ਟ੍ਰਾਈਡੈਂਟ ਗਰੁੱਪ ਦੇ ਸਹਿਯੋਗ ਨਾਲ ਪੁਲਿਸ ਵੱਲੋਂ ਵੰਡੇ ਜਾ ਰਹੇ ਹਜਾਰਾਂ ਪੈਂਫਲਿਟ
ਹਰਿੰਦਰ ਨਿੱਕਾ, ਬਰਨਾਲਾ 11 ਅਪ੍ਰੈਲ 2021
ਕੋਵਿਡ 19 ਦੀ ਦੂਜੀ ਲਹਿਰ ਦੇ ਬਾਰੇ ਲੋਕਾਂ ਨੂੰ ਜਾਗਰੂਕ ਕਰਕੇ ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਜਿਲ੍ਹਾ ਪੁਲਿਸ ਨੇ ਲੋਕ ਜਾਗ੍ਰਿਤੀ ਲਹਿਰ ਪੈਦਾ ਕਰਨ ਲਈ ਟ੍ਰਾਈਡੈਂਟ ਗਰੁੱਪ ਦੇ ਸਹਿਯੋਗ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਪੈਂਫਲਿਟ ਵੰਡਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਇਸ ਬਾਰੇ ਮੀਡੀਆ ਨਾਲ ਗੱਲਬਾਤ ਕਰਦਿਆਂ ਐਸ.ਐਸ.ਪੀ ਸ੍ਰੀ ਸੰਦੀਪ ਗੋਇਲ ਨੇ ਦੱਸਿਆ ਕਿ ਕੋਵਿਡ 19 ਦੀ ਸ਼ੁਰੂ ਹੋਈ ਦੂਜੀ ਲਹਿਰ ਪਹਿਲਾਂ ਤੋਂ ਵੀ ਜਿਆਦਾ ਘਾਤਕ ਹੈ ਅਤੇ ਤੇਜ਼ੀ ਨਾਲ ਇਸ ਦਾ ਫੈਲਾਅ ਵੀ ਹੋ ਰਿਹਾ ਹੈ। ਨਤੀਜੇ ਵਜੋਂ ਹਰ ਦਿਨ ਵੱਡੀ ਗਿਣਤੀ ਵਿੱਚ ਲੋਕ ਕਰੋਨਾ ਦੇ ਡੰਗ ਦਾ ਸ਼ਿਕਾਰ ਬਣ ਰਹੇ ਹਨ। ਪਰੰਤੂ ਲੋਕ ਪਹਿਲਾਂ ਤੋਂ ਵੀ ਜਿਆਦਾ ਅਵੇਸਲੇ ਹੋ ਗਏ ਹਨ। ਜਿਸ ਕਾਰਣ ਖਤਰਾ ਵੀ ਪਹਿਲਾਂ ਤੋਂ ਹੋਰ ਜਿਆਦਾ ਵੱਧ ਗਿਆ ਹੈ।
ਸ੍ਰੀ ਗੋਇਲ ਨੇ ਕਿਹਾ ਕਿ ਲੋਕਾਂ ਵਿੱਚ ਕਰੋਨਾ ਵਾਇਰਸ ਬਾਰੇ ਪੁਖਤਾ ਸੂਚਨਾ ਅਤੇ ਬਚਾਅ ਬਾਰੇ ਜਾਣਕਾਰੀ ਮੁਹੱਈਆ ਕਰਵਾਉਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਉਨਾਂ ਕਿਹਾ ਕਿ ਕਾਫੀ ਸੋਚ ਵਿਚਾਰ ਤੋਂ ਬਾਅਦ ਜਿਲ੍ਹਾ ਪੁਲਿਸ ਵੱਲੋਂ ਲੋਕਾਂ ਨੂੰ ਕਰੋਨਾ ਦੇ ਕਹਿਰ ਤੋਂ ਸੁਚੇਤ ਕਰਨ ਲਈ ਟ੍ਰਾਈਡੈਂਟ ਗਰੁੱਪ ਉਦਯੋਗ ਦੇ ਸਹਿਯੋਗ ਨਾਲ ਪੈਂਫਲਿਟ ਤਿਆਰ ਕੀਤਾ ਗਿਆ ਹੈ। ਜਿਸ ਦੀਆਂ ਹਜ਼ਾਰਾਂ ਕਾਪੀਆਂ ਵੱਖ ਵੱਖ ਢੰਗਾਂ ਨਾਲ ਲੋਕਾਂ ਤੱਕ ਪਹੁੰਚਾਈਆਂ ਜਾ ਰਹੀਆਂ ਹਨ। ਸ੍ਰੀ ਗੋਇਲ ਨੇ ਕਿਹਾ ਕਿ ਲੋਕਾਂ ਨੂੰ ਪੈਂਫਲਿਟ ਵਿੱਚ ਦਿੱਤੇ ਸੁਝਾਵਾਂ ਤੇ ਅਮਲ ਕਰਕੇ ਕਰੋਨਾ ਤੋਂ ਬਚਾਅ ਬਾਰੇ ਹੋਰ ਲੋਕਾਂ ਨੂੰ ਵੀ ਜਾਗਰੂਕ ਕਰਨ ਦੀ ਲੋੜ ਹੈ।
ਸ੍ਰੀ ਗੋਇਲ ਨੇ ਅਪੀਲ ਕੀਤੀ ਕਿ ਲੋਕਾਂ ਨੂੰ ਕਰੋਨਾ ਤੋਂ ਬਚਾਅ ਲਈ ਸਿਹਤ ਕੇਂਦਰਾਂ ਵਿੱਚ ਉਪਲੱਭਧ ਵੈਕਸੀਨ ਲਵਾਉਣ ਲਈ ਖੁਦ ਬ ਖੁਦ ਅੱਗੇ ਆਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਲੋਕਾਂ ਨੂੰ ਵੈਕਸੀਨ ਬਾਰੇ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਤੋਂ ਵੀ ਸੁਚੇਤ ਰਹਿਣ ਦੀ ਜਰੂਰਤ ਹੈ। ਉਨਾਂ ਕਰੋਨਾ ਵਾਇਰਸ ਦੀ ਵੈਕਸੀਨ ਬਾਰੇ ਅਫਵਾਹਾਂ ਫੈਲਾਉਣ ਨੂੰ ਤਾੜਨਾ ਕਰਦਿਆਂ ਕਿਹਾ ਕਿ ਅਫਵਾਹਾਂ ਫੈਲਾਉਣ ਵਾਲਿਆਂ ਤੇ ਵੀ ਪੈਣੀ ਨਜ਼ਰ ਰੱਖੀ ਜਾ ਰਹੀ ਹੈ। ਅਫਵਾਹਾਂ ਫੈਲਾਉਣ ਵਾਲਿਆਂ ਖਿਲਾਫ ਵੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।