ਕਰੋਨਾ ਦੇ ਮਰੀਜਾਂ ਲਈ ਵਰਦਾਨ ਸਾਬਿਤ ਹੋ ਸਕਦੈ ਜੈ ਸਿੰਘ ਦਾ ਬਣਾਇਆ ਵੈਂਟੀਲੇਟਰ
ਬਰਨਾਲਾ ਧੂਰੀ ਰੋਡ ਤੇ ਪੈਂਦੇ ਪਿੰਡ ਕੱਕੜਵਾਲ ਦੇ ਰਹਿਣ ਵਾਲੇ ਜੈ ਸਿੰਘ ਸ਼ੁਰੂ ਤੋਂ ਹੀ ਲੋਕ ਪੱਖੀ ਰਹੇ ਹਨ। ਜੈ ਸਿੰਘ ਨੇ ਪਿੰਡ ਵਿੱਚ ਲੋੜਵੰਦ ਬੱਚਿਆਂ ਨੂੰ ਟੈਕਨੀਕਲ ਜਾਣਕਾਰੀ ਦੇਣ ਲਈ ਇੱਕ ਵਰਕਸ਼ਾਪ ਬਣਾਈ ਹੋਈ ਹੈ, ਇਸ ਵਰਕਸ਼ਾਪ ਵਿੱਚ ਬਹੁਤ ਸਾਰੇ ਬੱਚੇ ਰਹਿ ਕੇ ਉਨ੍ਹਾਂ ਤੋਂ ਹੁਨਰ ਸਿੱਖਦੇ ਹਨ ਅਤੇ ਬਾਅਦ ਵਿੱਚ ਆਪਣੀ ਰੋਜ਼ੀ ਰੋਟੀ ਚਲਾਉਂਦੇ ਹਨ। ਜੈ ਸਿੰਘ ਨੇ ਹੁਣ ਨਵਾਂ ਹੰਭਲਾ ਮਾਰਿਆ ਹੈ, ਭਵਿੱਖ ਦੀਆਂ ਦਿੱਕਤਾਂ ਨੂੰ ਸਾਹਮਣੇ ਰੱਖਕੇ ਆਪਣੀ ਵਰਕਸ਼ਾਪ ਵਿੱਚ ਉਨ੍ਹਾਂ ਕਰੋਨਾ ਦੇ ਗੰਭੀਰ ਮਰੀਜਾਂ ਲਈ ਵੈਂਟੀਲੇਟਰ ਬਣਾਇਆ ਹੈ। ਬਹੁਤ ਹੀ ਘੱਟ ਕੀਮਤ ਤੇ ਬਣਨ ਵਾਲੇ ਇਸ ਵੈਂਟੀਲੇਟਰ ਨੂੰ ਉਹ ਵੱਡੀ ਗਿਣਤੀ ਵਿੱਚ ਬਣਾਕੇ ਲੋਕਾਂ ਲਈ ਮੁਹੱਈਆ ਕਰਵਾਉਣਾ ਚਹੁੰਦੇ ਹਨ।
ਜੈ ਸਿੰਘ ਦਾ ਬਣਾਇਆ ਇਹ ਵੈਂਟੀਲੇਟਰ ਇਸ ਤਰ੍ਹਾਂ ਦਾ ਹੈ ਕਿ ਇਸਨੂੰ ਹਰ ਕੋਈ ਅਸਾਨੀ ਨਾਲ ਵਰਤ ਸਕਦਾ ਹੈ, ਜਦਕਿ ਪਹਿਲਾਂ ਜੋ ਵੈਂਟੀਲੇਟਰ 15-20 ਲੱਖ ਰੁਪੈ ਦਾ ਆਉਂਦਾ ਹੈ ਉਸਦੀ ਵਰਤੋਂ ਸਿਰਫ਼ ਮਾਹਰ ਡਾਕਟਰ ਦੀ ਦੇਖ ਰੇਖ ਵਿੱਚ ਹੋ ਸਕਦੀ ਹੈ। ਜਦਕਿ ਇਸ ਵੈਂਟੀਲੇਟਰ ਨੂੰ ਕੋਈ ਵੀ ਲੋੜ ਪੈਂਣ ਤੇ ਅਸਾਨੀ ਨਾਲ ਵਰਤ ਸਕਦਾ ਹੈ। ਇਸ ਪਹਿਲੇ ਵੈਂਟੀਲੇਟਰ ਨੂੰ ਬਣਾਉਣ ਤੇ ਜੈ ਸਿੰਘ ਜੀ ਦਾ ਸਿਰਫ਼ 15ਕੁ ਹਜ਼ਾਰ ਰੁਪੈ ਹੀ ਖਰਚ ਹੋਇਆ ਹੈ।
