ਅਕਾਲੀ ਦਲ ਸਰਕਾਰ ਆਉਣ ਤੇ ਮੁੜ ਚਾਲੂ ਕਰਾਂਗੇ-ਰਾਹੀ
ਜਤਿੰਦਰ ਸਿੰਗਲਾ/ਕੁਲਦੀਪ ਰਾਜੂ , ਰੂੜੇਕੇ, 18 ਜੂਨ 2021
ਕਰੀਬ 25 ਹਜ਼ਾਰ ਦੀ ਆਬਾਦੀ ਅਤੇ ਪੰਜ ਪੰਚਾਇਤਾਂ ਵਾਲੇ ਪਿੰਡ ਧੌਲਾ ਦਾ ਸੁਵਿਧਾ ਕੇਂਦਰ ਚਿੱਟਾ ਹਾਥੀ ਬਣਕੇ ਰਹਿ ਗਿਆ ਹੈ। ਅਕਾਲੀ ਦਲ ਦੀ ਸਰਕਾਰ ਵੱਲੋਂ ਆਪਣੀ ਸਰਕਾਰ ਵੇਲੇ ਪਿੰਡਾਂ ਦੇ ਲੋਕਾਂ ਦੀਆਂ ਸਹੂਲਤਾਂ ਲਈ ਕਈ ਪਿੰਡ ਵਿਚ ਉਕਤ ਸੇਵਾ ਕੇਂਦਰ ਸ਼ੁਰੂ ਕੀਤੇ ਗਏ ਸਨ।ਜਿਸ ਤਹਿਤ ਲੋਕਾਂ ਨੂੰ ਇੱਕ ਸੌ ਦੇ ਕਰੀਬ ਸੇਵਾਵਾਂ ਪਿੰਡ ਵਿਚ ਹੀ ਮਿਲ ਜਾਂਦੀਆਂ ਸਨ।ਪਰ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਦੇ ਕਈ ਪਿੰਡਾਂ ਦੇ ਸੇਵਾ ਕੇਂਦਰਾਂ ਨੂੰ ਬੰਦ ਕਰ ਦਿੱਤਾ ਗਿਆ ਸੀ।ਜਿਸ ਵਿਚ ਧੌਲਾ ਦਾ ਸੁਵਿਧਾ ਕੇਂਦਰ ਵੀ ਸਰਕਾਰ ਤੇ ਪ੍ਰਸ਼ਾਸਨ ਨੇ ਬੰਦ ਕਰ ਦਿੱਤਾ ਸੀ।ਪਿਛਲੇੇ ਲੱਗਭਗ ਚਾਰ ਸਾਲਾਂ ਤੋਂ ਬੰਦ ਪਏ ਇਸ ਸੇਵਾ ਕੇਂਦਰ ਵਿਚ ਇਸ ਵੇਲੇ ਪਸ਼ੂ ਹਸਪਤਾਲ ਚੱਲ ਰਿਹਾ ਹੈ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸ਼ਹੀਦ ਅਮਰਜੀਤ ਸਿੰਘ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਰਤਨ, ਲੋਕ ਇਨਸਾਫ ਪਾਰਟੀ ਬਰਨਾਲਾ ਦੇ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਕਰਮਜੀਤ ਸਿੰਘ, ਦੀਪ ਅਮਨ, ਕੁਲਦੀਪ ਸਿੰਘ, ਅਮਨਦੀਪ ਸਿੰਘ, ਨਿਰਭੈ ਸਿੰਘ ਧੌਲਾ ਆਦਿ ਨੇ ਦੱਸਿਆ ਕਿ ਪੰਜਾਬ ਦੀਆਂ ਲੋਕ ਮਾਰੂ ਨੀਤੀਆਂ ਤਹਿਤ ਪਿੰਡ ਧੌਲਾ ਦਾ ਸੇਵਾ ਕੇਂਦਰ ਬੰਦ ਹੋ ਗਿਆ ਹੈ।
ਪਿੰਡ ਦੀਠ ਆਬਾਦੀ ਜ਼ਿਆਦਾ ਹੋਣ ਕਾਰਨ ਹਰ ਰੋਜ਼ ਬਰਨਾਲਾ ਸ਼ਹਿਰ ਵਿਚ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਇਸ ਦੀ ਜਾਂਚ ਕਰਵਾ ਕੇ ਜਲਦੀ ਚਾਲੂ ਕੀਤਾ ਜਾਵੇ।ਉਨ੍ਹਾਂ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਕਿ ਉਕਤ ਸੇਵਾ ਕੇਂਦਰ ਨੂੰ ਮੁੜ ਬਹਾਲ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ।ਇਸ ਸੰਬੰਧੀ ਜਦੋਂ ਆਪ ਤੋਂ ਬਾਗੀ ਹੋ ਕੇ ਕਾਂਗਰਸ ਵਿਚ ਸ਼ਾਮਲ ਹੋਏ ਵਿਧਾਇਕ ਪਿਰਮਲ ਸਿੰਘ ਧੌਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੇਵਾ ਕੇਂਦਰ ਨੂੰ ਮੁੜ ਚਾਲੂ ਕਰਵਾਉਣ ਲਈ ਮੁੱਖ ਮੰਤਰੀ ਪੰਜਾਬ ਅਤੇ ਸੰਬੰਧਤ ਵਿਭਾਗ ਨੂੰ ਲਿਖਤੀ ਤੌਰ `ਤੇ ਜਾਣੂ ਕਰਵਾ ਦਿੱਤਾ ਹੈ।ਜਲਦੀ ਹੀ ਸੇਵਾ ਕੇਂਦਰ ਚੱਲ ਪਵੇਗਾ।
ਇਸ ਮਾਮਲੇ ਸੰਬੰਧੀ ਜਦੋਂ ਭਦੌੜ ਤੋਂ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ,ਐਡਵੋਕੇਟ ਸਤਨਾਮ ਸਿੰਘ ਰਾਹੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਲੋਕਾਂ ਨੂੰ ਇਹ ਖਮਿਆਜ਼ਾ ਭੁਗਤਣਾ ਪਿਆ ਹੈ।ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਆਉਣ ਤੇ ਸਭ ਤੋਂ ਪਹਿਲਾਂ ਪਿੰਡ ਅੰਦਰ ਬੰਦ ਕੀਤੇ ਸੇਵਾ ਕੇਂਦਰਾਂ ਨੂੰ ਬਹਾਲ ਕੀਤਾ ਜਾਵੇਗਾ।