ਛੇ ਮਹੀਨੇ ਜਾਂ ਛੇ ਸਾਲ; ਸਾਡਾ ਇੱਕੋ-ਇੱਕ ਟੀਚਾ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣੇ: ਕਿਸਾਨ ਆਗੂ
ਪਰਦੀਪ ਕਸਬਾ , ਬਰਨਾਲਾ: 27 ਮਈ, 2021
ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 239 ਵੇਂ ਦਿਨ ਵੀ ਆਪਣੇ ਰਵਾਇਤੀ ਜ਼ੋਸੀਲੇ ਅੰਦਾਜ਼ ਵਿੱਚ ਜਾਰੀ ਰਿਹਾ। ਅੱਜ ਦੇ ਧਰਨੇ ਵਿੱਚ 26 ਮਈ ਦੇ ਕਾਲਾ ਦਿਵਸ ਸੱਦੇ ਨੂੰ ਮਿਲੇ ਲਾਮਿਸਾਲ ਹੁੰਗਾਰੇ ਦਾ ਹੁਲਾਸ ਆਕਾਸ਼ ਗੁੰਜਾਊ ਨਾਹਰਿਆਂ ਰਾਹੀਂ ਰੂਪਮਾਨ ਹੁੰਦਾ ਰਿਹਾ। ਬੁਲਾਰਿਆਂ ਨੇ ਜ਼ੋਸੀਲੇ ਅੰਦਾਜ਼ ਵਿੱਚ ਐਲਾਨ ਕੀਤਾ ਕਿ ਸਾਡੇ ਲਈ ਛੇ ਮਹੀਨੇ ਜਾਂ ਛੇ ਸਾਲਾਂ ‘ਚ ਕੋਈ ਫਰਕ ਨਹੀਂ, ਸਾਡਾ ਬਸ ਇੱਕੋ -ਇੱਕ ਤੇ ਅਟੱਲ ਟੀਚਾ ਹੈ -ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣੇ।
ਧਰਨੇ ਨੂੰ ਬਲਵੰਤ ਸਿੰਘ ਉਪਲੀ, ਦਰਸ਼ਨ ਸਿੰਘ ਉਗੋਕੇ, ਕਰਨੈਲ ਸਿੰਘ ਗਾਂਧੀ, ਨਰੈਣ ਦੱਤ,ਬਾਬੂ ਸਿੰਘ ਖੁੱਡੀ ਕਲਾਂ, ਬਲਵੀਰ ਕੌਰ ਕਰਮਗੜ੍ਹ, ਬਿੱਕਰ ਸਿੰਘ ਔਲਖ,ਗੁਰਮੇਲ ਸ਼ਰਮਾ,ਮਨਜੀਤ ਰਾਜ, ਸਰਪੰਚ ਗੁਰਚਰਨ ਸਿੰਘ, ਗੋਰਾ ਸਿੰਘ ਢਿੱਲਵਾਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਜਦ ਕਿਸਾਨ ਪਿਛਲੇ ਮਹੀਨੇ ਫਸਲ ਵਾਢੀ ਵਿੱਚ ਰੁਝੇ ਹੋਏ ਸਨ ਤਾਂ ਸਰਕਾਰ ਨੇ ਭਰਮ ਪਾਲ ਲਿਆ ਸੀ ਕਿ ਕਿਸਾਨ ਅੰਦੋਲਨ ਪੇਤਲਾ ਪੈ ਰਿਹਾ ਹੈ। ਸਰਕਾਰ ਅਕਾ ਥਕਾ ਕੇ ਕਿਸਾਨਾਂ ਨੂੰ ਘਰ ਤੋਰ ਕੇ ਅੰਦੋਲਨ ਖਤਮ ਕਰ ਦੇਵੇਗੀ। ਪਰ ਕੱਲ੍ਹ 26 ਮਈ ਦੇ ਕਾਲਾ ਦਿਵਸ ਨੂੰ ਮਿਲੇ ਲਾਮਿਸਾਲ ਹੁੰਗਾਰੇ ਨੇ ਕਿਸਾਨਾਂ ਦੇ ਇਰਾਦੇ ਸਪੱਸ਼ਟ ਕਰ ਦਿੱਤੇ ਹਨ।
ਕਾਲਾ ਦਿਵਸ ਦੀ ਗੂੰਜ ਸਿਰਫ ਕੁੱਝ ਸੂਬਿਆਂ ਵਿੱਚ ਹੀ ਨਹੀਂ ਸਗੋਂ ਪੂਰੇ ਮੁਲਕ ਵਿੱਚ ਸੁਣਾਈ ਦਿੱਤੀ ਹੈ। ਕਾਲੇ ਦਿਵਸ ਨੂੰ ਮਿਲੇ ਇਸ ਹੁੰਗਾਰੇ ਤੋਂ ਸਰਕਾਰ ਨੂੰ ਸਾਫ ਹੋ ਜਾਣਾ ਚਾਹੀਦਾ ਹੈ ਕਿ ਕਿਸਾਨ ਅੰਦੋਲਨ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਚਲੀਆਂ ਗਈਆਂ ਹਨ। ਸਰਕਾਰ ਕੋਲ ਇਸ ਅੰਦੋਲਨ ਨੂੰ ਖਤ਼ਮ ਕਰਨ ਦਾ ਬਸ ਇਕੋ ਇਕ ਤਰੀਕਾ ਬਾਕੀ ਬਚਿਆ ਹੈ ਕਿ ਤਿੰਨੋਂ ਕਾਲੇ ਖੇਤੀ ਕਾਨੂੰਨ ਰੱਦ ਕਰ ਦਿੱਤੇ ਜਾਣ।
ਕਿਸਾਨ ਆਗੂਆਂ ਨੇ ਕਿਹਾ ਕਿ ਸਾਡੇ ਅੰਦੋਲਨ ਦੀਆਂ ਪ੍ਰਾਪਤੀਆਂ ਬਹੁਤ ਵੱਡੀਆਂ ਹਨ। ਅੰਦੋਲਨ ਨੇ ਟੌਲ ਪਲਾਜ਼ਿਆਂ ਤੇ ਰਿਲਾਇੰਸ ਦੇ ਪੈਟਰੌਲ ਪੰਪਾਂ/ ਸ਼ੌਪਿੰਗ ਮਾਅਲਾਂ ਨੂੰ ਨਿਸ਼ਾਨਾ ਬਣਾ ਕੇ ਕਾਰਪੋਰੇਟਾਂ ਦਾ ਲੋਕ ਦੋਖੀ ਚਿਹਰਾ ਨੰਗਾ ਕੀਤਾ ਹੈ। ਬੰਗਾਲ ਦੀਆਂ ਵਿਧਾਨ ਸਭਾ ਤੇ ਯੂ.ਪੀ ਦੀਆਂ ਪੰਚਾਇਤ ਚੋਣਾਂ ਵਿੱਚ ਪਛਾੜ ਖਾਣ ਬਾਅਦ ਬੀਜੇਪੀ ਤੇ ਆਰਐਸਐਸ ਵਿੱਚ ਘਮਸਾਣ ਚੱਲ ਰਿਹਾ ਹੈ। ਆਰਐਸਐਸ ਦੇ ਨੇਤਾ ਬੀਜੇਪੀ ਨੇਤਾਵਾਂ ਦੀ ਖਿਚਾਈ ਕਰ ਰਹੇ ਹਨ ।ਇਹ ਸਭ ਕਿਸਾਨ ਅੰਦੋਲਨ ਦੀ ਬਦੌਲਤ ਹੀ ਹੈ ਕਿ ਸਰਕਾਰ ਦਾ ਅਕਸ ਦਿਨ ਬਦਿਨ ਖਰਾਬ ਹੋ ਰਿਹਾ ਹੈ। ਸਰਕਾਰ ਨੂੰ ਕੁੱਝ ਮਹੀਨਿਆਂ ਬਾਅਦ ਹੋਣ ਵਾਲੀਆਂ ਯੂ.ਪੀ ਦੀਆਂ ਵਿਧਾਨ ਸਭਾ ਚੋਣਾਂ ਦਾ ਫਿਕਰ ਸਤਾਉਣ ਲੱਗਿਆ ਹੈ। ਕਿਸਾਨ ਅੰਦੋਲਨ ਆਪਣੀ ਇਤਿਹਾਸਕ ਜਿੱਤ ਵੱਧ ਰਿਹਾ ਹੈ।
ਅੱਜ ਗੁਰਮੇਲ ਸਿੰਘ ਕਾਲੇਕੇ ਦੇ ਕਵੀਸ਼ਰੀ ਜਥੇ, ਬਹਾਦਰ ਕਾਲਾ ਧਨੌਲਾ, ਦਰਸ਼ਨ ਸ਼ੌਂਕੀ ਠੀਕਰੀਵਾਲਾ , ਜਸਕਿਰਨ ਕੌਰ ਤੇ ਨਰਿੰਦਰ ਪਾਲ ਸਿੰਗਲਾ ਨੇ ਕਵੀਸ਼ਰੀਆਂ, ਗੀਤ ਤੇ ਕਵਿਤਾਵਾਂ ਸੁਣਾਈਆਂ।