ਤੱਥ ਬੋਲਦੇ ਨੇ -ਸੈਂਪਲ ਭੇਜ਼ੇ 36 ,ਰਿਪੋਰਟ ਮਿਲੀ 25 , ਨੈਗੇਟਿਵ 24 , ਪੌਜੇਟਿਵ 1 ਤੇ ਪੈਂਡਿੰਗ 11
ਹਰਿੰਦਰ ਨਿੱਕਾ ਬਰਨਾਲਾ 6 ਅਪ੍ਰੈਲ 2020
ਸ਼ਹਿਰ ਦੇ ਸੇਖਾ ਰੋਡ ਖੇਤਰ ਦੀ ਗਲੀ ਨੰਬਰ 4 ਵਿੱਚ ਇੱਕ ਐਨ.ਆਰ.ਆਈ ਪਰਿਵਾਰ ਦੀ ਕੋਠੀ ਚ ਕਿਰਾਏ ਤੇ ਰਹਿਣ ਵਾਲੀ ਜਿਲ੍ਹੇ ਦੀ ਪਹਿਲੀ ਕੋਰੋਨਾ ਪੀੜਤ ਮਰੀਜ਼ ਰਾਧਾ ਦੀ ਰਿਪੋਰਟ ਪੌਜੇਟਿਵ ਆਉਂਦਿਆਂ ਹੀ ਹਸਪਤਾਲ ਦਾ ਅਮਲਾ ਹੋਰ ਵਧੇਰੇ ਚੌਕਸ ਹੋ ਗਿਆ ਹੈ। ਇਹਤਿਆਤ ਦੇ ਤੌਰ ਤੇ ਕੋਰੋਨਾ ਦਾ ਸ਼ੱਕ ਦੂਰ ਕਰਨ ਲਈ ਹਸਪਤਾਲ ਵੱਲੋਂ 2 ਡਾਕਟਰਾਂ ਤੇ ਮਰੀਜ਼ ਦੇ ਸੰਪਰਕ ਚ ਰਹੇ 3 ਹੈਲਪਰਾਂ ਦੇ ਸੈਂਪਲ ਵੀ ਰਜਿੰਦਰਾ ਹਸਪਤਾਲ ਨੂੰ ਜਾਂਚ ਲਈ ਭੇਜ਼ ਦਿੱਤੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਮਉ ਡਾਕਟਰ ਤਪਿੰਦਰਜੋਤ ਜੋਤੀ ਕੌਸ਼ਲ ਨੇ ਦੱਸਿਆ ਕਿ ਰਾਧਾ ਦਾ ਇਲਾਜ਼ ਕਰਨ ਵਾਲੇ ਡਾਕਟਰ ਤੇ ਮਰੀਜ਼ ਦੀ ਸੰਭਾਲ ਚ ਡਾਕਟਰ ਦਾ ਸਹਿਯੋਗ ਕਰ ਰਹੇ 3 ਹੈਲਪਰਾਂ ਅਤੇ ਇੱਕ ਹੋਰ ਡਾਕਟਰ ਦੇ ਸੈਂਪਲ ਲੈ ਕੇ ਵੀ ਜਾਂਚ ਲਈ ਭੇਜ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਦੂਸਰਾ ਡਾਕਟਰ ਉਹ ਹੈ ਜੋ ਮਰੀਜ਼ ਦੇ ਇਲਾਜ਼ ਕਰਨ ਵਾਲੀ ਟੀਮ ਦਾ ਮੈਂਬਰ ਭਾਂਵੇ ਨਹੀ ਸੀ। ਪਰੰਤੂ ਉਸ ਵਿੱਚ ਵੀ ਐਕਸਪੋਜ਼ਰ ਹੋਣ ਕਰਕੇ ਕੋਰੋਨਾ ਦਾ ਸ਼ੱਕ ਮਿਟਾਉਣ ਲਈ ਸੈਂਪਲ ਲੈ ਕੇ ਭੇਜ਼ੇ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਹਸਪਤਾਲ ਵੱਲੋਂ ਸਿਹਤ ਵਿਭਾਗ ਦੇ 5 ਮੁਲਾਜ਼ਮਾਂ ਸਮੇਤ ਕੁੱਲ 11 ਵਿਅਕਤੀਆਂ ਦੇ ਸੈਂਪਲ ਭੇਜ਼ੇ ਜਾ ਚੁੱਕੇ ਹਨ। ਜਿੰਨ੍ਹਾਂ ਚ ਰਾਧਾ ਦੇ ਪਤੀ ਤੇ ਬੇਟੀ ਤੋਂ ਇਲਾਵਾ ਉਸ ਦੇ ਮਕਾਨ ਮਾਲਿਕ ਦੇ ਪਰਿਵਾਰ ਦੇ 4 ਵਿਅਕਤੀਆਂ ਚ2 ਔਰਤਾਂ ਤੇ 2 ਪੁਰਸ਼ ਵੀ ਸ਼ਾਮਿਲ ਹਨ। ਇੱਨ੍ਹਾ ਸਭ ਦੀ ਰਿਪੋਰਟ ਅੱਜ ਸ਼ਾਮ ਤੱਕ ਜਾਂ ਫਿਰ ਮੰਗਲਵਾਰ ਸਵੇਰ ਤੱਕ ਆ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਸੈਂਪਲ ਭੇਜ਼ੇ ਗਏ ਸਾਰੇ ਹੀ ਵਿਅਕਤੀ ਹਾਲ ਦੀ ਘੜੀ ਪੂਰੀ ਤਰਾਂ ਸਿਹਤਮੰਦ ਹਨ। ਵਰਨਣਯੋਗ ਹੈ ਕਿ ਜਿਲ੍ਹੇ ਦੇ ਕੁੱਲ 36 ਵਿਅਕਤੀਆਂ ਦੇ ਸੈਂਪਲ ਜਾਂਚ ਲਈ ਭੇਜ਼ੇ ਗਏ ਹਨ। ਇੱਨ੍ਹਾਂ ਚੋਂ 24 ਦੀ ਨੈਗੇਟਿਵ ਤੇ ਇੱਕ ਦੀ ਪੌਜੇਟਿਵ ਰਿਪੋਰਟ ਆਈ ਹੈ। ਜਦੋਂ ਕਿ 11 ਦੀ ਰਿਪੋਰਟ ਆਉਣਾ ਬਾਕੀ ਹੈ।
ਕੋਰੋਨਾ ਤੋਂ ਬਚਾਅ ਦੀ ਗੱਲ ਘਰ ਬਹਿਣਾ ਹੀ ਇੱਕੋ ਹੱਲ
ਐਸ.ਐਮ.ਉ ਡਾਕਟਰ ਜੋਤੀ ਕੌਸ਼ਲ ਨੇ ਕਿਹਾ ਕਿ ਲੋਕਾਂ ਦੀ ਘਬਰਾਹਟ ਨੂੰ ਦੂਰ ਕਰਦਿਆਂ ਕਿਹਾ ਕਿ ਕੋਰੋਨਾ ਤੋਂ ਡਰਨ ਦੀ ਨਹੀਂ ਇਸ ਤੋਂ ਬਚਾਅ ਲਈ ਘਰਾਂ ਚ ਹੀ ਵੜਨ ਦੀ ਜਰੂਰਤ ਹੈ। ਕੋਰੋਨਾ ਦਾ ਖਤਰਾ ਸਿਹਤ ਵਿਭਾਗ ਵੱਲੋਂ ਦੱਸੀਆਂ ਜਾ ਰਹੀਆਂ ਸਾਵਧਾਨੀਆਂ ਅਨੁਸਾਰ ਬਿਨਾਂ ਮਾਸਕ ਪਹਿਣੇ ਘਰੋਂ ਨਹੀਂ ਨਿੱਕਲਣਾ ਹੱਥ ਮਿਲਾਉਣ ਦੀ ਬਜਾਏ ਦੂਰੋਂ ਹੀ ਗੁਰੂ ਫਤਿਹ ਬੁਲਾਉਣਾ ਸੈਨੀਟਾਈਜ਼ਰ ਦੀ ਵਰਤੋਂ ਕਰਨਾ ਸਾਬੁਣ ਨਾਲ ਹੱਥ ਵਾਰ ਵਾਰ ਚੰਗੀ ਤਰਾਂ ਧੋਣਾ ਆਦਿ ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਹੂ-ਬ-ਹੂ ਪਾਲਣਾ ਕਰਨ ਨਾਲ ਹੀ ਖਤਰਾ ਟਲ ਸਕਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਚੰਗੀ ਤਰਾਂ ਗੱਲ ਮਨ ਚ ਬਿਠਾ ਲੈਣੀ ਚਾਹੀਦੀ ਹੈ ਕਿ ਕੋਰੋਨਾ ਤੋਂ ਬਚਾਅ ਦੀ ਗੱਲਘਰ ਬਹਿਣਾ ਹੀ ਇੱਕੋ ਹੱਲ।