ਸੰਯੁਕਤ ਕਿਸਾਨ ਮੋਰਚਾ: ਧਰਨੇ ਦਾ 235 ਵਾਂ ਦਿਨ
26 ਮਈ ਨੂੰ ਘਰਾਂ ਤੇ ਵਾਹਨਾਂ ‘ਤੇ ਕਾਲੇ ਝੰਡੇ ਲਾਉ; ਸਰਕਾਰ ਦੀਆਂ ਅਰਥੀਆਂ ਫੂਕੋ।
ਪਰਦੀਪ ਕਸਬਾ , ਬਰਨਾਲਾ: 23 ਮਈ, 2021
ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਬਰਨਾਲਾ ਰੇਲਵੇ ਸਟੇਸ਼ਨ ‘ਤੇ ਲਾਏ ਧਰਨੇ ਵਿੱਚ ਅੱਜ 235ਵੇਂ ਦਿਨ ਪਹਿਲਾਂ ਦੀ ਹੀ ਤਰ੍ਹਾਂ ਕਿਸਾਨੀ ਮੰਗਾਂ ਦੇ ਹੱਕ ਵਿੱਚ ਜ਼ੋਰਦਾਰ ਨਾਹਰੇਬਾਜ਼ੀ ਹੁੰਦੀ ਰਹੀ। ਕੁੱਝ ਦਿਨ ਬਾਅਦ,26 ਤਰੀਕ ਨੂੰ ਦਿੱਲੀ ਧਰਨਿਆਂ ਦੇ ਛੇ ਮਹੀਨੇ ਪੂਰੇ ਹੋ ਰਹੇ ਹਨ। ਸੰਯੁਕਤ ਕਿਸਾਨ ਮੋਰਚਾ ਨੇ ਇਸ ਦਿਨ ਨੂੰ ਕਾਲਾ ਦਿਵਸ ਵਜੋਂ ਮਨਾਉਣ ਦਾ ਸੱਦਾ ਦਿੱਤਾ ਹੋਇਆ ਹੈ।ਅੱਜ ਧਰਨੇ ਵਿੱਚ ਬੁਲਾਰਿਆਂ ਨੇ ਇਸ ਦਿਨ ਦੇ ਪ੍ਰੋਗਰਾਮਾਂ ਲਈ ਠੋਸ ਵਿਉਂਤਬੰਦੀ ਬਾਰੇ ਚਰਚਾ ਕੀਤੀ।
ਧਰਨੇ ਨੂੰ ਬਲਵੰਤ ਸਿੰਘ ਉਪਲੀ, ਬਾਬੂ ਸਿੰਘ ਖੁੱਡੀ ਕਲਾਂ,ਨੇਕਦਰਸ਼ਨ ਸਿੰਘ, ਸੋਹਨ ਸਿੰਘ ਮਾਝੀ,ਅਮਰਜੀਤ ਕੌਰ, ਗੁਰਨਾਮ ਸਿੰਘ ਠੀਕਰੀਵਾਲਾ, ਖੁਸ਼ੀਆ ਸਿੰਘ,ਬਲਜੀਤ ਸਿੰਘ ਚੌਹਾਨਕੇ, ਯਾਦਵਿੰਦਰ ਸਿੰਘ ਚੌਹਾਨਕੇ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਸੂਝਵਾਨ ਲੀਡਰਸ਼ਿਪ ਅੰਦੋਲਨ ਵਿੱਚ ਊਰਜਾ ਭਰਨ ਲਈ ਸਮੇਂ ਸਮੇਂ ‘ਤੇ ਨਵੇਂ ਪ੍ਰੋਗਰਾਮਾਂ ਦਾ ਸੱਦਾ ਦਿੰਦੀ ਰਹਿੰਦੀ ਹੈ। 