ਪੰਜਾਬ ਸਰਕਾਰ ਅਤੇ ਸਬੰਧਿਤ ਧਿਰਾਂ ਤੋਂ ਹਾਈਕੋਰਟ ਨੇ ਮੰਗਿਆ ਜਵਾਬ
ਬੇਅੰਤ ਬਾਜਵਾ , ਰੂੜੇਕੇ ਕਲਾਂ 21 ਮਾਰਚ 2021
ਪਿੰਡ ਧੌਲਾ ਵਿਚ ਚੱਲਦਾ ਸ਼ਰਾਬ ਦਾ ਠੇਕਾ ਚੁਕਵਾਉਣ ਲਈ ਪਿੰਡ ਵਾਸੀਆਂ ਦੀ ਮੰਗ ਨੂੰ ਮੁੱਖ ਰੱਖਦਿਆਂ ਗ੍ਰਾਮ ਪੰਚਾਇਤ ਧੌਲਾ ਨੇ ਸਰਪੰਚ ਜਸਪਿੰਦਰ ਕੌਰ, ਪੰਚ ਕੁਲਦੀਪ ਸਿੰਘ ਰਾਜੂ ਦੀ ਅਗਵਾਈ ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ। ਹਾਈਕੋਰਟ ਵਲੋਂ ਪਟੀਸਨ ਸਬੰਧੀ ਕੀਤੇ ਗਏ ਹੁਕਮਾਂ ਦੀ ਕਾਪੀ ਦਿਖਾਉਦੇ ਹੋਏ ਪੰਚ ਕੁਲਦੀਪ ਸਿੰਘ ਰਾਜੂ, ਸਮਾਜ ਸੇਵੀ ਤਰਸੇਮ ਸਿੰਘ ਸੇਮੀ, ਪੰਚ ਰਾਮ ਸਿੰਘ, ਪੰਚ ਦਰਸਨ ਲਾਲ, ਪੰਚ ਮੇਵਾ ਸਿੰਘ, ਪੰਚ ਜਗਮੇਲ ਸਿੰਘ, ਰਾਕੇਸ਼ ਕੁਮਾਰ, ਚਰਨਾ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗ੍ਰਾਮ ਪੰਚਾਇਤ ਧੌਲਾ ਨੇ ਪਿੰਡ ਵਿਚੋਂ ਸ਼ਰਾਬ ਦਾ ਠੇਕਾ ਚੁਕਵਾਉਣ ਲਈ 01 ਸਤੰਬਰ 2020 ਨੂੰ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 40 (1) ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਮਤਾ ਪਾ ਕੇ ਆਬਕਾਰੀ ਕਮਿਸ਼ਨਰ ਪੰਜਾਬ ਨੂੰ ਭੇਜ ਕੇ ਅਪ੍ਰੈਲ 2021 ਤੋਂ ਪਿੰਡ ਵਿਚੋਂ ਸ਼ਰਾਬ ਦਾ ਠੇਕਾ ਬੰਦ ਕਰਨ ਦੀ ਮੰਗ ਕੀਤੀ ਸੀ। ਪੰਚਾਇਤ ਵਲੋਂ ਪਾਇਆ ਮਤਾ ਆਬਕਾਰੀ ਕਮਿਸ਼ਨਰ ਪੰਜਾਬ ਨੇ ਸੁਣਵਾਈ ਕਰਨ ਉਪਰੰਤ ਇਹ ਕਹਿ ਕੇ ਰੱਦ ਕਰ ਦਿੱਤਾ ਸੀ ਕਿ ਸ਼ਰਾਬ ਦੀ ਸਮੱਗਲਿੰਗ ਦੇ ਪਿੰਡ ਵਿਚ 12 ਪਰਚੇ ਦਰਜ ਹੋਏ ਹਨ।
