸ਼ਿਆ ਸੀ ਤੇ ਜਾਤ ਪਾਤ ਦਾ ਖ਼ਾਤਮਾ ਕੀਤਾ ਸੀ ।ਬੀਐਸਪੀ ਆਗੂਆਂ ਨੇ ਕਿਹਾ ਕਿ ਚਮਕੌਰ ਦੀ ਗੜ੍ਹੀ ਵਿੱਚ ਇੰਨਾ ਲਤਾੜੇ ਲੋਕਾਂ ਨੂੰ ਕਲਗੀ ਦੇ ਕੇ ਮਾਣ ਬਖ਼ਸ਼ਿਆ ਸੀ ਅਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਦਸਮੇਸ਼ ਪਿਤਾ ਨੇ ਇਨ੍ਹਾਂ ਨੂੰ ਰੰਘਰੇਟੇ ਗੁਰੂ ਕੇ ਬੇਟੇ ਦਾ ਮਾਣ ਦਿੱਤਾ ਸੀ ।ਇਸ ਕਰਕੇ ਸਦੀਆਂ ਤੋਂ ਲਤਾੜੇ ਲੋਕ ਗੁਰੂ ਸਾਹਿਬਾਨ ਦੇ ਫਲਸਫ਼ੇ ਨਾਲ ਜੁੜ ਗਏ ਤੇ ਇਹ ਫ਼ਲਸਫ਼ਾ ਉਨ੍ਹਾਂ ਦੀ ਜ਼ਿੰਦਗੀ ਦਾ ਅਟੁੱਟ ਹਿੱਸਾ ਹੈ ।ਪਰ ਇਸ ਦੇ ਬਾਵਜੂਦ ਉਨ੍ਹਾਂ ਸਾਰੇ ਲੋਕਾਂ ਨੂੰ ਕਾਂਗਰਸ ਸਾਂਸਦ ਰਵਨੀਤ ਬਿੱਟੂ ਵੱਲੋਂ ਅਪਪਵਿੱਤਰ ਐਲਾਨ ਕੇ ਉਨ੍ਹਾਂ ਨੂੰ ਇਸ ਫਲਸਫੇ ਤੋਂ ਨਿਖੇੜਨ ਦਾ ਕੰਮ ਕੀਤਾ ਹੈ ਤੇ ਉਨ੍ਹਾਂ ਨੂੰ ਸਦੀਆਂ ਪਹਿਲਾਂ ਦੀ ਤਰ੍ਹਾਂ ਮੁੜ ਅਛੂਤ ਐਲਾਨਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ।
ਉਨ੍ਹਾਂ ਕਿਹਾ ਕਿ ਇੱਥੇ ਹੀ ਬੱਸ ਨਹੀਂ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਵੀ ਅਜਿਹੀ ਹਰਕਤ ਕੀਤੀ ਹੈ ਤੇ ਉਨ੍ਹਾਂ ਨੇ ਵੀ ਗ਼ੈਰਪੰਥਕ ਦਾ ਮੁੱਦਾ ਖੜ੍ਹਾ ਕਰ ਕੇ ਇਨ੍ਹਾਂ ਲੋਕਾਂ ਨੂੰ ਪੰਥ ਦਾਇਰੇ ਤੋਂ ਬਾਹਰ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਹੈ । ਜਦਕਿ ਬਹੁਜਨ ਸਮਾਜ ਪਾਰਟੀ ਦੇ ਬਾਨੀ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਹਨ, ਜਿਨ੍ਹਾਂ ਦੇਸ਼ ਦੀ ਪਾਰਲੀਮੈਂਟ ਵਿੱਚ ਕਿਹਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਉਨ੍ਹਾਂ ਦਾ ਚੋਣ ਮੈਨੀਫੈਸਟੋ ਹੈ ਤੇ ਉਹ ਗੁਰੂ ਸਾਹਿਬਾਨ ਦੇ ਫਲਸਫੇ ਨੂੰ ਦੇਸ਼ ਭਰ ਵਿੱਚ ਲਾਗੂ ਕਰਨਾ ਚਾਹੁੰਦੇ ਹਨ ।