ਹਰਿੰਦਰ ਨਿੱਕਾ, ਬਰਨਾਲਾ 20 ਅਪ੍ਰੈਲ 2021
ਨਸ਼ੇ ਦੀ ਦਲਦਲ ਵਿੱਚ ਧੱਸੇ ਨੌਜਵਾਨ ਇਕੱਲੀ ਆਪਣੀ ਜਿੰਦਗੀ ਹੀ ਤਬਾਹ ਨਹੀਂ ਕਰਦੇ , ਸਗੋਂ ਕ੍ਰਾਈਮ ਵਿੱਚ ਵਾਧਾ ਕਰਕੇ ਆਮ ਲੋਕਾਂ ਅਤੇ ਆਪਣੇ ਪਰਿਵਾਰਾਂ ਨੂੰ ਵੀ ਬਰਬਾਦ ਕਰਦੇ ਹਨ। ਇਹ ਸ਼ਬਦ ਨਸ਼ਾ ਸੌਦਾਗਰਾਂ ਅਤੇ ਅਪਰਾਧੀਆਂ ਲਈ ਖੌਫ ਬਣ ਕੇ ਉੱਭਰੇ ਐਸ.ਐਸ.ਪੀ. ਸ੍ਰੀ ਸੰਦੀਪ ਗੋਇਲ ਦੇ ਹਨ । ਸ੍ਰੀ ਗੋਇਲ ਨੇ ਪਿਛਲੇ 4/5 ਦਿਨਾਂ ਵਿੱਚ ਗਿਰਫਤਾਰ ਕੀਤੇ 27 ਲੁਟੇਰਿਆਂ ਨੂੰ ਮੀਡੀਆ ਸਾਹਮਣੇ ਪੇਸ਼ ਕਰਨ ਤੋਂ ਬਾਅਦ ਗੱਲਬਾਤ ਕਰਦਿਆਂ ਕਿਹਾ ਕਿ ਲੁਟੇਰਿਆਂ ਦੀ ਪੁੱਛਗਿੱਛ ਤੋਂ ਸਾਹਮਣੇ ਆਇਆ ਹੈ ਕਿ ਲੱਗਭੱਗ ਸਾਰੇ ਹੀ ਲੁਟੇਰੇ ਨਸ਼ੇ ਦੇ ਆਦੀ ਹਨ ਅਤੇ ਨਸ਼ੇ ਦੀ ਪੂਰਤੀ ਲਈ ਲੁੱਟਾਂ/ਖੋਹਾਂ/ ਚੋਰੀਆਂ ਕਰਦੇ ਸਨ ।
ਗੋਇਲ ਨੇ ਕਿਹਾ ਕਿ ਦੌਰਾਨੇ ਪੁੱਛਗਿੱਛ ਦੋਸ਼ੀਆਂ ਨੇ ਇੰਕਸ਼ਾਫ ਕੀਤਾ ਕਿ ਉਹ ਮੋਬਾਈਲ ਆਦਿ ਖੋਹ ਕੇ ,ਨਸ਼ਾ ਸੌਦਾਗਰਾਂ ਨੂੰ ਕੌਡੀਆਂ ਦੇ ਭਾਅ ਵੇਚ ਦਿੰਦੇ ਸਨ। ਜਿਵੇਂ 15/20 ਹਜ਼ਾਰ ਰੁਪਏ ਦੀ ਕੀਮਤ ਦਾ ਮੋਬਾਇਲ 2500/3000 ਰੁਪਏ ਵਿੱਚ ਦੇ ਦਿੰਦੇ ਸਨ। ਉਨਾਂ ਦੱਸਿਆ ਕਿ ਗਿਰਫਤਾਰ ਕੀਤੇ ਬਹੁਤੇ ਦੋਸ਼ੀਆਂ ਦੀ ਉਮਰ 20 ਤੋਂ 30 ਸਾਲ ਦੇ ਵਿਚਕਾਰ ਹੈ। ਬਹੁਤੇ ਦੋਸ਼ੀ ਮੱਧਵਰਗੀ ਪਰਿਵਾਰਾਂ ਨਾਲ ਸਬੰਧਿਤ ਹਨ। ਐਸ.ਐਸ.ਪੀ. ਗੋਇਲ ਨੇ ਦੱਸਿਆ ਕਿ ਮੋਟਰਸਾਈਕਲ / ਟਰਾਂਸਫਾਰਮਰਾਂ ਵਿੱਚੋਂ ਤਾਬਾਂ ਅਤੇ ਤੇਲ ਚੋਰੀ ਕਰਨ ਵਾਲੇ ਇਸ ਗਿਰੋਹ ਦੇ ਮੈਂਬਰਾਂ ਦੇ ਸਬੰਧ ਨਸ਼ਾ ਸੌਦਾਗਰਾਂ ਨਾਲ ਰਹੇ ਹਨ। ਜਿੰਨਾਂ ਦੀ ਤਫਤੀਸ਼ ਤੋਂ ਬਾਅਦ ਹੈਰੋਇਨ/ਭੁੱਕੀ ਅਤੇ ਨਸ਼ੀਲੀਆਂ ਗੋਲੀਆਂ ਆਦਿ ਬਰਾਮਦ ਹੋਈਆਂ ਹਨ।
ਉਨਾਂ ਕਿਹਾ ਕਿ ਮੋਟਰਸਾਈਕਲ ਚੋਰ ਗਿਰੋਹ ਦੀ ਪੁੱਛਗਿੱਛ ਤੋਂ ਬਾਅਦ ਕਾਫੀ ਚੌਂਕਾ ਦੇਣ ਵਾਲੇ ਖੁਲਾਸੇ ਹੋਏ ਅਤੇ ਕਾਫੀ ਅਹਿਮ ਸੁਰਾਗ ਮਿਲੇ। ਜਿੰਨ੍ਹਾਂ ਦੇ ਅਧਾਰ ਤੇ ਤਫਤੀਸ਼ ਨੂੰ ਹੋਰ ਵੀ ਅੱਗੇ ਵਧਾਇਆ ਜਾ ਰਿਹਾ ਹੈ। ਤਾਂਕਿ ਹੋਰ ਵੱਡੇ ਨਸ਼ਾ ਸੌਦਾਗਰਾਂ ਦੀ ਪੈੜ ਦੱਬ ਕੇ ਉਨਾਂ ਤੱਕ ਪਹੁੰਚਿਆ ਜਾ ਸਕੇ। ਸ੍ਰੀ ਗੋਇਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ ਦੁਆਲੇ ਵਾਪਰਦੀਆਂ ਅਪਰਾਧਿਕ ਘਟਨਾਵਾਂ ‘ਚ ਸ਼ਾਮਿਲ ਦੋਸ਼ੀਆਂ ਅਤੇ ਨਸ਼ਾ ਸੌਦਾਗਰਾਂ ਬਾਰੇ ਜਾਣਕਾਰੀ ਮੁਹੱਈਆਂ ਕਰਵਾਉਣ ਤਾਂਕਿ ਜਿਲ੍ਹੇ ਨੂੰ ਕ੍ਰਾਈਮ ਅਤੇ ਨਸ਼ਾ ਮੁਕਤ ਕੀਤਾ ਜਾ ਸਕੇ।