26 ਮਈ ਨੂੰ ਕਾਲਾ ਦਿਵਸ ਮਨਾਉਣ ਦਾ ਸੱਦਾ ਵੀ ਉਸੇ ਨੀਤੀ ਤਹਿਤ ਕੀਤੀ ਅਗਲੀ ਕਾਰਵਾਈ ਹੈ। ਉਸ ਦਿਨ ਘਰਾਂ,ਦੁਕਾਨਾਂ ਅਤੇ ਵਾਹਨਾਂ ਉਪਰ ਕਾਲੇ ਝੰਡੇ ਲਾਏ ਜਾਣਗੇ। ਕਾਲੀਆਂ ਪੱਗਾਂ, ਚੁੰਨੀਆਂ, ਪੱਟੀਆਂ ਅਤੇ ਰਿਬਨ ਬੰਨ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਧਰਨਿਆਂ ਵਾਲੀਆਂ ਥਾਵਾਂ, ਚੌਕਾਂ ਤੇ ਪਿੰਡਾਂ ਵਿੱਚ ਅਰਥੀਆਂ ਫੂਕ ਕੇ ਸਰਕਾਰੀ ਨੀਤੀਆਂ ਵਿਰੁੱਧ ਲੋਕ ਰੋਹ ਦਾ ਪ੍ਰਗਟਾਵਾ ਕੀਤਾ ਜਾਵੇਗਾ।
ਕਿਸਾਨ ਆਗੂਆਂ ਨੇ ਧਰਨਾਕਾਰੀਆਂ ਨੂੰ ਅੱਜ ਤੋਂ ਹੀ ਆਪਣੇ ਪੱਧਰ ‘ਤੇ ਇਨ੍ਹਾਂ ਕਾਲੇ ਬਸਤਰਾਂ ਦਾ ਇੰਤਜ਼ਾਮ ਕਰਨ ਦੀ ਅਪੀਲ ਕੀਤੀ। ਅੱਜ ਤੋਂ ਹੀ ਵਾਹਨਾਂ ਤੇ ਘਰਾਂ ‘ਤੇ ਕਾਲੇ ਝੰਡੇ ਲਾਉਣ ਦੀ ਤਿਆਰੀ ਸ਼ੁਰੂ ਕੀਤੀ ਜਾਵੇ। ਪਿੰਡਾਂ ਤੇ ਸ਼ਹਿਰਾਂ ਵਿੱਚ ਕਾਲਾ ਦਿਵਸ ਮਨਾਉਣ ਬਾਰੇ ਪ੍ਰਚਾਰ ਤੇਜ ਕੀਤਾ ਜਾਵੇ। 26 ਤਰੀਕ ਨੂੰ ਦਿੱਲੀ ਧਰਨਿਆਂ ਵਿੱਚ ਸ਼ਾਮਲ ਹੋਣ ਲਈ ਕੱਲ੍ਹ ਤੋਂ ਹੀ ਕਾਫਲੇ ਦਿੱਲੀ ਵੱਲ ਕੂਚ ਕਰਨ। ਉਸ ਦਿਨ ਪੰਜਾਬ ਦੇ ਸਥਾਨਕ ਧਰਨਿਆਂ ਵਿੱਚ ਮਰਦ ਤੇ ਔਰਤ ਕਿਸਾਨਾਂ ਦੀ ਹਾਜ਼ਰੀ ਵਧਾਉਣ ਲਈ ਲਾਮਬੰਦੀ ਤੇਜ਼ ਕੀਤੀ ਜਾਵੇ।
ਧਰਨੇ ਵਿੱਚ ਬੀਰਰਸੀ ਤੇ ਜ਼ੋਸੀਲੀਆਂ ਕਵੀਸ਼ਰੀ ਦਾ ਵੀ ਭਰਵਾਂ ਦੌਰ ਚੱਲਿਆ। ਰਾਜਵਿੰਦਰ ਸਿੰਘ ਮੱਲੀ ਤੇ ਪਾਠਕ ਭਰਾਵਾਂ ਦੇ ਜਥਿਆਂ ਅਤੇ ਰੂਲਦੂ ਸਿੰਘ ਸ਼ੇਰੋਂ ਨੇ ਆਪਣੀਆਂ ਰਚਨਾਵਾਂ ਨਾਲ ਪੰਡਾਲ ਵਿੱਚ ਜ਼ੋਸ ਭਰਿਆ।