ਸਰਕਾਰੀ ਸਕੂਲ ਅਧਿਆਪਕਾਂ ਨੂੰ ਹੁਣ ਨਹੀਂ ਕਰਨਗੇ ਲੋਕ ਸਵਾਲ
ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਦੀ ਸਰਪ੍ਰਸਤੀ ਤੇ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਪ੍ਰੇਰਨਾ ਨਾਲ ਬਹੁਤ ਸਾਰੇ ਜਿਲ੍ਹਿਆਂ ਦੇ ਸਿੱਖਿਆ ਅਧਿਕਾਰੀਆਂ, ਸਕੂਲ ਮੁਖੀਆਂ, ਅਧਿਆਪਕਾਂ ਤੇ ਨਾਨ-ਟੀਚਿੰਗ ਮੁਲਾਜ਼ਮਾਂ ਵੱਲੋਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ‘ਚ ਦਾਖਲ ਕਰਵਾਇਆ ਗਿਆ ਹੈ। ਜਿਸ ਨਾਲ ਹੋਰਨਾਂ ਵਿਭਾਗਾਂ ਦੇ ਮੁਲਾਜ਼ਮਾਂ ਤੇ ਆਮ ਲੋਕਾਂ ਨੂੰ ਵੀ ਆਪਣੇ ਬੱਚੇ ਸਰਕਾਰੀ ਸਕੂਲਾਂ ‘ਚ ਦਾਖਲ ਕਰਵਾਉਣ ਲਈ ਪ੍ਰੇਰਨਾ ਮਿਲ ਰਹੀ ਹੈ। ਦੱਸਣਯੋਗ ਹੈ ਕਿ ਫਿਰੋਜਪੁਰ ਦਿਹਾਤੀ ਹਲਕੇ ਤੋਂ ਵਿਧਾਇਕਾ ਸਤਿਕਾਰ ਕੌਰ ਨੇ ਵੀ ਆਪਣੇ ਬੱਚੇ ਨੂੰ ਸਰਕਾਰੀ ਸਕੂਲ ‘ਚ ਦਾਖਲ ਕਰਵਾ ਕੇ ਨਵੀਂ ਪਿਰਤ ਪਾਈ ਹੈ।
ਪਟਿਆਲਾ ਜਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਜਮਾਲਪੁਰ ਦੀ ਅਧਿਆਪਕਾ ਮਨਪ੍ਰੀਤ ਕੌਰ ਨੇ ਆਪਣੀ ਬੇਟੀ ਮਨਬੀਰ ਕੌਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੋਡਰਪੁਰ ਵਿਖੇ ਦਸਵੀਂ ਤੇ ਬੇਟੇ ਮਨਰਾਜ ਸਿੰਘ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਜਮਾਲਪੁਰ ਵਿਖੇ ਪਹਿਲੀ ਜਮਾਤ ‘ਚ ਦਾਖਲ ਕਰਵਾਇਆ ਹੈ। ਸ੍ਰੀਮਤੀ ਮਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਸਰਕਾਰੀ ਸਕੂਲਾਂ ‘ਤੇ ਮਾਣ ਹੈ, ਜਿਸ ਸਦਕਾ ਆਪਣੇ ਬੱਚਿਆਂ ਨੂੰ ਇਨ੍ਹਾਂ ਸਕੂਲਾਂ ‘ਚ ਦਾਖਲ ਕਰਵਾਇਆ ਹੈ ਅਤੇ ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਸਾਥੀ ਅਧਿਆਪਕ ਤੇ ਹੋਰ ਵਰਗਾਂ ਦੇ ਲੋਕ ਵੀ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ‘ਚ ਦਾਖਲ ਕਰਵਾਉਣ ਲਈ ਉਤਸ਼ਾਹਿਤ ਹੋ ਰਹੇ ਹਨ। ਇਸੇ ਤਰ੍ਹਾਂ ਸਿੱਖਿਆ ਵਿਭਾਗ ‘ਚ ਕਲੱਰਕ ਵਜੋਂ ਕਾਰਜਸ਼ੀਲ ਮੋਹਨ ਸਿੰਘ ਲੰਗ ਦਾ ਕਹਿਣਾ ਹੈ ਕਿ ਉਸ ਦੀ ਇੱਕ ਬੇਟੀ ਸਰਕਾਰੀ ਸਕੂਲ ‘ਚੋਂ 12 ਜਮਾਤਾਂ ਪਾਸ ਕਰ ਚੁੱਕੀ ਹੈ ਅਤੇ ਦੋ ਹੋਰ ਬੇਟੀਆਂ ਵੀ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਦੀ ਹਾਈ ਬ੍ਰਾਂਚ ਪੜ੍ਹ ਰਹੀਆਂ ਹਨ। ਉਨ੍ਹਾਂ ਨੇ ਮੁੱਢ ਤੋਂ ਹੀ ਸਰਕਾਰੀ ਸਕੂਲਾਂ ‘ਚ ਵਿਸ਼ਵਾਸ਼ ਰੱਖਿਆ ਹੈ ਤੇ ਉਨ੍ਹਾਂ ਦੀਆਂ ਬੇਟੀਆਂ ਮੋਹਰੀ ਪੁਜ਼ੀਸ਼ਨਾਂ ਲੈ ਕੇ ਪਾਸ ਹੋ ਰਹੀਆਂ ਹਨ।