I T I ਚੌਕ ਵਿਖੇ ਮਾਸਕ ਨਾ ਪਹਿਨਣ ਵਾਲੇ ਵਾਹਨ ਚਾਲਕਾਂ ਦੇ ਕੱਟੇ ਚਲਾਨ, 200 ਵਿਅਕਤੀਆਂ ਦੀ ਸੈਂਪਲਿੰਗ
ਵੈਕਸੀਨੇਸ਼ਨ ਮੁਹਿੰਮ ਤਹਿਤ 6531 ਖ਼ੁਰਾਕਾਂ ਲਾਈ ਜਾ ਚੁੱਕੀ ਹੈ ਵੈਕਸੀਨ
ਹਰਿੰਦਰ ਨਿੱਕਾ , ਬਰਨਾਲਾ, 21 ਮਾਰਚ 2021
ਜ਼ਿਲ੍ਹਾ ਪ੍ਰਸ਼ਾਸ਼ਨ ਕੋਰੋਨਾ ਦੀ ਮਹਾਂਮਾਰੀ ਤੋਂ ਬਚਾਅ ਲਈ ਆਮ ਲੋਕਾਂ ਨੂੰ ਵੱਖ-ਵੱਖ ਤਰੀਕਿਆਂ ਰਾਹੀਂ ਜਿੱਥੇ ਜਾਗਰੂਕ ਕਰ ਰਿਹਾ ਹੈ, ਉੱਥੇ ਸਖ਼ਤੀ ਵੀ ਕੀਤੀ ਜਾ ਰਹੀ ਹੈ।
ਇਸੇ ਤਹਿਤ ਹੀ ਸਥਾਨਕ ਆਈ.ਟੀ.ਆਈ. ਚੌਂਕ ਵਿਖੇ ਡਿਪਟੀ ਕਮਿਸ਼ਨਰ, ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲਾ ਪੁਲਿਸ ਮੁਖੀ ਸ਼੍ਰੀ ਸੰਦੀਪ ਗੋਇਲ ਅਤੇ ਸਿਵਲ ਸਰਜਨ ਹਰਿੰਦਰਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਅਤੇ ਸਿਹਤ ਵਿਭਾਗ ਵੱਲੋਂ 20 ਮਾਰਚ ਨੂੰ ਵਿਸ਼ੇਸ਼ ਨਾਕਾ ਅਤੇ ਕੈਂਪ ਲਗਾਇਆ ਗਿਆ।
ਇਸ ਕੈਂਪ ਅਤੇ ਨਾਕੇ ਦੌਰਾਨ ਲੋਕਾਂ ਨੂੰ ਜਿੱਥੇ ਕੋਰੋਨਾ ਮਹਾਂਮਾਰੀ ਦੇ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ, ਉਥੇ ਮਾਸਕ ਨਾ ਪਾਉਣ ‘ਤੇ ਚਲਾਨ ਵੀ ਕੀਤੇ ਗਏ ਅਤੇ ਕੋਰੋਨਾ ਸੈਂਪਲਿੰਗ ਵੀ ਕੀਤੀ ਗਈ।
ਇਸੇ ਤਰ੍ਹਾਂ ਹੀ ਸਿਹਤ ਵਿਭਾਗ ਵੱਲੋਂ ਕੋਰੋਨਾ ਤੋਂ ਬਚਾਅ ਬਾਰੇ ਵੱਖ-ਵੱਖ ਤਰੀਕਿਆਂ ਰਾਹੀਂ ਜਾਗਰੂਕ ਕੀਤਾ ਗਿਆ ਅਤੇ ਕੋਰੋਨਾ ਇਹਤਿਆਤਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਕਰੀਬ 200 ਵਿਅਕਤੀਆਂ ਦੀ ਸੈਂਪਲਿੰਗ ਕੀਤੀ ਗਈ।
ਸਿਵਲ ਸਰਜਨ, ਹਰਿੰਦਰਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਵੈਕਸੀਨੇਸ਼ਨ ਮੁਹਿੰਮ ਵੀ ਜਾਰੀ ਹੈ। ਉਨ੍ਹਾਂ ਦੱਸਿਆ ਕਿ 20 ਮਾਰਚ ਤੱਕ 6531 ਖ਼ੁਰਾਕਾਂ ਵੈਕਸੀਨੇਸ਼ਨ ਕੀਤੀ ਜਾ ਚੁੱਕੀ ਹੈ। ਇਨ੍ਹਾਂ ਵਿੱਚੋਂ 3836 ਹੈਲਥਕੇਅਰ ਵਰਕਰ ਅਤੇ ਫਰੰਟਲਾਈਨ ਵਰਕਰਾਂ, 45 ਤੋਂ 59 ਸਾਲ ਤੱਕ ਦੀ ਉਮਰ ਵਾਲਿਆਂ ਨੂੰ 343 ਅਤੇ 60 ਸਾਲ ਦੀ ਉਮਰ ਤੋਂ ਵੱਧ ਦੇ ਵਿਅਕਤੀਆਂ ਨੂੰ 2352 ਖ਼ੁਰਾਕਾਂ ਵੈਕਸੀਨ ਲਾਈ ਜਾ ਚੁੱਕੀ ਹੈ।
ਜ਼ਿਲ੍ਹਾ ਮਾਸ ਮੀਡੀਆ ਅਫਸਰ ਕੁਲਦੀਪ ਸਿੰਘ ਨੇ ਦੱਸਿਆ ਕਿ ਆਈਟੀਆਈ ਚੌਕ ਵਿਖੇ ਕੈਂਪ ਦੌਰਾਨ ਰਾਹਗੀਰਾਂ ਨੂੰ ਕੋਰੋਨਾ ਇਹਤਿਆਤ ਵਰਤਣ ਬਾਰੇ ਜਾਗਰੂਕ ਕੀਤਾ ਗਿਆ ਤਾਂ ਜੋ ਜ਼ਿਲ੍ਹੇ ਵਿਚ ਕੋਰੋਨਾ ਦੇ ਕੇਸ ਹੋਰ ਨਾ ਵਧਣ ।
ਪੁਲਿਸ ਅਤੇ ਸਿਹਤ ਅਧਿਕਾਰੀਆਂ ਨੇ ਦੱਸਿਆਂ ਕਿ ਇਹ ਮੁਹਿੰਮ ਆਉਣ ਵਾਲੇ ਦਿਨਾਂ ਦੌਰਾਨ ਵੀ ਜਾਰੀ ਰਹੇਗੀ। ਇਸ ਮੌਕੇ ਪੁਲਿਸ ਵਿਭਾਗ ਤੋਂ ਲਖਵੀਰ ਸਿੰਘ ਡੀ.ਐਸ.ਪੀ, ਰਛਪਾਲ ਸਿੰਘ ਡੀ.ਐਸ.ਪੀ, ਸ਼ਵਿੰਦਰ ਸਿੰਘ ਐਸ.ਐਸ.ਓ, ਗੁਰਮੇਲ ਸਿੰਘ ਐਸ.ਆਈ ਅਤੇ ਸਿਹਤ ਵਿਭਾਗ ਤੋਂ ਜ਼ਿਲ੍ਹਾ ਟੀਕਾਕਰਨ ਅਫਸਰ ਰਾਜਿੰਦਰ ਸਿੰਗਲਾ, ਡਾ. ਰਾਹੁਲ ਜਿੰਦਲ, ਸਿਹਤ ਕਰਮਚਾਰੀ ਰੱਜਤ ਅਤੇ ਮਨਦੀਪ ਸਿੰਘ ਆਦਿ ਹਾਜ਼ਰ ਸਨ।