ਪ੍ਰੇਮ ਲਤਾ ਨੇ ਕਿਹਾ, ਮੇਰੀਆਂ ਛਾਤੀਆਂ ਨੂੰ ਹੱਥ ਲਾ ਕੇ ਮਾਰਿਆ ਧੱਕਾ, ਲੋਕਾਂ ਦੀ ਹਾਜਿਰੀ ‘ਚ ਵਰਤੇ ਜਾਤੀ ਸੂਚਕ ਸ਼ਬਦ
ਅਕਾਲੀ ਆਗੂਆਂ ਨੇ ਐਸ ਐਚ ਉ ਨੂੰ ਦਿੱਤੀ ਡੀਐਸਪੀ ਖਿਲਾਫ ਕੇਸ ਦਰਜ ਕਰਵਾਉਣ ਲਈ ਸ਼ਕਾਇਤ
ਡੀ.ਐਸ.ਪੀ. ਬਰਾੜ ਨੇ ਕਿਹਾ, ਸਾਰੇ ਦੋਸ਼ ਝੂਠੇ ਤੇ ਬੇਬੁਨਿਆਦ,,
ਮਨਪ੍ਰੀਤ ਜਲਪੋਤ , ਤਪਾ ਮੰਡੀ 24 ਅਪ੍ਰੈਲ 2021
ਨਗਰ ਕੌਂਸਲ ਤਪਾ ਦੇ ਐਮ.ਸੀ. ਵਿਨੋਦ ਕਾਲਾ ਦੀ ਪਤਨੀ ਨੇ ਡੀਐਸਪੀ ਬਲਜੀਤ ਸਿੰਘ ਬਰਾੜ ਤੇ ਲੱਜਿਆ ਭੰਗ ਕਰਨ ਅਤੇ ਲੋਕਾਂ ਦੀ ਮੌਜੂਦਗੀ ਵਿੱਚ ਜਾਤੀ ਸੂਚਕ ਸ਼ਬਦਾਂ ਨਾਲ ਅਪਮਾਨਿਤ ਕਰਨ ਦੇ ਕਾਫੀ ਸੰਗੀਨ ਇਲਜਾਮ ਲਗਾਏ ਹਨ। ਪੀੜਤ ਪ੍ਰੇਮ ਲਤਾ ਨੇ ਡੀਐਸਪੀ ਖਿਲਾਫ ਕੇਸ ਦਰਜ ਕਰਵਾਉਣ ਲਈ ਐਸ ਐਚ ਉ ਤਪਾ ਨੂੰ ਬਕਾਇਦਾ ਲਿਖਤੀ ਸ਼ਕਾਇਤ ਵੀ ਦਿੱਤੀ ਹੈ। ਸ਼ਕਾਇਤ ਦੇਣ ਸਮੇਂ ਪ੍ਰੇਮ ਲਤਾ ਦੇ ਨਾਲ ਅਕਾਲੀ ਦਲ ਬਾਦਲ ਦੇ ਹਲਕਾ ਭਦੌੜ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀਂ ਅਤੇ ਕੌਂਸਲ ਦੇ ਸਾਬਕਾ ਪ੍ਰਧਾਨ ਤਰਲੋਚਨ ਬਾਂਸਲ ਤੇ ਹੋਰ ਅਕਾਲੀ ਆਗੂਆਂ ਦਾ ਵਫਦ ਵੀ ਵਿਸ਼ੇਸ਼ ਤੌਰ ਤੇ ਪਹੁੰਚਿਆ। ਐਮ. ਸੀ ਵਿਨੋਦ ਕਾਲਾ ਦੀ ਪਤਨੀ ਪ੍ਰੇਮ ਲਤਾ ਨੇ ਸ਼ਕਾਇਤ ਵਿੱਚ ਦੱਸਿਆ ਹੈ ਕਿ ਮਿਤੀ 20-4-2021 ਨੂੰ ਪੰਜਾਬ ਸਰਕਾਰ ਵੱਲੋਂ ਨਗਰ ਕੌਂਸਲ ਤਪਾ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਨਿਸ਼ਚਿਤ ਕੀਤੀ ਗਈ ਸੀ। ਉਸਦਾ ਪਤੀ ਵੀ ਬਾਕੀ ਪੁਰਸ਼ ਅਤੇ ਇਸਤਰੀ ਕੌਂਸਲਰਾਂ ਨਾਲ ਵਕਤ ਕਰੀਬ 2-30 ਵਜੇ ਦੁਪਹਿਰ ਜਦੋਂ ਚੋਣ ਪ੍ਰਕਿਰਿਆ ਵਾਲੀ ਥਾ ਤੇ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਜਾ ਰਹੇ ਸੀ । ਉਸ ਵਕਤ ਮੈਂ ਵੀ ਆਪਣੇ ਪਤੀ ਦੇ ਨਾਲ ਸੀ । ਇਸੇ ਦੌਰਾਨ ਬਲਜੀਤ ਸਿੰਘ ਬਰਾੜ ਡੀ ਐਸ ਪੀ ਤਪਾ ਨੇ ਬਾਕੀ ਕੌਂਸਲਰਾਂ ਅਤੇ ਮੇਰੀ ਹਾਜਰੀ ਵਿਚ ਮੇਰੇ ਪਤੀ ਦਾ ਨੁਕਸਾਨ / ਸੱਟ ਮਾਰਨ ਦੀ ਨੀਯਤ ਨਾਲ ਖਿੱਚ ਧੂਕ ਕੇ ਜਦੋਂ ਆਪਣੀ ਗੱਡੀ ਵਿਚ ਚੁੱਕ ਕੇ ਸੁੱਟਕੇ ਲਿਜਾਣ ਲੱਗਾ ਤਾਂਂ ਮੈਂ ਅੱਗੇ ਹੋਕੇ ਮੇਰੇ ਪਤੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ । ਤਦ ਬਲਜੀਤ ਸਿੰਘ ਬਰਾੜ ਡੀ ਐਸ ਪੀ ਤਪਾ ਨੇ ਮੇਰੇ ਮੂੰਹ ਤੇ ਥੱਪੜ ਮਾਰੇ ਅਤੇ ਮੇਰੇ ਛਾਤੀਆ ਤੇ ਹੱਥ ਮਾਰਕੇ ਧੱਕਾ ਦੇ ਕੇ ਮੈਨੂੰ ਇਹ ਕਹਿ ਕੇ ਜਨਤਕ ਥਾਂ ਤੇ ਜਨਤਾ ਦੀ ਹਾਜਰੀ ਵਿੱਚ ਜਾਤੀ ਸੂਚਕ ਸ਼ਬਦ ਬੋਲ ਕੇ ਪਰੇ ਸੁੱਟ ਦਿੱਤਾ ਕਿ ਸਾਲੀਏ ਕੁੱਤੀਏ ਚੂਹੜੀਏ , ਮੈਂ ਦੱਸੂਗਾ ਇਸ ਚੂਹੜੇ ਨੂੰ ਸਰਕਾਰ ਦੇ ਉਲਟ ਵੋਟ ਕਿਵੇਂ ਪਾਈਂਂਦੀ ਹੈ। ਇਹ ਕਹਿ ਕੇ ਡੀਐਸਪੀ ਬਰਾੜ ਮੇਰੇ ਪਤੀ ਨੂੰ ਧੱਕੇ ਨਾਲ ਘੜੀਸ ਕੇ ਗੱਡੀ ਵਿਚ ਸੁੱਟ ਕੇ ਉਥੋਂ ਲੈ ਗਿਆ । ਉਨ੍ਹਾਂ ਦੱਸਿਆ ਕਿ ਮੌਕੇ ਤੇ ਹਾਜਿਰ ਲੋਕਾਂ ਨੇ ਐਸ ਪੀ (ਪੀ ਬੀ ਆਈ ) ਸ੍ਰੀ ਜਗਵਿੰਦਰ ਸਿੰਘ ਚੀਮਾ ਨੂੰ ਵੀ ਮੇਰੇ ਘਰਵਾਲੇ ਨੂੰ ਰਿਹਾ ਕਰਵਾਉਣ ਲਈ ਕਿਹਾ , ਜਿਨ੍ਹਾਂ ਨੇ ਵੀ ਕਿਹਾ ਕਿ ਮੈਂ ਪੜਤਾਲ ਕਰ ਕੇ ਉਸਨੂੰ ਰਿਹਾ ਕਰਵਾ ਦੇਵਾਗਾ।
ਪ੍ਰੇਮ ਲਤਾ ਨੇ ਦੋਸ਼ ਲਾਇਆ ਕਿ ਬਲਜੀਤ ਸਿੰਘ ਬਰਾੜ ਡੀ ਐਸ ਪੀ ਤਪਾ ਨੇ ਇਹ ਸਾਰਾ ਡਰਾਮਾ ਸੱਤਾਧਾਰੀ ਧਿਰ ਦੀ ਸ਼ਹਿ ਤੇ ਕਰਕੇ ਮੇਰੇ ਪਤੀ ਨੂੰ ਇਸ ਲਈ ਚੁੱੱਕਿਆ ਸੀ ਕਿ ਮੇਰੇ ਪਤੀ ਦਾ ਗਰੁੱਪ ਨਗਰ ਕੌਂਸਲ ਤਪਾ ਦੀ ਪ੍ਰਧਾਨਗੀ ਅਤੇ ਮੀਤ ਪ੍ਰਧਾਨਗੀ ਤੇ ਕਾਬਜ ਨਾ ਹੋ ਸਕੇ । ਉਨ੍ਹਾਂ ਕਿਹਾ ਕਿ ਉਕਤ ਸਾਰੀ ਘਟਨਾ ਸਮੇਂ ਸ੍ਰੀ ਤਰਲੋਚਨ ਬਾਂਸਲ ,ਅਰਵਿੰਦ ਰੰਗੀ, ਗੁਰਮੀਤ ਸਿੰਘ ਅਤੇ ਹੋਰ ਲੋਕ ਵੀ ਹਾਜਰ ਸਨ।
