ਵੱਖ ਵੱਖ ਪਿੰਡਾਂ ‘ਚ ਸਰਵੈ ਟੀਮਾਂ ਵੱਲੋਂ ਕੋਵਿਡ-19 ਦੇ ਸ਼ੱਕੀ ਮਰੀਜ਼ਾਂ ਦੀ ਪਹਿਚਾਣ ਲਈ ਜਾਂਚ ਕੀਤੀ ਜਾ ਰਹੀ ਜਾਂਚ
ਹਰਪ੍ਰੀਤ ਕੌਰ , ਸੰਗਰੂਰ 23 ਮਈ: 2021
ਪੇਂਡੂ ਖੇਤਰ ਵਿੱਚ ਵਧ ਰਹੇ ਕੋਵਿਡ 19 ਦੇ ਕੇਸਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਿਹ 2.0 (ਕੋਰੋਨਾ ਮੁਕਤ ਪਿੰਡ ਅਭਿਆਨ ) ਦਾ ਆਗਾਜ ਕੀਤਾ ਗਿਆ ਹੈ। ਇਸ ਮਿਸ਼ਨ ਤਹਿਤ ਪੇਂਡੂ ਖੇਤਰਾਂ ਵਿਚ ਹੈਲਥ ਐਂਡ ਵੈਲਨੈੱਸ ਸੈਂਟਰਾਂ ਰਾਹੀਂ ਕੋਵਿਡ- 19 ਦੇ ਨਿਯੰਤਰਣ ਤੇ ਰੋਕਥਾਮ ਕੀਤੀ ਜਾਣੀ ਹੈ। ਸਿਵਲ ਸਰਜਨ ਸੰਗਰੂਰ ਡਾ ਅੰਜਨਾ ਗੁਪਤਾ ਤੇ ਐੱਸ ਡੀ ਐੱਮ ਭਵਾਨੀਗਡ੍ਹ ਡਾ ਕਰਮਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐੱਸ ਐੱਮ ਓ ਭਵਾਨੀਗਡ੍ਹ ਡਾ ਮਹੇਸ਼ ਆਹੂਜਾ ਦੀ ਯੋਗ ਅਗਵਾਈ ਹੇਠ ਸਬ ਡਵੀਜ਼ਨ ਭਵਾਨੀਗੜ੍ਹ ਦੇ ਵੱਖ ਵੱਖ 67 ਪਿੰਡਾਂ ਵਿੱਚ ਮਿਸ਼ਨ ਫਤਹਿ ਤਹਿਤ ਆਸ਼ਾ, ਆਂਗਣਵਾੜੀ ਵਰਕਰ ਬੀ ਐਲ ਓ ਆਦਿ ਵੱਲੋਂ ਟੀਮਾਂ ਬਣਾ ਕੇ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ।
ਇਸ ਬਾਰੇ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਗੁਰਵਿੰਦਰ ਸਿੰਘ ਬਲਾਕ ਐਕਸਟੈਂਸ਼ਨ ਐਜੂਕੇਟਰ ਨੇ ਦੱਸਿਆ ਕਿ ਇਸ ਮਿਸ਼ਨ ਵਿਚ ਸਰਵੇ ਟੀਮਾਂ ਵੱਲੋਂ ਕੋਵਿਡ 19 ਦੇ ਸ਼ੱਕੀ ਮਰੀਜ਼ਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ। ਸ਼ੱਕੀ ਮਰੀਜ਼ਾਂ ਦਾ ਪਿੰਡ ਪੱਧਰ ਤੇ ਸਥਾਪਿਤ ਕੀਤੇ ਗਏ ਹੈਲਥ ਹੈਲਥ ਐਂਡ ਵੈਲਨੈਸ ਸੈਂਟਰ ਤੇ ਹੀ ਸੀ ਐਚ ਓ , ਮਲਟੀਪਰਪਜ਼ ਹੈਲਥ ਵਰਕਰ ਮੇਲ ਅਤੇ ਫੀਮੇਲ ਵੱਲੋਂ ਰੈਪਿਡ ਐਂਟੀਜਨ ਟੈਸਟ ਕੀਤਾ ਜਾਂਦਾ ਹੈ। ਮਰੀਜ਼ ਦੀ ਪੌਜੀਟਿਵ ਹੋਣ ਦੀ ਪੁਸ਼ਟੀ ਹੋਣ ਤੇ ਮਰੀਜ਼ ਨੂੰ ਫਤਿਹ ਕਿੱਟ ਮਲਟੀਪਰਪਜ਼ ਹੈਲਥ ਵਰਕਰਾਂ ਵੱਲੋਂ ਦਿੱਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਸਬ ਡਵੀਜ਼ਨ ਭਵਾਨੀਗੜ੍ਹ ਦੇ ਵੱਖ ਵੱਖ ਪਿੰਡਾਂ ਵਿੱਚੋਂ 60,347 ਲੋਕਾਂ ਦਾ ਸਰਵੇ ਕੀਤਾ ਜਾ ਚੁੱਕਿਆ ਹੈ ਜਿਨ੍ਹਾਂ ਵਿੱਚੋਂ 463 ਸ਼ੱਕੀ ਮਰੀਜ਼ਾਂ ਦੀ ਪਹਿਚਾਣ ਕਰਕੇ ਉਨ੍ਹਾਂ ਦਾ ਪਿੰਡ ਪੱਧਰ ਤੇ ਹੀ ਰੈਪਿਡ ਐਂਟੀਜਨ ਟੈਸਟ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਕੀਤੇ ਗਏ ਟੈਸਟਾਂ ਵਿੱਚੋਂ 22 ਲੋਕ ਪਾਜ਼ਟਿਵ ਪਾਏ ਗਏ ਹਨ ਅਤੇ ਉਨ੍ਹਾਂ ਨੂੰ ਸਰਕਾਰ ਦੀਆਂ ਗਾਈਡ ਲਾਈਨਜ਼ ਦੇ ਮੁਤਾਬਕ ਘਰਾਂ ਵਿਚ ਇਕਾਂਤਵਾਸ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਕਾਂਤਵਾਸ ਦੌਰਾਨ ਮਰੀਜਾਂ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਫਤਿਹ ਕਿੱਟ ਮੁਹੱਈਆ ਕਰਵਾਈਆਂ ਗਈਆਂ ਹਨ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਦੀ ਸਿਹਤ ਦਾ ਨਿਰੰਤਰ ਜਾਇਜਾ ਲਿਆ ਜਾ ਰਿਹਾ ਹੈ।