ਰਘਵੀਰ ਹੈਪੀ , ਬਰਨਾਲਾ 11 ਅਪ੍ਰੈਲ 2021
ਇੱਕ ਨਾਬਾਲਿਗ ਲੜਕੀ ਨਾਲ ਬਲਾਤਕਾਰ ਦੇ ਦੋਸ਼ ਵਿੱਚ ਸਜਾਯਾਫਤਾ ਭਗੌੜਾ ਦੋਸ਼ੀ ਨੂੰ ਆਖਿਰ ਫਿਰ ਪੁਲਿਸ ਨੇ ਫੜ੍ਹ ਲਿਆ । ਪ੍ਰਾਪਤ ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ ਪੁੱਤਰ ਬੁੱਧ ਸਿੰਘ ਨਿਵਾਸੀ ਹੰਡਿਆਇਆ ਦੇ ਖਿਲਾਫ 22 ਨਬੰਵਰ 2018 ਨੂੰ ਥਾਣਾ ਸਦਰ ਬਰਨਾਲਾ ਵਿਖੇ ਅਧੀਨ ਜੁਰਮ 376/2/N, 366 A ਅਤੇ ਪੋਕਸੋ ਐਕਟ ਤਹਿਤ ਕੇਸ ਦਰਜ਼ ਹੋਇਆ ਸੀ। ਅਦਾਲਤ ਵਿੱਚ ਚੱਲੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਮਨਪ੍ਰੀਤ ਸਿੰਘ ਨੂੰ 10 ਸਾਲ ਦੀ ਕੈਦ ਦੀ ਸਜਾ ਸੁਣਾਈ ਸੀ। ਪਰੰਤੂ ਕੋਵਿਡ-19 ਕਾਲ ਦੌਰਾਨ 4 ਅਪ੍ਰੈਲ 2020 ਨੂੰ ਜੇਲ੍ਹ ਵਿੱਚੋਂ ਮਨਪ੍ਰੀਤ ਸਿੰਘ ਨੂੰ ਪੈਰੋਲ ਤੇ ਰਿਹਾਅ ਕੀਤਾ ਗਿਆ ਸੀ। ਜਿਸ ਦੀ ਪੈਰੋਲ 29 ਮਾਰਚ 2021 ਨੂੰ ਪੂਰੀ ਹੋ ਗਈ ਸੀ, ਪਰੰਤੂ ਉਹ ਨਿਸਚਿਤ ਤਾਰੀਖ ਤੇ ਜੇਲ੍ਹ ਵਿੱਚ ਨਹੀਂ ਪਹੁੰਚਿਆ।
ਮਨਪ੍ਰੀਤ ਦੇ ਪਰਿਵਾਰ ਵਾਲੇ ਜਦੋਂ 8 ਅਪ੍ਰੈਲ ਨੂੰ ਉਸ ਨੂੰ ਲੈ ਕੇ ਜੇਲ੍ਹ ਛੱਡਣ ਪਹੁੰਚੇ ਤਾਂ ਮਨਪ੍ਰੀਤ ਨੇ ਦੌਰਾ ਪੈ ਜਾਣ ਦਾ ਡਰਾਮਾ ਖੇਡਿਆ। ਜਿਸ ਨੂੰ ਸਿਵਲ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ। ਮਨਪ੍ਰੀਤ ਸਿੰਘ ਹਸਪਤਾਲ ਵਿੱਚੋਂ ਚਕਮਾ ਦੇ ਕੇ ਫਰਾਰ ਹੋ ਗਿਆ। ਜਿਸ ਸਬੰਧੀ ਦੋਸ਼ੀ ਖਿਲਾਫ ਹਿਰਾਸਤ ਵਿੱਚੋਂ ਭਗੌੜਾ ਹੋਣ ਦੇ ਦੋਸ਼ ਵਿੱਚ ਇੱਕ ਹੋਰ ਕੇਸ ਵੀ ਦਰਜ ਕੀਤਾ ਗਿਆ ਤੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ । ਪੁਲਿਸ ਚੌਂਕੀ ਹੰਡਿਆਇਆ ਦੇ ਇੰਚਾਰਜ ਸਰਬਜੀਤ ਸਿੰਘ ਨੇ ਦੱਸਿਆ ਕਿ ਐਸ.ਐਸ.ਪੀ. ਸ੍ਰੀ ਸੰਦੀਪ ਗੋਇਲ ਜੀ ਦੀਆਂ ਭਗੌੜਿਆਂ ਨੂੰ ਛੇਤੀ ਛੇਤੀ ਗਿਰਫਤਾਰ ਕਰਨ ਲਈ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਪੁਲਿਸ ਪਾਰਟੀ ਨੇ ਆਖਿਰ 2 ਦਿਨ ਬਾਅਦ ਹੀ ਦੋਸ਼ੀ ਮਨਪ੍ਰੀਤ ਸਿੰਘ ਨੂੰ ਚਿੰਟੂ ਪਾਰਕ ਬਰਨਾਲਾ ਵਿੱਚੋਂ ਗਿਰਫਤਾਰ ਕਰ ਲਿਆ ਗਿਆ।