ਅਨਿਲ ਕੁਮਾਰ ਭੂਤ ਦੇ ਸਿਰ ਸਜਿਆ ਨਗਰ ਕੌਂਸਲ ਤਪਾ ਦੇ ਪ੍ਰਧਾਨ ਦਾ ਤਾਜ
ਡਾਕਟਰ ਸੋਨਿਕਾ ਬਾਂਸਲ ਚੁਣੀ ਮੀਤ ਪ੍ਰਧਾਨ
ਅਕਾਲੀ ਕੌਸਲਰ ਵਿਨੋਦ ਕਾਲਾ ਦੀ ਗਿਰਫਤਾਰੀ ਦੇ ਵਿਰੁੱਧ ,ਥਾਣੇ ਮੂਹਰੇ ਅਕਾਲੀਆਂ ਨੇ ਲਾਇਆ ਧਰਨਾ
ਬੀ.ਟੀ.ਐਨ,ਤਪਾ 20 ਅਪ੍ਰੈਲ 2021
ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਜੱਦੀ ਸ਼ਹਿਰ ਤਪਾ ਦੀ ਨਗਰ ਕੌਂਸਲ ਦਾ ਪ੍ਰਧਾਨ ਅਨਿਲ ਕੁਮਾਰ ਕਾਲਾ ਭੂਤ ਨੂੰ ਚੁਣ ਲਿਆ ਗਿਆ। ਜਦੋਂਕਿ ਡਾ ਸੋਨਿਕਾ ਬਾਂਸਲ ਮੀਤ ਪ੍ਰਧਾਨ ਚੁਣੀ ਗਈ। ਨਗਰ ਕੌਂਸਲ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਤੋਂ ਐਨ ਪਹਿਲਾਂ ਪੁਲਿਸ ਨੇ ਵਿਰੋਧੀ ਧਿਰ ਨਾਲ ਸਬੰਧਿਤ ਕੌਸਲਰ ਵਿਨੋਦ ਕਾਲਾ ਨੂੰ ਵੋਟਿੰਗ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਹੀ ਗਿਰਫ਼ਤਾਰ ਕਰ ਲਿਆ। ਪੁਲਿਸ ਦੀ ਅਜਿਹੀ ਕਾਰਵਾਈ ਤੋਂ ਭੜ੍ਹਕੇ ਅਕਾਲੀਆਂ ਨੇ ਪੰਜਾਬ ਸਰਕਾਰ ਅਤੇ ਡੀਐਸਪੀ ਬਲਜੀਤ ਸਿੰਘ ਬਰਾੜ ਦੇ ਖਿਲਾਫ ਜੋਰਦਾਰ ਨਾਰੇਬਾਜੀ ਕੀਤੀ। ਵਿਧਾਨ ਸਭਾ ਹਲਕਾ ਭਦੌੜ ਤੋਂ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ, ਨਗਰ ਕੌਂਸਲ ਤਪਾ ਦੇ ਸਾਬਕਾ ਪ੍ਰਧਾਨ ਤਰਲੋਚਨ ਬਾਂਸਲ ਅਤੇ ਅਕਾਲੀ ਆਗੂ ਦਵਿੰਦਰ ਸਿੰਘ ਬੀਹਲਾ ਦੀ ਅਗਵਾਈ ਵਿੱਚ ਅਕਾਲੀ ਕੌਸਲਰਾਂ ਤੇ ਵਰਕਰਾਂ ਨੇ ਰੋਸ ਪ੍ਰਦਰਸ਼ਨ ਕਰਕੇ, ਬਰਨਾਲਾ-ਬਠਿੰਡਾ ਮੁੱਖ ਹਾਈਵੇ ਜਾਮ ਲਾ ਕੇ ਥਾਣਾ ਤਪਾ ਦੇ ਅੱਗੇ ਧਰਨਾ ਸ਼ੁਰੂ ਕਰ ਦਿੱਤਾ। ਵਰਨਣਯੋਗ ਹੈ ਕਿ ਤਪਾ ਨਗਰ ਕੌਂਸਲ ਦੇ ਕੁੱਲ 15 ਮੈਂਬਰਾਂ ਵਿਚੋਂ ਕਾਂਗਰਸ ਨੂੰ 7 ਅਤੇ ਅਕਾਲੀ ਦਲ ਅਤੇ ਅਜਾਦ ਕੌਸਲਰਾਂ ਦੇ ਗਰੁੱਪ ਨੂੰ 8 ਕੌਸਲਰਾਂ ਦਾ ਸਮਰਥਨ ਪ੍ਰਾਪਤ ਸੀ। ਜਦੋਂਕਿ ਆਪ ਦੇ ਬਾਗੀ ਵਿਧਾਇਕ ਪਿਰਮਲ ਸਿੰਘ ਧੌਲਾ ਵੀ ਕਾਂਗਰਸੀਆਂ ਦੇ ਹੱਕ ਵਿੱਚ ਡਟ ਕੇ ਖੜ੍ਹ ਗਏ। ਇਸ ਤਰ੍ਹਾਂ ਦੋਵਾਂ ਧਿਰਾਂ ਦਰਮਿਆਨ ਬਰਾਬਰ ਦੀ ਟੱਕਰ ਹੋਣ ਕਾਰਣ ਮਾਮਲਾ ਟਾੱਸ ਤੇ ਟਿਕਿਆ ਹੋਇਆ ਸੀ। ਪਰੰਤੂ ਚੋਣ ਮੀਟਿੰਗ ਵਿੱਚ ਜਾਂਂਦਿਆਂ ਹੀ ਪੁਲਿਸ ਨੇ ਅਕਾਲੀਆਂ ਦੇ ਕੌਸਲਰ ਵਿਨੋਦ ਕਾਲਾ ਨੂੰ ਗਿਰਫ਼ਤਾਰ ਕਰਕੇ, ਕਾਂਗਰਸ ਦੀ ਜਿੱਤ ਯਕੀਨੀ ਬਣਾ ਦਿੱਤੀ। ਚੋਣ ਅਧਿਕਾਰੀ ਨੇ ਮੀਟਿੰਗ ਵਿੱਚ ਐਮ ਐਲ ਏ ਸਮੇਤ ਹਾਜਿਰ ਕੁੱਲ 8 ਮੈਂਬਰਾਂ ਨੂੰ ਚੋਣ ਦਾ ਸੱਦਾ ਦਿੱਤਾ। ਮੀਟਿੰਗ ਵਿੱਚ ਸ਼ਾਮਿਲ 8 ਮੈਂਬਰਾਂ ਨੇ ਸਰਬਸੰਮਤੀ ਨਾਲ ਕਾਲਾ ਭੂਤ ਨੂੰ ਪ੍ਰਧਾਨ ਅਤੇ ਡਾ ਸੋਨਿਕਾ ਬਾਂਸਲ ਨੂੰ ਮੀਤ ਪ੍ਰਧਾਨ ਚੁਣ ਲਿਆ।
ਅਕਾਲੀਆਂ ਨੇ ਕਿਹਾ, ਕਾਂਗਰਸ ਨੇ ਕੀਤੀ ਲੋਕਤੰਤਰ ਦੀ ਹੱਤਿਆ
ਥਾਣਾ ਤਪਾ ਅੱਗੇ ਰੋਡ ਜਾਮ ਕਰਕੇ ਧਰਨਾ ਦੇ ਰਹੇ ਅਕਾਲੀ ਦਲ ਦੇ ਹਲਕਾ ਭਦੌੜ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਕਿਹਾ ਕਿ ਹਾਰ ਤੋਂ ਬੁਖਲਾਈ ਕਾਂਗਰਸ ਸਰਕਾਰ ਨੇ ਅਕਾਲੀ ਦਲ ਦੇ ਇੱਕ ਐਮ ਸੀ ਨੂੰ ਵੋਟਿੰਗ ਵਿੱਚ ਹਿੱਸਾ ਲੈਣ ਤੋਂ ਰੋਕ ਕੇ ਲੋਕਤੰਤਰ ਦੀ ਹੱਤਿਆ ਕੀਤੀ ਹੈ। ਉਨ੍ਹਾਂ ਦੱਸਿਆ ਕਿ ਡੀਐਸਪੀ ਨੇ ਵੋਟ ਪਾਉਣ ਜਾ ਰਹੇ ਐਮਸੀ ਵਿਨੋਦ ਕਾਲਾ ਨੂੰ ਗਿਰਫ਼ਤਾਰ ਕਰਕੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ ਅਕਾਲੀ ਕੌਸਲਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਜਾਰੀ ਹੁਕਮਾਂ ਦੀ ਵੀ ਪਰਵਾਹ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਉਹ ਪੁਲਿਸ ਦੇ ਅਜਿਹੇ ਰਵੱਈਏ ਨੂੰ ਹਾਈਕੋਰਟ ਵਿੱਚ ਚੁਣੌਤੀ ਦੇਣਗੇ। ਇਸ ਮੌਕੇ ਤਰਲੋਚਨ ਬਾਂਸਲ, ਦਵਿੰਦਰ ਬੀਹਲਾ ਆਦਿ ਨੇਤਾਵਾਂ ਨੇ ਵੀ ਸਰਕਾਰ ਦੀ ਧੱਕੇਸ਼ਾਹੀ ਦੀ ਨਿੰਦਿਆ ਕੀਤੀ।
ਐਮਸੀ ਖਿਲਾਫ ਦਰਜ ਕੇਸ ਵਿੱਚ ਕੀਤੈ ਗਿਰਫ਼ਤਾਰ-ਡੀਐਸਪੀ ਬਰਾੜ
ਡੀਐਸਪੀ ਬਲਜੀਤ ਸਿੰਘ ਬਰਾੜ ਨੇ ਕਿਹਾ ਕਿ ਐਮਸੀ ਵਿਨੋਦ ਕਾਲਾ ਤੇ ਉਸਦੇ ਹੋਰ ਸਾਥੀਆਂ ਦੇ ਖਿਲਾਫ ਪੁਲਿਸ ਮੁਲਾਜ਼ਮ ਦੀ ਡਿਊਟੀ ਵਿੱਚ ਵਿਘਨ ਪਾਉਣ ਆਦਿ ਜੁਰਮਾਂ ਤਹਿਤ 23 ਮਾਰਚ 2021 ਨੂੰ ਥਾਣਾ ਤਪਾ ਵਿਖੇ ਦਰਜ ਸੀ। ਉਹ ਕੇਸ ਦਰਜ ਹੋਣ ਤੋਂ ਬਾਅਦ ਘਰੋਂ ਭੱਜਿਆ ਹੋਇਆ ਸੀ। ਅੱਜ ਪੁਲਿਸ ਨੇ ਉਸਨੂੰ ਗਿਰਫ਼ਤਾਰ ਕਰ ਲਿਆ ਹੈ। ਜਲਦੀ ਹੀ, ਉਸਨੂੰ ਅਦਾਲਤ ਵਿੱਚ ਪੇਸ਼ ਕਰਕੇ,ਉਸਦੇ ਬਾਕੀ ਸਹਿਦੋਸ਼ੀਆਂ ਬਾਰੇ ਪੁੱਛਗਿੱਛ ਲਈ ਪੁਲਿਸ ਰਿਮਾਂਡ ਮੰਗਿਆ ਜਾਵੇਗਾ। ਬਰਾੜ ਨੇ ਕਿਹਾ ਕਿ ਦੋਸ਼ੀ ਨੂੰ ਫੜ੍ਹਨਾ ਪੁਲਿਸ ਦੀ ਡਿਊਟੀ ਹੈ। ਉਨ੍ਹਾਂ ਖਿਲਾਫ ਪ੍ਰਦਰਸ਼ਨਕਾਰੀਆਂ ਵੱਲੋਂ ਲਾਏ ਜਾ ਰਹੇ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹਨ।