ਕਰਫਿਊ ਚ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਵੀ 2 ਧੜ੍ਹਿਆਂ ਵਿੱਚ ਵੰਡਿਆ ਪਰਸ਼ਾਸਨ
ਰਾਜਮਹਿੰਦਰ ਬਰਨਾਲਾ 6 ਅਪਰੈਲ 2020
ਜਿਲ੍ਹੇ ਦਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਕਰਫਿਊ ਦੇ ਦਿਨਾਂ ਚ ਜਰੂਰਤਮੰਦ ਲੋਕਾਂ ਲਈ ਰਾਸ਼ਨ ਵੰਡਣ ਲੱਗਿਆ ਹੋਇਆ ਹੈ। ਕੰਮ ਸ਼ਲਾਘਾਯੋਗ ਹੈ ਪਰੰਤੂ ਸਾਂਝਾ ਤੇ ਪੁੰਨ ਦਾ ਕੰਮ ਹੋਣ ਦੇ ਬਾਵਜੂਦ ਵੀ ਪੁਲਿਸ ਤੇ ਸਿਵਲ ਪਰਸ਼ਾਸਨ ਇੱਨ੍ਹੀ ਦਿਨੀ ਰਾਸ਼ਨ ਵੰਡਣ ਨੂੰ ਲੈ ਕੇ 2 ਧੜਿਆਂ ਵਿੱਚ ਵੰਡਿਆ ਦਿਖਾਈ ਦੇ ਰਿਹਾ ਹੈ। ਦੋ ਧੜਿਆਂ ਚ ਵੰਡੇ ਜਿਲ੍ਹਾ ਪ੍ਰਸ਼ਾਸਨ ਨੇ ਕਰਫਿਊ ਦੇ 16 ਦਿਨ ਲੰਘ ਜਾਣ ਤੋਂ ਬਾਅਦ ਵੀ ਰਾਸ਼ਨ ਵੰਡ ਲਈ ਕੋਈ ਸਾਂਝੀ ਰਣਨੀਤੀ ਤੱਕ ਨਹੀਂ ਬਣਾਈ। ਹਾਲਤ ਇਹ ਹੋ ਚੁੱਕੇ ਹਨ ਕਿ ਡਿਪਟੀ ਕਮਿਸ਼ਨਰ ਤੇਜ਼ ਪਰਤਾਪ ਸਿੰਘ ਫੂਲਕਾ ਅਤੇ ਐਸ ਐਸ ਪੀ ਸੰਦੀਪ ਗੋਇਲ ਦੀਆਂ 2 ਟੀਮਾਂ ਲਗਾਤਾਰ ਆਪੋ ਆਪਣੇ ਤਰੀਕੇ ਨਾਲ ਲੋਕਾਂ ਤੱਕ ਰਾਸ਼ਨ ਪਹੁੰਚਾਉਣ ਦੇ ਯਤਨ ਕਰ ਰਹੀਆਂ ਹਨ। ਪੱਤਰਕਾਰਾਂ ਦੀਆਂ ਵੀ ਦੋ ਤਿੰਨ ਟੀਮਾਂ ਇਸ ਪੁੰਨ ਦੇ ਕੰਮ ਵਿੱਚ ਕੋਈ ਕੋਰ ਕਸਰ ਬਾਕੀ ਨਹੀਂ ਛੱਡ ਰਹੀਆਂ । ਇਸ ਦੇ ਨਾਲ ਨਾਲ ਗੀਤਾ ਭਵਨ ਕਮੇਟੀ, ਗਿਆਨ ਮੰਦਿਰ ਕਮੇਟੀ, ਐਸ ਜੀ ਪੀ ਸੀ, ਸ਼ਿਵ ਮੰਦਿਰ ਕਮੇਟੀ, ਡੇਰਾ ਬਾਬਾ ਗਾਂਧਾ ਸਿੰਘ, ਬਾਲਾ ਜੀ ਟਰਸੱਟ, ਡੇਰਾ ਲੱਖੀ ਕਾਲੋਨੀ , ਕਾਂਗਰਸ ਪਾਰਟੀ ,ਐਮ ਐਲ ਏ ਮੀਤ ਹੇਅਰ ਬਰਨਾਲਾ ,ਟਰਾਈਡੈਂਟ ਗਰੁੱਪ ਸਮੇਤ ਅਨੇਕਾਂ ਹੋਰ ਸੰਸਥਾਵਾਂ ਇਸ ਔਖੇ ਵੇਲੇ ਗਰੀਬ ਪਰਿਵਾਰਾਂ ਲਈ ਸੁੱਕਾ ਰਾਸ਼ਨ ਅਤੇ ਕੁਝ ਭੋਜਨ ਤਿਆਰ ਕਰਕੇ ਘਰ ਘਰ ਪਹੁੰਚਾਉਣ ਦਾ ਉਪਰਾਲਾ ਕਰ ਰਹੀਆਂ ਹਨ ।
ਰਾਹਤ ਦੀ ਆੜ ਬਣੀ ਚੋਣ ਲੜਨ ਦਾ ਜੁਗਾੜ
ਨਗਰ ਕੌਂਸਲ ਦੀਆਂ ਚੋਣਾਂ ਵੀ ਨਜਦੀਕ ਹਨ। ਇਸ ਲਈ ਕਰਫਿਊ ਦੇ ਦਿਨਾਂ ਵਿੱਚ ਮਜਦੂਰ ਤੇ ਰੋਟੀ ਲਈ ਮਜਬੂਰ ਹੋ ਚੁੱਕੇ ਲੋਕਾਂ ਨਾਲ ਰਾਬਤਾ ਬਣਾਉਣ ਹਿੱਤ ਕੁਝ ਸੰਭਾਵੀ ਉਮੀਦਵਾਰਾਂ ਨੇ ਵੀ ਰਾਹਤ ਦੀ ਆੜ ਹੇਠ ਚੋਣ ਦਾ ਮਾਹੌਲ ਤਿਆਰ ਕਰਨ ਲਈ ਹੁਣ ਜੁਗਾੜ ਲਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਲਈ ਕਈ ਸੰਭਾਵੀ ਉਮੀਦਵਾਰ ਆਪੋ-ਆਪਣੇ ਵਾਰਡ ਚ ਵੋਟਾਂ ਪੱਕੀਆਂ ਕਰਨ ਦੀ ਉਮੀਦ ਨਾਲ ਲੋਕਾਂ ਦੀ ਮੱਦਦ ਕਰਨ ਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਮਾਨਵਤਾ ਤੇ ਆਏ ਇਸ ਵੱਡੇ ਸੰਕਟ ਦੀ ਘੜੀ ਵਿੱਚ ਪਰਉਪਕਾਰ ਦੇ ਨਾਲ ਨਾਲ ਸੰਭਾਵੀ ਨੇਤਾ ਰਾਸ਼ਨ ਵੰਡਣ ਵੇਲੇ ਫੋਟੋ ਖਿੱਚਣ ਤੋਂ ਨਹੀਂ ਖੁੰਝਦੇ। ਇੱਨ੍ਹਾਂ ਹੀ ਨਹੀਂ। ਇਹ ਲੋਕ ਫੋਟੋ ਖਿੱਚਣ ਖਿਚਵਾਉਣ ਵੇਲੇ ਸੋਸ਼ਲ ਦੂਰੀ ਦੇ ਨਿਯਮ ਨੂੰ ਮਨੋ ਵਿਸਾਰ ਦਿੰਦੇ ਹਨ ।
-ਲੌਕਡਾੳਨ ਸਮੇਂ ਐਨੇ ਪਾਸ ਕਿਵੇਂ ਬਣ ਗਏ
ਲੋਕਾਂ ਦੀ ਸਿਹਤਯਾਬੀ ਲਈ ਲਾਗੂ ਲੌਕਡਾੳਨ ਸਮੇਂ ਇੱਨ੍ਹੇਂ ਸਾਰੇ ਚੋਣ ਲੜਨ ਦੇ ਚਾਹਵਾਨ ਵਿਅਕਤੀਆਂ ਨੂੰ ਪਾਸ ਕਿਵੇਂ ਅਤੇ ਕਿਸ ਨੇ ਜਾਰੀ ਕਰ ਦਿੱਤੇ ਇਹ ਸਵਾਲ ਵੀ ਲੋਕਾਂ ਦੇ ਜ਼ਿਹਨ ਚ ਵਾਰ ਵਾਰ ਉੱਠ ਰਹੇ ਹਨ। ਭਾਂਵੇ ਇੱਕ ਪਾਸੇ ਪ੍ਰਸ਼ਾਸਨ ਸਰਕਾਰੀ ਆਦੇਸ਼ਾਂ ਨੂੰ ਲਾਗੂ ਕਰਵਾਉਣ ਲਈ ਸਖਤੀ ਵਰਤ ਰਿਹਾ ਹੈ। ਉੱਥੇ ਹੀ ਵਿੰਗ ਵਲ ਪਾ ਕੇ ਪ੍ਰਸ਼ਾਸਨਿਕ ਅਮਲੇ ਨੇ ਖੁਦ ਹੀ ਅਜਿਹੇ ਵਿਅਕਤੀਆਂ ਨੂੰ ਪਾਸ ਜਾਰੀ ਕਰਕੇ ਖੁਦ ਹੀ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਡਾ ਦਿੱਤੀਆ ਹਨ। ਹਾਲਤ ਇਹ ਹਨ ਕਿ ਦਫਾ 44 ਦੇ ਬਾਵਜੂਦ ਵੀ ਸ਼ਹਿਰ ਵਿੱਚ ਰਾਸ਼ਨ ਵੰਡਣ ਲਈ ਝੁੰਡ ਬਣਾ ਕੇ ਘੁੰਮਦੇ ਇਹ ਸੱਜਣ ਸੋਸ਼ਲ ਦੂਰੀ ਦੀ ਅਣਹੋਂਦ ਕਾਰਣ ਖੁਦ ਵੀ ਕਰੋਨਾ ਦੀ ਲਾ-ਇਲਾਜ ਬਿਮਾਰੀ ਦੀ ਲਪੇਟ ਵਿੱਚ ਆ ਸਕਦੇ ਹਨ ਅਤੇ ਅੱਗੇ ਆਪਣੇ ਪਰਿਵਾਰਾਂ ਤੇ ਹੋਰ ਲੋਕਾਂ ਲਈ ਵੀ ਸਮੱਸਿਆ ਖੜੀ ਕਰ ਸਕਦੇ ਹਨ । ਸਮੇਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਬਰਨਾਲਾ ਪ੍ਰਸ਼ਾਸਨ ਨੂੰ ਚਾਹੀਂਦਾ ਹੈ ਕਿ ਵਾਧੂ ਸੇਵਾਦਾਰਾਂ ਦੀ ਛਾਂਟੀ ਕਰਕੇ ਲੋੜਵੰਦ ਪਰਿਵਾਰਾਂ ਦੀ ਮੱਦਦ ਲਈ ਠੋਸ ਨੀਤੀ ਆਪਣਾਕੇ ਲੋਕਾਂ ਤੱਕ ਰਾਸ਼ਨ ਪਹੁੰਚਾਉਣਾ ਯਕੀਨੀ ਬਣਾਏ ।
ਰਾਸ਼ਨ ਵੰਡਣ ਲਈ ਭੀੜ ਇਕੱਠੀ ਨਾ ਕਰੋ-ਐਸ.ਪੀ ਭਾਰਦਵਾਜ
ਐਸਪੀ ਪੀਬੀਆਈ ਰੁਪਿੰਦਰ ਭਾਰਦਵਾਜ ਨੇ ਕਰਫਿਊ ਦੇ ਦੌਰਾਨ ਭੀੜ ਇਕੱਠੀ ਕਰਨ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਕਰਫਿਊ ਦੌਰਾਨ ਕਿਸੇ ਵੀ ਵਿਅਕਤੀ ਨੂੰ ਭੀੜ ਇਕੱਠੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਦਫਾ 144 ਵਿੱਚ ਕਾਨੂੰਨੀ ਤੌਰ ਤੇ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਮਕਸਦ ਲਈ ਇਕੱਠ ਕਰਨ ਦੀ ਛੋਟ ਨਹੀ ਹੈ। ਕਾਨੂੰਨ ਦੀ ਨਜ਼ਰ ਵਿੱਚ ਹਰ ਕੋਈ ਵਿਅਕਤੀ ਬਰਾਬਰ ਹੈ। ਇਸ ਲਈ ਲੋਕਾਂ ਨੂੰ ਕਿਸੇ ਵੀ ਸੂਰਤ ਵਿੱਚ ਭੀੜ ਤੋਂ ਬਚਣਾ ਹੀ ਜਰੂਰੀ ਹੈ। ਇਹ ਕਾਨੂੰਨਨ ਵੀ ਜੁਰਮ ਹੈ ਅਤੇ ਮਹਾਂਮਾਰੀ ਦੇ ਹਾਲਤ ਵਿੱਚ ਕਿਸੇ ਵੀ ਮੰਸ਼ਾ ਤਹਿਤ ਜੁਟਾਈ ਭੀੜ ਕੋਰੋਨਾ ਦੇ ਪਸਾਰ ਲਈ ਵੱਡਾ ਅਧਾਰ ਬਣ ਸਕਦੀ ਹੈ। ਭਾਰਦਵਾਜ ਨੇ ਕਿਹਾ ਕਿ ਮੁਸੀਬਤ ਦੀ ਇਸ ਘੜੀ ਚ ਗਰੀਬ ਲੋਕਾਂ ਨੂੰ ਰਾਸ਼ਨ ਵੰਡਣ ਦਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਪਰ ਲੋਕਾਂ ਨੂੰ ਡੋਰ ਟੂ ਡੋਰ ਜਾ ਕੇ ਰਾਸ਼ਨ ਵੰਡਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵੇਖਣ ਵਿੱਚ ਇਹ ਵੀ ਆਇਆ ਹੈ ਕਿ ਗਰੀਬ ਲੋਕਾਂ ਦੀ ਹੀ ਨਹੀ ਸਗੋਂ ਮੱਧਵਰਗੀ ਪਰਿਵਾਰਾਂ ਦੀ ਹਾਲਤ ਵੀ ਕੰਮ ਧੰਦਾ ਬੰਦ ਹੋ ਜਾਣ ਕਰਕੇ ਮਾੜੀ ਹੋ ਚੁੱਕੀ ਹੈ। ਇਸ ਲਈ ਮੱਧ ਵਰਗ ਨਾਲ ਸਬੰਧਿਤ ਪਰਿਵਾਰਾਂ ਦੀਆਂ ਸੂਚੀਆਂ ਬਣਾ ਕੇ ਉਨ੍ਹਾਂ ਦੇ ਵੀ ਘਰ-ਘਰ ਰਾਸ਼ਨ ਪਹੁੰਚਾਉਣਾ ਚਾਹੀਦਾ ਹੈ।