ਅਖੀਰ ਵਿਚ ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਾਂਗਰਸ ਤੇ ਭਾਜਪਾ ਦੇ ਇਨ੍ਹਾਂ ਲੀਡਰਾਂ ਵੱਲੋਂ ਸਦੀਆਂ ਤੋਂ ਲਤਾੜੇ ਲੋਕਾਂ ਨੂੰ ਅਪਮਾਨਤ ਕਰਨ ਵਾਲੇ ਬਿਆਨ ਦੇ ਕੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਪਹੁਚਾਉਣ ਵਾਲੇ ਲੋਕਾਂ ਖਿਲਾਫ਼ ਭਾਰੀ ਰੋਸ ਹੈ । ਇਸ ਕਰਕੇ ਪੰਜਾਬ ਦੇ ਮਾਹੌਲ ਨੂੰ ਦੇਖਦੇ ਹੋਏ ਇਨ੍ਹਾਂ ਆਗੂਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ।
ਇਸ ਮੌਕੇ ਅਕਾਲੀ ਦਲ ਵੱਲੋਂ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪ੍ਰਿਤਪਾਲ ਸਿੰਘ ਛੀਨੀਵਾਲ ,ਸਰਕਲ ਪ੍ਰਧਾਨ ਸੁਖਵਿੰਦਰ ਸੁੱਖਾ,ਗੁਰਦੀਪ ਸਿੰਘ ਕਾਲਾ ਛਾਪਾ , ਰਿੰਕਾਂ ਕੁਤਬਾ ਬਾਹਮਣੀਆਂ, ਮਹਿੰਦਰ ਸਿੰਘ ਚੁਹਾਣਕੇ ਅਤੇ ਨਾਥ ਸਿੰਘ ਹਮੀਦੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਵਿਚਕਾਰ ਹੋਏ ਸਮਝੌਤੇ ਨੂੰ ਲੈ ਕੇ ਕਾਂਗਰਸ ਅਤੇ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਹੁਣੇ ਤੋਂ ਹੀ ਆਪਣੀ ਵਿਧਾਨ ਸਭਾ ਚੋਣਾਂ ਚ ਹੁੰਦੀ ਹਾਰ ਦੇਖ ਕੇ ਬੁਖਲਾ ਗਏ ਹਨ ਅਤੇ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਲਈ ਬੇਤੁਕੇ ਬਿਆਨ ਦੇ ਰਹੇ ਹਨ ।ਇਸ ਮੌਕੇ ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਬਹੁਜਨ ਸਮਾਜ ਪਾਰਟੀ ਦੇ ਨਾਲ ਚਟਾਨ ਵਾਂਗ ਨਾਲ ਖੜੇ ਹਨ ਅਤੇ ਹਰ ਸੰਘਰਸ਼ ਵਿੱਚ ਡਟ ਕੇ ਉਨ੍ਹਾਂ ਦਾ ਸਾਥ ਦੇਣਗੇ । ਇਸ ਮੌਕੇ ਬੀਐਸਪੀ ਆਗੂ ਗੁਰਜੀਤ ਸਿੰਘ ਮਾਹਮਦਪੁਰ, ਹਰਦੀਪ ਸਿੰਘ ਠੁੱਲੀਵਾਲ, ਸਰੂਪ ਸਿੰਘ ਬਧੇਸਾ,ਜਨਰਲ ਸਕੱਤਰ,ਬੂਟਾ ਸਿੰਘ ਉੱਪ ਪ੍ਰਧਾਨ ਹਲਕਾ ਮਹਿਲ ਕਲਾਂ, ਜਥੇ ਹਰਬੰਸ ਸਿੰਘ ਛੀਨੀਵਾਲ, ਗੁਰਪ੍ਰੀਤ ਸਿੰਘ ਕੋਆਰਡੀਨੇਟਰ , ਅਕਾਲੀ ਆਗੂ ਗੁਰਮੇਲ ਸਿੰਘ ਨਿਹਾਲੂਵਾਲ ,ਸੁਸਾਇਟੀ ਪ੍ਰਧਾਨ ਤੇ ਯੂਥ ਵਿੰਗ ਦੇ ਪ੍ਰਧਾਨ ਬਲਵੰਤ ਸਿੰਘ ਢਿੱਲੋਂ ਛੀਨੀਵਾਲ,ਬਲਦੇਵ ਸਿੰਘ ਗਾਗੇਵਾਲ, ਹਰਦੀਪ ਸਿੰਘ ਮਹਿਲ ਕਲਾਂ, ਗੁਰਦੀਪ ਸਿੰਘ ਟਿਵਾਣਾ , ਅਵਤਾਰ ਸਿੰਘ ਨੰਬਰਦਾਰ ਛੀਨੀਵਾਲ ਆਦਿ ਹਾਜ਼ਰ ਸਨ।
Advertisement