ਕਰਫਿਊ ਦੇ ਦਿਨਾਂ ਵਿੱਚ ਘਰੋਂ ਬਾਹਰ ਨਹੀਂ ਨਿੱਕਲਣ ਦੀ ਤਾੜਣਾ ਕਰਕੇ ਰਿਹਾ
ਅਭਿਨਵ ਦੂਆ ਬਰਨਾਲਾ 4 ਅਪ੍ਰੈਲ 2020
ਕਰਫਿਊ ਲਾਗੂ ਹੋਣ ਅਤੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੀਆਂ ਅਪੀਲਾਂ ਦੇ ਬਾਵਜੂਦ ਵੀ ਘਰਾਂ ਚੋਂ ਬਾਹਰ ਨਿੱਕਲ ਰਹੇ ਲੋਕਾਂ ਨੂੰ ਸਬਕ ਸਿਖਾਉਣ ਲਈ ਅੱਜ ਪੁਲਿਸ ਨੇ ਥੋੜਾ ਕਰੜਾ ਰੁੱਖ ਅਖਤਿਆਰ ਕਰਦੇ ਹੋਏ। ਸੜਕਾਂ ਤੇ ਨਿੱਕਲੇ 100 ਦੇ ਕਰੀਬ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਅਸਥਾਈ ਤੌਰ ਤੇ ਸਥਾਪਿਤ ਜੇਲ੍ਹ ਬਾਬਾ ਕਾਲਾ ਮਹਿਰ ਸਟੇਡੀਅਮ ਵਿੱਚ ਬੰਦ ਕਰ ਦਿੱਤਾ। ਦਿਨ ਭਰ ਦੀ ਹਿਰਾਸਤ ਤੋਂ ਬਾਅਦ ਲੱਗਭੱਗ ਸਾਰੇ ਹੀ ਹਿਰਾਸਤ ਚ ਲਏ ਵਿਅਕਤੀਆਂ ਨੂੰ ਅੱਗੇ ਨੂੰ ਕਰਫਿਊ ਦੇ ਦਿਨਾਂ ਵਿੱਚ ਘਰੋਂ ਬਾਹਰ ਨਹੀਂ ਨਿੱਕਲਣ ਦੀ ਤਾੜਣਾ ਕਰਕੇ ਰਿਹਾ ਵੀ ਕਰ ਦਿੱਤਾ ਗਿਆ। ਡੀਐਸਪੀ ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਸ਼ਹਿਰ ਵਿੱਚ ਸੜਕਾਂ ਤੇ ਘੁੰਮ ਰਹੇ ਲੋਕਾਂ ਤੇ ਕਰੜੀ ਨਿਗਰਾਣੀ ਰੱਖਣ ਲਈ ਡਰੋਨ ਆਸਮਾਨ ਚ ਛੱਡੇ ਜਾਇਆ ਕਰਨਗੇ। ਜਿਹੜੇ ਵਿਅਕਤੀ ਬਿਨਾਂ ਕਿਸੇ ਐਮਰਜੈਂਸੀ ਕੰਮਾਂ ਤੋਂ ਘਰਾਂ ਤੋਂ ਬਾਹਰ ਨਿੱਕਲੇ ਡਰੋਨ ਕੈਮਰੇ ਦੀਆਂ ਤਸਵੀਰਾਂ ਵਿੱਚ ਕੈਦ ਹੋਣਗੇ। ਉਨ੍ਹਾਂ ਦੇ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮੌਕੇ ਤੇ ਥਾਣਾ ਸਿਟੀ 1 ਦੇ ਐਸਐਚਉ ਜਗਜੀਤ ਸਿੰਘ ਤੇ ਹੋਰ ਅਧਿਕਾਰੀ ਤੇ ਕਰਮਚਾਰੀ ਵੀ ਹਾਜਿਰ ਰਹੇ।