ਉਨ੍ਹਾਂ ਕਿਹਾ ਕਿ ਧੱਕੇਸ਼ਾਹੀ ਦੀ ਇਸ ਘਟਨਾ ਉਪਰੰਤ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਰਕਰਾ ਅਤੇ ਸ਼ਹਿਰ ਦੇ ਇਨਸਾਫ਼ ਪਸੰਦ ਲੋਕਾਂ ਨੇ ਥਾਣਾ ਤਪਾ ਦਾ ਘਿਰਾਓ ਕੀਤਾ ਅਤੇ ਨੈਸ਼ਨਲ ਹਾਈਵੇ ਬਰਨਾਲਾ ਬਠਿੰਡਾ ਰੋਡ ਥਾਣਾ ਤਪਾ ਦੇ ਸਾਹਮਣੇ ਜਾਮ ਕੀਤਾ । ਉਨ੍ਹਾਂ ਕਿਹਾ ਕਿ ਮੈਂ ਆਪਣੇ ਪਤੀ ਦੀ ਪੜਤਾਲ ਵਿਚ ਭੜਕਦੀ ਰਹੀ।
ਪ੍ਰੇਮ ਲਤਾ ਨੇ ਲਿਹਾਜਾ ਦਰਖਾਸਤ ਪੇਸ਼ ਕਰਕੇ ਬੇਨਤੀ ਕੀਤੀ ਕਿ ਬਲਜੀਤ ਸਿੰਘ ਬਰਾੜ ਡੀ ਐਸ ਪੀ ਬਲਜੀਤ ਸਿੰਘ ਬਰਾੜ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਡੀਐਸਪੀ ਬਰਾੜ ਮੇਰੇ ਪਤੀ ਨੂੰ ਧੱਕੇ ਨਾਲ ਅਗਵਾ ਕਰਕੇ ਲੈ ਗਿਆ ਸੀ ਅਤੇ ਉਸਨੇ ਮੇਰੀ ਇੱਜਤ ਨੂੰ ਹੱਥ ਪਾਇਆ ਅਤੇ ਮੇਰੇ ਅਤੇ ਮੇਰੇ ਪਤੀ ਦੇ ਖਿਲਾਫ ਜਨਤਕ ਥਾਂ ਤੇ ਜਾਤੀ ਸੂਚਿਕ ਸ਼ਬਦਾਂ ਦਾ ਇਸਤੇਮਾਲ ਕਰਕੇ ਜਲੀਲ ਕੀਤਾ ਹੈ।
ਡੀਐਸਪੀ ਬਰਾੜ ਨੇ ਪ੍ਰੇਮ ਲਤਾ ਦੇ ਦੋਸ਼ ਨਕਾਰੇ,,
ਡੀਐਸਪੀ ਬਲਜੀਤ ਸਿੰਘ ਬਰਾੜ ਨੇ ਪ੍ਰੇਮ ਲਤਾ ਵੱਲੋਂ ਲਾਏ ਸਾਰੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਸਾਰੇ ਹੀ ਦੋਸ਼ ਸਰਾਸਰ ਝੂਠੇ ਅਤੇ ਬੇਬੁਨਿਆਦ ਹਨ। ਡੀਐਸਪੀ ਬਰਾੜ ਨੇ ਕਿਹਾ ਕਿ ਐਮਸੀ ਵਿਨੋਦ ਕਾਲਾ ਦੇ ਖਿਲਾਫ ਐਫ ਆਈ ਆਰ ਨੰਬਰ 41 ਮਿਤੀ 29-3-2021 ਅੰਡਰ ਸੈਕਸ਼ਨ 353, 186,332,294,510,148,149 ਆਈ ਪੀ ਸੀ ਥਾਣਾ ਤਪਾ ਵਿਖੇ ਦਰਜ ਹੈ। ਇਸ ਮੁਕੱਦਮੇ ਵਿਚ ਨਾਮਜਦ ਦੋਸ਼ੀ ਵਿਨੋਦ ਕਾਲਾ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਮਿਤੀ 21-4-2021 ਨੂੰ ਪੇਸ਼ ਕਰ ਦਿੱਤਾ ਗਿਆ ਸੀ। ਕੁੱੱਝ ਵੀ ਗੈਰਕਾਨੂੰਨੀ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦੋਸ਼ੀ ਦੀ ਗਿਰਫਤਾਰੀ ਤੋਂ ਖਫਾ ਹੋ ਕੇ ਹੀ ਉਸਦੀ ਪਤਨੀ ਨੇ ਮੇਰੇ ਖਿਲਾਫ ਝੂਠੀ ਸ਼ਕਾਇਤ ਦੇ ਕੇ ਮੇਰੇ ਤੇ ਦਬਾਅ ਪਾਇਆ ਜਾ ਰਿਹਾ ਹੈ।