ਹਾਲਤ ਗੰਭੀਰ , ਬਰਨਾਲਾ ਤੋਂ ਰਜਿੰਦਰਾ ਹਸਪਤਾਲ ਕੀਤਾ ਰੈਫਰ
ਪ੍ਰਦੀਪ ਕਸਬਾ , ਬਰਨਾਲਾ 24 ਅਪ੍ਰੈਲ 2021
ਹੰਡਿਆਇਆ-ਧਨੌਲਾ ਲਿੰਕ ਰੋਡ ਤੇ ਇੱਕ ਖੇਤ ‘ਚ ਲੱਗੀ ਮੋਟਰ ਵਾਲੇ ਕਮਰੇ ਵਿੱਚ ਇੱਕ ਪ੍ਰੇਮੀ ਜੋੜੇ ਨੇ ਕੁੜੀ ਦੇ ਪਰਿਵਾਰ ਤੋਂ ਡਰਦਿਆਂ ਕੋਈ ਜਹਿਰਲੀ ਚੀਜ ਪੀ ਕੇ ਆਤਮ ਹੱਤਿਆ ਦੀ ਕੋਸ਼ਿਸ਼ ਕੀਤੀ। ਗੰਭੀਰ ਹਾਲਤ ਵਿੱਚ ਤੜਫਦੇ ਪ੍ਰੇਮੀ ਜੋੜੇ ਨੂੰ ਲੜਕੇ ਦੇ ਪਰਿਵਾਰ ਦੇ ਮੈਂਬਰਾਂ ਨੇ ਤੁਰੰਤ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਿਲ ਕਰਵਾਇਆ। ਪਰੰਤੂ ਨਾਜ਼ੁਕ ਹਾਲਤ ਦੇ ਮੱਦੇਨਜ਼ਰ ਡਿਊਟੀ ਤੇ ਤਾਇਨਾਤ ਡਾਕਟਰਾਂ ਨੇ ਦੋਵਾਂ ਨੂੰ ਹੀ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਹੰਡਿਆਇਆ ਦੇ ਸਲਾਣੀ ਪੱਤੀ ਮੁਹੱਲੇ ਦੇ ਰਹਿਣ ਵਾਲੇ ਦਲਿਤ ਪਰਿਵਾਰ ਦੇ ਨੌਜਵਾਨ ਬਲਜਿੰਦਰ ਸਿੰਘ ਪੁੱਤਰ ਨਾਜ਼ਰ ਸਿੰਘ ਦੇ ਕਰੀਬ ਦੋ ਵਰ੍ਹਿਆਂ ਤੋਂ ਧਨੌਲਾ ਖੁਰਦ ਵਿਖੇ ਆਪਣੇ ਨਾਨਕੇ ਘਰ ਰਹਿੰਦੀ ਕੁੜੀ ਹਰਪ੍ਰੀਤ ਕੌਰ ਨਾਲ ਪਿਆਰ ਸਬੰਧ ਚੱਲ ਰਹੇ ਸਨ। ਦੋਵੇਂ ਜਣੇ ਲੁਕ-ਲੁਕ ਕੇ ਇੱਕ ਦੂਜੇ ਨੂੰ ਮਿਲਦੇ ਰਹਿੰਦੇ ਸਨ। ਪਰੰਤੂ ਦੋਵਾਂ ਦੇ ਪਿਆ ਸਬੰਧਾਂ ਦੀ ਭਿਣਕ ਲੜਕੀ ਦੇ ਮਾਮਾ ਮਾਮੀ ਨੂੰ ਵੀ ਲੱਗ ਗਈ । ਅੱਜ ਜਦੋਂ ਸਵੇਰੇ ਕਰੀਬ 10 ਕੁ ਵਜੇ ਦੋਵੇਂ ਜਣੇ, ਧਨੌਲਾ ਖੁਰਦ ਤੋਂ ਹੰਡਿਆਇਆ-ਧਨੌਲਾ ਲਿੰਕ ਰੋਡ ਤੇ ਜਾ ਰਹੇ ਸਨ ਤਾਂ ਹਰਪ੍ਰੀਤ ਕੌਰ ਦੇ ਮਾਮਾ-ਮਾਮੀ ਨੇ ਕਿਸੇ ਵਿਅਕਤੀ ਤੋਂ ਪਤਾ ਲੱਗਣ ਤੋਂ ਬਾਅਦ ਉਨਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਡਰਦੇ ਮਾਰੇ ਉਹ ਦੋਵੇਂ ਸੜ੍ਹਕ ਦੇ ਨੇੜੇ ਪੈਂਦੇ ਮਨੀ ਦੇ ਖੇਤ ਦੀ ਮੋਟਰ ਵਾਲੇ ਕਮਰੇ ਵਿੱਚ ਜਾ ਲੁਕੇ। ਇੱਨ੍ਹੇ ਵਿੱਚ ਹੀ ਲੜਕੀ ਦੇ ਪਿਉ , ਮਾਮਾ-ਮਾਮੀ ਅਤੇ 2/3 ਹੋਰ ਬੰਦਿਆਂ ਸਮੇਤ ਉਸੇ ਥਾਂ ਪਹੁੰਚ ਗਏ। ਸਾਰਿਆਂ ਨੇ ਲੜਕੀ ਅਤੇ ਲੜਕੀ ਦੀ ਕਾਫੀ ਕੁੱਟ ਮਾਰ ਕੀਤੀ। ਡਰਦਿਆਂ ਹੋਇਆਂ ਕਿਸੇ ਤਰਾਂ ਦੋਵਾਂ ਜਣਿਆ ਨੇ ਆਪਣੇ ਬਚਾਅ ਲਈ ਕਮਰੇ ਨੂੰ ਅੰਦਰੋਂ ਕੁੰਡਾ ਲਾ ਲਿਆ । ਲੜਕੀ ਦੇ ਪਰਿਵਾਰ ਵਾਲਿਆਂ ਨੇ ਪਹਿਲਾਂ ਕਮਰੇ ਨੂੰ ਬਾਹਰੋਂ ਜਿੰਦਾ ਲਾ ਦਿੱਤਾ। ਰੌਲਾ ਰੱਪਾ ਸੁਣ ਕੇ ਹੋਰ ਲੋਕ ਵੀ ਇਕੱਠੇ ਹੋ ਗਏ। ਉੱਧਰੋਂ ਬਲਜਿੰਦਰ ਸਿੰਘ ਨੇ ਵੀ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਘਟਨਾ ਬਾਰੇ ਜਾਣਕਾਰੀ ਦੇ ਕੇ ਬੁਲਾ ਲਿਆ । ਜਦੋਂ ਬਲਜਿੰਦਰ ਸਿੰਘ ਦੇ ਪਰਿਵਾਰ ਦੇ ਮੈਂਬਰ ਉੱਥੇ ਪਹੁੰਚੇ ਤਾਂ, ਉਨਾਂ ਨੇ ਵੀ ਲੜਕੀ ਦੇ ਪਰਿਵਾਰ ਦੀ ਮਿੰਨਤਾਂ ਕਰਕੇ, ਕਮਰੇ ਨੂੰ ਲਾਇਆ ਜਿੰਦਾ ਖੋਹਲ ਦੇਣ ਲਈ ਬੇਨਤੀ ਕੀਤੀ। ਜਦੋਂ ਲੜਕੀ ਦੇ ਪਰਿਵਾਰ ਨੇ ਦੋਵਾਂ ਨੂੰ ਮਾਰ ਦੇਣ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਕਮਰੇ ਵਿੱਚ ਘਿਰੇ ਪ੍ਰੇਮੀ ਜੋੜੇ ਨੇ ਕਮਰੇ ਵਿੱਚ ਪਈ ਜਹਿਰੀਲੀ ਦਵਾਈ ਪੀ ਲਈ।
ਜਦੋਂ ਕੁੜੀ ਨੇ ਤੜਫਦਿਆਂ ਚੀਖਾਂ ਮਾਰਨੀਆਂ ਸ਼ੁਰੂ ਕੀਤੀਆਂ ਤਾਂ ਲੜਕੇ ਦੇ ਪਰਿਵਾਰ ਵਾਲਿਆਂ ਨੇ ਇਨਸਾਨੀਅਤ ਨਾਤੇ ਦੋਵਾਂ ਨੂੰ ਹਸਪਤਾਲ ਲਿਜਾਣ ਲਈ, ਜਿੰਦੇ ਦੀ ਚਾਬੀ ਖੋਹ ਕੇ ਦੋਵਾਂ ਨੂੰ ਸਿਵਲ ਹਸਪਤਾਲ ਦਾਖਿਲ ਕਰਵਾਇਆ। ਜਿੱਥੇ ਲੜਕੀ ਹਰਪ੍ਰੀਤ ਕੌਰ ਨੇ ਕਿਹਾ ਕਿ ਮੈਂ ਬਲਜਿੰਦਰ ਸਿੰਘ ਨਾਲ ਹੀ ਵਿਆਹ ਕਰਵਾਉਣਾ ਹੈ। ਉੱਧਰ ਲੜਕੇ ਨੇ ਵੀ ਕਹਿ ਦਿੱਤਾ ਕਿ ਅਸੀਂ ਦੋਵਾਂ ਨੇ ਪਿਆਰ ਕੀਤਾ, ਹੁਣ ਮਰ ਜਾਵਾਂਗੇ, ਪਰ ਵੱਖ ਵੱਖ ਨਹੀਂ ਰਹਿ ਸਕਦੇ। ਹੰਡਿਆਇਆ ਚੌਂਕੀ ਦੇ ਇੰਚਾਰਜ਼ ਸਰਬਜੀਤ ਸਿੰਘ ਨੇ ਕਿਹਾ ਕਿ ਹਸਪਤਾਲ ਵਿੱਚੋਂ ਮਿਲੀ ਸੂਚਨਾ ਤੋਂ ਬਾਅਦ ਏ.ਐਸ.ਆਈ. ਨੂੰ ਬਿਆਨ ਲੈਣ ਲਈ ਭੇਜਿਆ ਗਿਆ ਹੈ। ਬਿਆਨ ਦੇ ਅਧਾਰ ਤੇ ਉਚਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।