ਜਦੋਂ ਆਬਕਾਰੀ ਕਮਿਸ਼ਨਰ ਪੰਜਾਬ ਵੱਲੋਂ ਪੰਚਾਇਤ ਧੌਲਾ ਦੇ ਮਤੇ ਖ਼ਿਲਾਫ਼ ਪਾਸ ਕੀਤੇ ਗਏ ਹੁਕਮ ਵਿਚ ਦਰਜ ਪੁਲਿਸ ਕੇਸਾਂ ਦੀ ਪੜ੍ਹਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਸਾਡੇ ਪਿੰਡ ਨਾਲ ਸਬੰਧਿਤ ਸਿਰਫ਼ ਮਾਮਲੇ ਹੀ ਦਰਜ ਹਨ। ਜੋ ਕਿ ਅਜੇ ਮਾਨਯੋਗ ਅਦਾਲਤ ਵਿਖੇ ਸੁਣਵਾਈ ਅਧੀਨ ਹਨ। ਸਾਡੇ ਪਿੰਡ ਨਾਲ ਲੱਗਦੀਆਂ ਗ੍ਰਾਮ ਪੰਚਾਇਤਾਂ ਖੁੱਡੀ ਪੱਤੀ ਧੌਲਾ, ਫਤਿਹਪੁਰ ਧੌਲਾ, ਦਾਨਾ ਪੱਤੀ ਰੂੜੇਕੇ ਕਲਾਂ, ਬਿਲਾਸਪੁਰ ਪਿੰਡੀ ਧੌਲਾ ਆਦਿ ਗੁਆਂਢੀ ਪਿੰਡਾਂ ਦੀਆਂ ਪੰਚਾਇਤਾਂ ਦੇ ਖੇਤਰ ਵਿਚ ਜੋ ਸਮੱਗਲਿੰਗ ਦੇ ਮਾਮਲੇ ਦਰਜ ਹੋਏ ਸਨ। ਉਨ੍ਹਾਂ ਨੂੰ ਪਿੰਡ ਧੌਲਾ ਦੇ ਏਰੀਏ ਵਿਚ ਦਰਸਾ ਕੇ ਪੰਚਾਇਤ ਦਾ ਮਤਾ ਰੱਦ ਕਰ ਦਿੱਤਾ ਗਿਆ ਸੀ। ਪਿੰਡ ਵਿਚ ਸ਼ਰਾਬ ਦਾ ਠੇਕਾ ਹੋਣ ਕਰਕੇ ਲੜਾਈ ਝਗੜੇ ਹੋ ਰਹੇ ਹਨ। ਪਿੰਡ ਦੀਆਂ ਕਿਸਾਨ ਜਥੇਬੰਦੀਆਂ ਅਤੇ ਸਮਾਜ ਸੇਵੀ ਜਥੇਬੰਦੀਆਂ ਵਲੋਂ ਪਿੰਡ ਵਿਚ ਅਪ੍ਰੈਲ 2021 ਤੋਂ ਸ਼ਰਾਬ ਦਾ ਠੇਕਾ ਖੋਲਣ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ।
ਇਨਸਾਫ਼ ਲੈਣ ਲਈ ਗ੍ਰਾਮ ਪੰਚਾਇਤ ਧੂਰਕੋਟ ਨੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਆਬਕਾਰੀ ਕਮਿਸ਼ਨਰ ਪੰਜਾਬ ਦੇ ਫੈਸਲੇ ਖ਼ਿਲਾਫ਼ ਆਪਣੇ ਵਕੀਲ ਏ.ਐਸ. ਬਰਨਾਲਾ ਰਾਹੀਂ ਪਟੀਸ਼ਨ ਦਾਇਰ ਕਰਕੇ ਪਿੰਡ ਵਿਚੋਂ ਸ਼ਰਾਬ ਦਾ ਠੇਕਾ ਚੁਕਵਾਉਣ ਦੀ ਮੰਗ ਕੀਤੀ ਹੈ। ਗ੍ਰਾਮ ਪੰਚਾਇਤ ਵਲੋਂ ਪਾਈ ਪਟੀਸ਼ਨ ਤੇ ਸੁਣਵਾਈ ਕਰਦਿਆ ਹਾਈਕੋਰਟ ਡਬਲ ਬੈਂਚ ਦੇ ਜਸਟਿਸ ਅਗੱਸਤ ਜਾਰਜੀ ਮਸ਼ੀਹ, ਅਸ਼ੋਕ ਕੁਮਾਰ ਵਰਮਾ ਨੇ ਪੰਜਾਬ ਸਰਕਾਰ ਵਲੋਂ ਪੇਸ ਹੋਏ ਐਡਵੋਕੇਟ ਜਰਨਲ ਪੰਜਾਬ ਰਾਹੀਂ ਪੰਜਾਬ ਸਰਕਾਰ, ਆਬਕਾਰੀ ਕਮਿਸ਼ਨਰ ਪੰਜਾਬ, ਡਿਪਟੀ ਕਮਿਸ਼ਨਰ ਬਰਨਾਲਾ, ਆਬਕਾਰੀ ਅਫ਼ਸਰ ਬਰਨਾਲਾ, ਐਸ.ਐਸ.ਪੀ ਬਰਨਾਲਾ, ਮੁੱਖ ਅਫ਼ਸਰ ਪੁਲਿਸ ਥਾਣਾ ਰੂੜੇਕੇ ਕਲਾਂ ਨੂੰ ਨੋਟਿਸ ਕਰਦਿਆਂ 22 ਮਾਰਚ 2021 ਨੂੰ ਪੰਚਾਇਤ ਵਲੋਂ ਪਾਈ ਪਟੀਸਨ ਸਬੰਧੀ ਜਵਾਬ ਮੰਗਿਆ ਹੈ।