‘ਮੁੱਖ ਮੰਤਰੀ ਖ਼ੁਦ ਕਰ ਰਹੇ ਹਨ ਕਣਕ ਦੀ ਖਰੀਦ ਪ੍ਰਕ੍ਰਿਆ ਦੀ ਨਿਗਰਾਨੀ’
ਹਰਦੀਪ ਸਿੰਘ, ਗਹੀਰ, ਪਟਿਆਲਾ, 22 ਅਪ੍ਰੈਲ 2021:
‘ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ‘ਚ ਕਿਸਾਨਾਂ ਵੱਲੋਂ ਵੇਚਣ ਲਈ ਲਿਆਂਦੀ ਗਈ ਕਣਕ ਦੀ ਖਰੀਦ ਏਜੰਸੀਆਂ ਵੱਲੋਂ ਖਰੀਦ ਕਰਨ ਮਗਰੋਂ ਉਸ ਦੇ ਉਚਿਤ ਭੰਡਾਰਨ ਲਈ ਮੰਡੀਆਂ ‘ਚੋਂ ਜਿਣਸ ਦੀ ਢੋਆ-ਢੁਆਈ ਦਾ ਕਾਰਜ ਵੀ ਤੇਜੀ ਨਾਲ ਚੱਲ ਰਿਹਾ ਹੈ।’ ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਮੰਡੀਆਂ ‘ਚ ਕਣਕ ਦੀ ਹੁਣ ਤੱਕ ਹੋਈ ਆਮਦ ‘ਚੋਂ 96 ਫ਼ੀਸਦੀ ਖਰੀਦ ਕਰ ਲਈ ਗਈ ਹੈ ਅਤੇ ਇਸ ‘ਚੋਂ ਲਿਫਟਿੰਗ ਦਾ ਕੰਮ ਵੀ 61 ਫ਼ੀਸਦੀ ਨਿਬੜ ਚੁੱਕਾ ਹੈ।
ਕਣਕ ਦੀ ਢੋਆ-ਢੁਆਈ ਲਈ ਟਰਾਂਸਪੋਰਟ ਦੇ ਵੀ ਪ੍ਰਬੰਧ ਪੁਖਤਾ-ਕੁਮਾਰ ਅਮਿਤ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ‘ਚ ਰੋਜ਼ਾਨਾ ਕਰੀਬ 45 ਹਜ਼ਾਰ ਮੀਟਰਿਕ ਟਨ ਕਣਕ ਦੀ ਲਿਫਟਿੰਗ ਹੋ ਰਹੀ ਹੈ ਅਤੇ ਆਉਣ ਵਾਲੇ ਤਿੰਨ-ਚਾਰ ਦਿਨਾਂ ਦੇ ਅੰਦਰ-ਅੰਦਰ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਬਿਲਕੁਲ ਖਾਲੀ ਮਿਲਣਗੀਆਂ, ਕਿਉਂਕਿ ਜ਼ਿਲ੍ਹੇ ‘ਚ ਕਣਕ ਦੀ ਫ਼ਸਲ ਦੀ ਲਗਪਗ 85 ਫ਼ੀਸਦੀ ਤੋਂ ਜ਼ਿਆਦਾ ਕਟਾਈ ਹੋਣ ਕਰਕੇ ਸੰਭਾਵਤ ਆਮਦ ਵਿਚੋਂ ਬਹੁਤੀ ਕਣਕ ਮੰਡੀਆਂ ‘ਚ ਆ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਢੋਆ-ਢੋਆਈ ਲਈ ਇੰਤਜਾਮ ਵੀ ਪੁਖ਼ਤਾ ਹਨ। ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਕੁਝ ਮੰਡੀਆਂ ‘ਚ ਖਰੀਦ ਅਤੇ ਲਿਫਟਿੰਗ ਦੀ ਪ੍ਰਕ੍ਰਿਆ ਤਾਂ ਮੁਕੰਮਲ ਹੋ ਵੀ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਕਿਸਾਨਾਂ ਨੂੰ 342.28 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁਕੀ ਹੈ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਕਿਸਾਨਾਂ, ਆੜਤੀਆਂ ਤੇ ਖਰੀਦ ਏਜੰਸੀਆਂ ਦਾ ਕੀਤਾ ਧੰਨਵਾਦ
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਕਿਸਾਨਾਂ, ਆੜਤੀਆਂ ਤੇ ਖਰੀਦ ਏਜੰਸੀਆਂ ਦਾ ਇਸ ਗੱਲੋਂ ਧੰਨਵਾਦ ਕੀਤਾ ਕਿ ਉਹ ਇਸ ਸੀਜਨ ਦੌਰਾਨ ਚੁਣੌਤੀਆਂ ਦੇ ਬਾਵਜੂਦ ਪ੍ਰਸ਼ਾਸਨ ਦਾ ਬੇਹੱਦ ਸਾਥ ਤੇ ਸਹਿਯੋਗ ਦੇ ਰਹੇ ਹਨ। ਉਨ੍ਹਾਂ ਨਾਲ ਹੀ ਦੱਸਿਆ ਕਿ ਕਣਕ ਦੀ ਸਮੁੱਚੀ ਖਰੀਦ ਪ੍ਰਕ੍ਰਿਆ ‘ਤੇ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ੁਦ ਨਿਗਰਾਨੀ ਰੱਖ ਰਹੇ ਹਨ। ਜਦਕਿ ਜ਼ਿਲ੍ਹਾ ਪ੍ਰਸ਼ਾਸਨ ਵੀ ਇਸ ਗੱਲੋਂ ਵਚਨਬੱਧਤਾ ਪੂਰੀ ਤਰ੍ਹਾਂ ਪੁਗਾ ਰਿਹਾ ਹੈ ਕਿ ਜ਼ਿਲ੍ਹੇ ਦੇ ਸਾਰੇ ਖਰੀਦ ਕੇਂਦਰਾਂ ਵਿਖੇ ਆਪਣੀ ਜਿਣਸ ਵੇਚਣ ਲਈ ਲੈ ਕੇ ਆਉਂਦੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆਵੇ।