ਨੌਜਵਾਨਾਂ ਨੂੰ ਕੀਤੀ ਅਪੀਲ, ਮਹਾਂਮਾਰੀ ‘ਤੇ ਫਤਿਹ ਪਾਉਣ ਲਈ ਵੱਧ-ਚੜ੍ਹ ਕੇ ਕਰਵਾਇਆ ਜਾਵੇ ਟੀਕਾਕਰਨ
-ਸਰਕਾਰੀ ਕਾਲਜ (ਲੜਕੀਆਂ) ਵਿਖੇ ਅੱਜ ਪੀ.ਵਾਈ.ਡੀ.ਬੀ. ਵੱਲੋਂ ਆਯੋਜਿਤ ਕੋਵਿਡ ਟੀਕਾਕਰਨ ਕੈਂਪ ਦਾ ਕੀਤਾ ਉਦਘਾਟਨ
ਦਵਿੰਦਰ ਡੀ ਕੇ , ਲੁਧਿਆਣਾ, 23 ਮਈ 2021
ਪੰਜਾਬ ਯੁਵਾ ਵਿਕਾਸ ਬੋਰਡ ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਅੱਜ ਕਿਹਾ ਕਿ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਨੌਜਵਾਨਾਂ ਲਈ ਵਿਸ਼ੇਸ਼ ਕੋਵਿਡ-19 ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਪੰਜਾਬੀ ਨੌਜਵਾਨਾਂ ਨੂੰ ਟੀਕਾਕਰਨ ਲਈ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ।
ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਅੱਜ ਸਥਾਨਕ ਸਰਕਾਰੀ ਕਾਲਜ (ਲੜਕੀਆਂ) ਵਿਖੇ ਅਜਿਹੇ ਹੀ ਇੱਕ ਵਿਸ਼ੇਸ਼ ਕੈਂਪ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਕਾਲਜ ਪ੍ਰਿੰਸੀਪਲ ਸੁਖਵਿੰਦਰ ਕੌਰ ਵੀ ਮੌਜੂਦ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਨਾਲ ਜੁੜੇ ਯੂਥ ਕਲੱਬ ਕੋਵਿਡ-19 ਵਿਰੁੱਧ ਲੜਨ ਵਿਚ ਅਹਿਮ ਭੂਮਿਕਾ ਅਦਾ ਕਰਨਗੇ। ਉਨ੍ਹਾਂ ਕਿਹਾ ਕਿ ਬੋਰਡ ਨਾਲ ਜੁੜੇ ਸਾਰੇ ਯੂਥ ਕਲੱਬਾਂ ਨੂੰ ਆਪਣੇ-ਆਪਣੇ ਪਿੰਡਾਂ ਦੇ ਵਸਨੀਕਾਂ ਨੂੰ ਵੱਡੀ ਗਿਣਤੀ ਵਿੱਚ ਟੀਕਾਕਰਨ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਪੀ.ਵਾਈ.ਡੀ.ਬੀ. ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਅੱਜ ਦੱਸਿਆ ਕਿ ਵਸਨੀਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੀ.ਵਾਈ.ਡੀ.ਬੀ. ਨੇ ਹੁਣ ਤੱਕ ਸਫਲਤਾਪੂਰਵਕ 42 ਤੋਂ ਵੱਧ ਟੀਕਾਕਰਨ ਕੈਂਪ ਲਗਾਏ ਹਨ।
ਉਨ੍ਹਾਂ ਦੱਸਿਆ ਕਿ ਉਹ ਸੂਬੇ ਭਰ ਦੇ ਸਾਰੇ ਪੀ.ਵਾਈ.ਡੀ.ਬੀ. ਮੈਂਬਰਾਂ ਅਤੇ ਯੂਥ ਕਲੱਬਾਂ ਨੂੰ ਆਪੋ ਆਪਣੇ ਖੇਤਰਾਂ ਵਿੱਚ ਅਜਿਹੇ ਕੈਂਪ ਲਗਾਉਣ ਲਈ ਪ੍ਰੇਰਿਤ ਕਰ ਰਹੇ ਹਨ ਤਾਂ ਜੋ ਅਸੀਂ ਆਪਣੇ ਸਮਾਜ ਵਿੱਚੋਂ ਕੋਵਿਡ-19 ਮਹਾਂਮਾਰੀ ਦਾ ਪੂਰੀ ਤਰ੍ਹਾਂ ਖਾਤਮਾ ਕਰ ਸਕੀਏ।
ਕੈਪਟਨ ਅਮਰਿੰਦਰ ਸਿੰਘ ਨਾਲ ਦੀ ਅਗਵਾਈ ਵਾਲੀ ਸਰਕਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦਿਆਂ, ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਦੀ ਪ੍ਰਧਾਨਗੀ ਹੇਠ ਪੀ.ਵਾਈ.ਡੀ.ਬੀ. ਸਾਰੇ ਨੌਜਵਾਨਾਂ ਨੂੰ ਪ੍ਰੇਰਿਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਇੱਥੌਂ ਤੱਕ ਐਲਾਨ ਕੀਤਾ ਹੈ ਕਿ ਜਿਹੜੇ ਪਿੰਡਾਂ ਨੂੰ 100 ਫੀਸਦ ਟੀਕਾਕਰਣ ਪ੍ਰਾਪਤ ਕਰਦੇ ਹਨ, ਉਨ੍ਹਾਂ ਨੂੰ 10 ਲੱਖ ਰੁਪਏ ਦੀ ਵਿਸ਼ੇਸ਼ ਗਰਾਂਟ ਮੁਹੱਈਆ ਕਰਵਾਈ ਜਾਵੇਗੀ।