ਸ਼ਰਧਾਲੂਆਂ ਨੂੰ ਹਦਾਇਤਾਂ ਦਾ ਪਾਲਣ ਕਰਨ ਦੀ ਅਪੀਲ
ਹਰਿੰਦਰ ਨਿੱਕਾ ,ਬਰਨਾਲਾ, 23 ਮਾਰਚ 2021
ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਰੂਪਨਗਰ ਤੋਂ ਪ੍ਰਾਪਤ ਸੂਚਨਾ ਅਨੁਸਾਰ ਜਿਲ੍ਹਾ ਰੂਪਨਗਰ ਵਿੱਚ ਹੋਲੇ ਮੁਹੱਲੇ ਦਾ ਤਿਉਹਾਰ 24 ਮਾਰਚ ਤੋਂ 26 ਮਾਰਚ 2021 ਤੱਕ ਸ਼੍ਰੀ ਕੀਰਤਪੁਰ ਸਾਹਿਬ ਵਿਖੇ, ਮਿਤੀ 27 ਮਾਰਚ ਤੋਂ 29 ਮਾਰਚ 2021 ਤੱਕ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਅਤੇ ਬਾਬਾ ਬਡਭਾਗ ਸਿੰਘ ਜੀ ਦਾ ਮੈਡੀ ਮੇਲਾ 21 ਮਾਰਚ ਤੋਂ 31 ਮਾਰਚ 2021 ਤੱਕ ਸਬ ਡਵੀਜ਼ਨ ਅੰਬ, ਜ਼ਿਲ੍ਹਾ ਊਨਾ (ਹਿਮਾਚਲ ਪ੍ਰਦੇਸ਼) ਵਿਖੇ ਮਨਾਇਆ ਜਾਣਾ ਹੈ।
ਸ਼ਰਧਾਲੂ ਹੋਲੇ ਮੁਹੱਲੇ ਦਾ ਤਿਉਹਾਰ/ਮੈਡੀ ਮੇਲਾ ਮਨਾਉਣ/ਮੱਥਾ ਟੇਕਣ ਹਿੱਤ ਟਰੱਕਾਂ/ਟਰੈਕਟਰ ਟਰਾਲੀਆਂ ਅਤੇ ਟਰਾਲੇ ਦੇ ਉਤੇ ਛੱਤਾਂ ਬਣਾ ਕੇ ਸਫ਼ਰ ਕਰਦੇ ਹਨ, ਜਿਸ ਨਾਲ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਲਈ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਦੇ ਵਾਪਰਨ ਤੋਂ ਰੋਕਣ ਹਿੱਤ ਆਮ ਪਬਲਿਕ ਨੂੰ ਉਕਤ ਮਿਤੀਆਂ ਤੇ ਹੋਲੇ ਮੁਹੱਲੇ/ਮੈਡੀ ਮੇਲੇ ਦਾ ਤਿਉਹਾਰ ਮਨਾਉਣ/ਮੱਥਾ ਟੇਕਣ ਲਈ ਜਾਣ ਹਿੱਤ ਟਰੈਕਟਰ ਟਰਾਲੀਆਂ ਰਾਹੀਂ ਸਫ਼ਰ ਨਾ ਕਰਕੇ, ਸਿਰਫ਼ ਬੱਸਾਂ ਰਾਹੀਂ ਹੀ ਸਫ਼ਰ ਕਰਕੇ ਅਤੇ ਕੋਰੋਨਾ ਮਹਾਂਮਾਰੀ (ਕੋਵਿਡ-19) ਦੇ ਮੱਦੇਨਜ਼ਰ ਸੋਸ਼ਲ ਡਿਸਟੈਂਸਿੰਗ ਨੂੰ ਬਣਾਏ ਰੱਖਦਿਆਂ ਸਫ਼ਰ ਕਰਨ ਦੀ ਅਪੀਲ ਕੀਤੀ ਜਾਂਦੀ ਹੈ।
ਇਸ ਲਈ ਜ਼ਿਲ੍ਹਾ ਬਰਨਾਲਾ ਨਾਲ ਸਬੰਧਿਤ ਸ਼ਰਧਾਲੂ ਜੋ ਉਪਰੋਕਤ ਮਿਤੀਆਂ ਅਨੁਸਾਰ ਲੱਗਣ ਵਾਲੇ ਮੇਲਿਆਂ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ, ਉਪਰੋਕਤ ਦਰਜ ਹਦਾਇਤਾਂ ਦੀ ਪਾਲਣਾ ਕਰਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਦੇ ਵਾਪਰਨ ਤੋਂ ਰੋਕਿਆ ਜਾ ਸਕੇ।
ਡਿਪਟੀ ਕਮਿਸ਼ਲਰ ਸ੍ਰੀ ਫੂਲਕਾ ਨੇ ਜ਼ਿਲ੍ਹਾ ਬਰਨਾਲਾ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਜ਼ਿਲ੍ਹਾ ਬਰਨਾਲਾ ਵਿੱਚ ਉਕਤ ਹਦਾਇਤਾਂ ਦੀ ਪਾਲਣਾ ਹਰ ਹਾਲ ਵਿੱਚ ਕਰਵਾਈ ਜਾਵੇ ਅਤੇ ਉਲੰਘਣਾ ਕਰਨ ਵਾਲਿਆਂ ਨੂੰ ਅਧਿਕਾਰ ਖੇਤਰ ਵਿੱਚ ਹੀ ਰੋਕ ਲਿਆ ਜਾਵੇ। ਇਸ ਤੋਂ ਇਲਾਵਾ ਕੋਵਿਡ-19 ਦੇ ਵੱਧ ਰਹੇ ਫੈਲਾਓ ਨੂੰ ਧਿਆਨ ਵਿੱਚ ਰੱਖਦੇ ਹੋਏ ਸੋਸ਼ਲ ਡਿਸਟੈਂਸਿੰਗ ਦੀ ਵੀ ਪਾਲਣਾ ਕਰਵਾਉਣੀ ਯਕੀਨੀ ਬਣਾਈ ਜਾਵੇ।