ਮੇਰੀ ਇੱਛਾ ਹੈ ਕਿ ਅਜਿਹੇ ਹਜਾਰਾਂ ਵੈਂਟੀਲੇਟਰ ਬਣਾਕੇ ਆਪਣੇ ਨੇੜਲੇ ਜਿਲਿਆਂ ਦੇ ਲੋਕਾਂ ਲਈ ਮੁਹੱਇਆ ਕਰਵਾਏ ਜਾਣ।ਤਾਂ ਜੋ ਲੋੜ ਪੈਣ ਤੇ ਕਰੋਨਾ ਕਾਰਣ ਜੂਝ ਰਹੇ ਵਿਅਕਤੀਆਂ ਦੇ ਕੰਮ ਆ ਸਕਣ। ਪਰ ਉਹਨਾਂ ਇਹ ਵੀ ਦੱਸਿਆ ਕਿ ਅਜਿਹੇ ਵੈਂਟੀਲੇਟਰਾਂ ਨੂੰ ਬਣਾਉਣ ਵਿੱਚ ਜੋ ਮੋਟਰ ਜਾਂ ਐਮਯੂ ਬੈਗ ਤੇ ਹੋਰ ਸਮਾਨ ਵਰਤੋਂ ਵਿੱਚ ਆਉਂਦਾ ਹੈ ਉਹ ਮਾਰਕੀਟ ਵਿੱਚੋਂ ਮਿਲਣਾ ਬੰਦ ਹੋ ਗਿਆ ਹੈ। ਉਨ੍ਹਾਂ ਲੋਕਲ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜੇ ਉਹ ਇਸ ਦੀ ਵਰਤੋਂ ਵਾਲਾ ਸਮਾਨ ਮੁਹੱਇਆ ਕਰਵਾਉਣ ਵਿੱਚ ਮੱਦਦ ਕਰ ਦੇਵੇ ਤਾਂ ਉਹ ਅਸਾਨੀ ਨਾਲ ਹੋਰ ਵੀ ਅਜਿਹੇ ਵੈਂਟੀਲੇਟਰ ਬਣਾ ਦੇਣਗੇ।
ਜੈ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਉਨ੍ਹਾਂ ਦੀ ਸਥਾਨਿਕ ਪ੍ਰਸ਼ਾਸਨਿਕ ਅਧਕਾਰੀਆਂ ਨਾਲ ਮੀਟਿੰਗ ਵੀ ਹੋ ਚੁੱਕੀ ਹੈ, ਪ੍ਰਸ਼ਾਸਨ ਨੇ ਇਸ ਕਾਜ਼ ਵਿੱਚ ਭਰਪੂਰ ਸਹਿਯੋਗ ਦੀ ਇੱਛਾ ਪ੍ਰਗਟ ਕੀਤੀ ਹੈ। ਸ਼ਾਲਾ ਜੈ ਸਿੰਘ ਦੇ ਇਹ ਯਤਨ ਕਾਮਯਾਬ ਹੋਣ…।
ਅਮਿਤ ਮਿੱਤਰ