ਬੀ ਟੀ ਐੱਨ, ਫਾਜ਼ਿਲਕਾ, 24 ਅਪ੍ਰੈਲ 2021
ਫਾਜ਼ਿਲਕਾ ਜ਼ਿਲੇ ਦੇ ਪਿੰਡ ਥੇਹਕਲੰਦਰ ਦੀ ਗ੍ਰਾਮ ਪੰਚਾਇਤ ਨੂੰ ਅੱਜ ਕੌਮੀ ਪੰਚਾਇਤੀ ਰਾਜ ਦਿਵਸ ਮੌਕੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਆਨ-ਲਾਈਨ ਦੀਨਦਿਆਲ ਉਪਾਧਿਆਇ ਪੰਚਾਇਤ ਸਸ਼ਕਤੀਕਰਨ ਪੁਰਸ਼ਕਾਰ ਦਿੱਤਾ ਗਿਆ। ਜ਼ਿਲ੍ਹਾ ਸਦਰ ਮੁਕਾਮ ਤੋਂ ਇਸ ਆਨਲਾਈਨ ਸਮਾਗਮ ਵਿੱਚ ਵਿਧਾਇਕ ਫਾਜ਼ਿਲਕਾ ਸ. ਦਵਿੰਦਰ ਸਿੰਘ ਘੁਬਾਇਆ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਨਵਲ ਰਾਮ, ਸਰਪੰਚ ਪਿੰਡ ਥੇਹ ਕਲੰਦਰ ਰੁਪਿੰਦਰ ਕੌਰ ਅਤੇ ਪਿੰਡ ਦੇ ਮੈਬਰਜ਼ ਹਾਜ਼ਰ ਹੋਏ। ਆਨਲਾਈਨ ਸਮਾਗਮ ਤੋਂ ਬਾਅਦ ਸਰਕਾਰ ਵੱਲੋਂ ਡਿਪਟੀ ਕਮਿਸ਼ਨਰ ਫਾਜ਼ਿਲਕਾ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਪੁਰਸਕਾਰ ਮਹਿਲਾ ਸਰਪੰਚ ਰੁਪਿੰਦਰ ਕੌਰ ਨੂੰ ਦਿੱਤਾ। ਇਸ ਪੁਰਸਕਾਰ ਲਈ ਭਾਰਤ ਸਰਕਾਰ ਚੋਣ ਕਰਦੀ ਹੈ। ਇਹ ਜਾਣਕਾਰੀ ਜ਼ਿਲੇ ਦੇ ਵਿਧਾਇਕ ਫਾਜ਼ਿਲਕਾ ਸ. ਦਵਿੰਦਰ ਸਿੰਘ ਘੁਬਾਇਆ ਦਿੱਤੀ ਹੈ। ਇਸ ਤਹਿਤ ਪਿੰਡ ਨੂੰ 10 ਲੱਖ ਰੁਪਏ ਦਾ ਇਨਾਮ ਮਿਲਿਆ। ਵਿਧਾਇਕ ਘੁਬਾਇਆ ਨੇ ਗ੍ਰਾਮ ਪੰਚਾਇਤ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਹੈ।ਪਿੰਡ ਦੀ ਸਰਪੰਚ ਰੁਪਿੰਦਰ ਕੌਰ ਨੇ ਦੱਸਿਆ ਕਿ ਪਿੰਡ ਵਿਚ ਦਾਖਲ ਹੁੰਦਿਆਂ ਹੀ ਮਹਿਸੂਸ਼ ਹੁੰਦਾ ਹੈ ਕਿ ਕਿਸੇ ਖਾਸ ਪਿੰਡ ਵਿਚ ਪਹੁੰਚ ਗਏ ਹੋ। ਪਿੰਡ ਦੀ ਐਂਟਰੀ ਤੇ ਸ਼ਾਨਦਾਰ ਸੜਕ ਸਵਾਗਤ ਕਰਦੀ ਹੈ ਜਦ ਕਿ ਪਿੰਡ ਦੇ ਅੰਦਰ 3 ਕਨਾਲ ਵਿਚ ਬਹੁਤ ਹੀ ਵਧੀਆ ਪਾਰਕ ਬਣਾਇਆ ਗਿਆ ਹੈ। ਮਹਿਲਾ ਸਰਪੰਚ ਨੇ ਪਿੰਡਾਂ ਦੀਆਂ ਔਰਤਾਂ ਦੀਆਂ ਮੁਸਕਿਲਾਂ ਨੂੰ ਪਹਿਲ ਦੇ ਅਧਾਰ ਤੇ ਸਮਝਦਿਆਂ ਇਹ ਪਾਰਕ ਬਣਾਇਆ ਹੈ ਜਿੱਥੇ ਰਾਤ ਸਮੇਂ ਵੀ ਔਰਤਾਂ ਸ਼ੈਰ ਕਰ ਸਕਦੀਆਂ ਹਨ। ਇਸ ਤੋਂ ਬਿਨਾਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਲ ਲਈ ਫਲੱਡ ਲਾਇਟਾਂ ਵਾਲਾ ਵਾਲੀਬਾਲ ਗਰਾਉਂਡ ਬਣਾਇਆ ਗਿਆ ਹੈ। ਪਿੰਡ ਵਿਚ ਸਟਰੀਟ ਲਾਈਟਾਂ ਲਗਾਈਆਂ ਗਈਆਂ ਹਨ। ਪਿੰਡ ਦੀ ਦਾਣਾ ਮੰਡੀ ਦੀ ਚਾਰਦਿਵਾਰੀ ਕਰਕੇ ਗੇਟ ਬੰਦ ਹੁੰਦੇ ਹਨ ਤਾਂ ਕਿ ਫਸਲ ਵੇਚਣ ਆਉਣ ਵਾਲੇ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ। ਪਿੰਡ ਦੇ ਛੱਪੜ ਦੀ ਚਾਰਦਿਵਾਰੀ ਕੀਤੀ ਗਈ ਹੈ। ਸਕੂਲ ਵਿਚ ਦੋ ਕਮਰੇ ਤਿਆਰ ਕਰਵਾਏ ਜਾ ਰਹੇ ਹਨ। ਦੋ ਆਂਗਣਬਾੜੀ ਸੈਂਟਰਾਂ ਅਤੇ ਹਸਪਤਾਲ ਦੀ ਦਿੱਖ ਸੁਧਾਰੀ ਗਈ ਹੈ ਅਤੇ ਬੱਸ ਅੱਡੇ ਦੀ ਰਿਪੇਅਰ ਕੀਤੀ ਗਈ ਹੈ। ਲੋੜਵੰਦ ਲੋਕਾਂ ਦੇ ਸਮਾਜਿਕ ਸਮਾਗਮਾਂ ਲਈ 60 ਹਜਾਰ ਰੁਪਏ ਦੀ ਰਕਮ ਨਾਲ ਬਰਤਨ ਬੈਂਕ ਸਥਾਪਿਤ ਕੀਤਾ ਗਿਆ ਹੈ ਜਿਸ ਨਾਲ ਪਲਾਸਟਿਕ ਦੇ ਭਾਂਡਿਆਂ ਦੀ ਵਰਤੋਂ ਘੱਟਣ ਨਾਲ ਵਾਤਾਵਰਨ ਨੂੰ ਵੀ ਗੰਦਾ ਹੋਣ ਤੋਂ ਬਚਾਇਆ ਜਾਂਦਾ ਹੈ।