ਗੁਰਸੇਵਕ ਸਹੋਤਾ ,ਮਹਿਲ ਕਲਾਂ 14 ਮਾਰਚ 2021
ਬਰਨਾਲਾ-ਲੁਧਿਆਣਾ ਮੁੱਖ ਸੜ੍ਹਕ ਤੇ ਪੈਂਦੇ ਪਿੰਡ ਵਜੀਦਕੇ ਕਲਾਂ ਕੋਲ ਆਹਲੂਵਾਲੀਆ ਪੈਟ੍ਰੋਲ ਪੰਪ ਦੇ ਸਾਹਮਣੇ ਇੱਕ ਤੇਜ਼ ਰਫਤਾਰ ਟਰਾਲੇ ਦੀ ਚਪੇਟ ਵਿੱਚ ਆਈ ਕਾਰ ਵਿੱਚ ਸਵਾਰ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਜਦੋਂ ਕਿ ਇੱਕ ਦੀ ਹਾਲਤ ਕਾਫੀ ਨਾਜੁਕ ਬਣੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਸਮਾਂ ਪਹਿਲਾਂ ਰਾਏਕੋਟ ਵਾਲੇ ਪਾਸਿਓਂ ਬਰਨਾਲਾ ਵੱਲ ਜਾ ਰਹੀ ਇੱਕ ਐਸ-ਕਰੌਸ ਕਾਰ ,ਉਸੇ ਪਾਸਿਓਂ ਬਹੁਤ ਹੀ ਤੇਜ ਰਫਤਾਰ ਨਾਲ ਆ ਰਹੇ ਟਰਾਲੇ ਦੀ ਚਪੇਟ ਵਿੱਚ ਆ ਗਈ। ਬਹੁਤ ਹੀ ਭਿਅੰਕਰ ਹਾਦਸੇ ‘ਚ ਕਾਰ ਸਵਾਰ ਤਿੰਨ ਜਣਿਆਂ ਦੀ ਮੌਤ ਹੋ ਗਈ। ਜਦਕਿ ਇੱਕ ਲੜਕੀ ਦੀ ਹਾਲਤ ਵੀ ਬੇਹੱਦ ਗੰਭੀਰ ਬਣੀ ਹੋਈ ਹੈ। ਚਸ਼ਮਦੀਦ ਲੋਕਾਂ ਮੁਤਾਬਿਕ ਕਾਰ ਅਤੇ ਟਰਾਲਾ ਦੋਵੇਂ ਹੀ ਰਾਏਕੋਟ ਵਾਲੇ ਪਾਸਿਓਂ ਬਰਨਾਲਾ ਵੱਲ ਆ ਰਹੇ ਸੀ। ਅਚਾਨਕ ਹੀ ਟਰਾਲੇ ਦੇ ਡਰਾਈਵਰ ਨੇ ਲਾਪਰਵਾਹੀ ਨਾਲ ਟਰਾਲਾ ਪੈਟਰੋਲ ਪੰਪ ਵੱਲ ਮੋੜ ਲਿਆ। ਜਿਸ ਕਾਰਨ ਕਾਰ ,ਟਰਾਲੇ ਦੇ ਵਿੱਚ ਫਸ ਗਈ। ਪਤਾ ਲੱਗਦਿਆਂ ਹੀ ਮੌਕੇ ਤੇ ਪਹੁੰਚੇ ਲੋਕਾਂ ਨੇ ਕਾਰ ਵਿੱਚ ਬੁਰੀ ਤਰ੍ਹਾਂ ਫਸੇ ਵਿਅਕਤੀਆਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ। ਦੋ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂ ਕਿ ਇੱਕ ਜਖਮੀ ਨੇ ਹਸਪਤਾਲ ਨੂੰ ਲਿਜਾਂਦੇ ਹੋਏ ਰਸਤੇ ਵਿੱਚ ਹੀ ਦਮ ਤੋੜ ਦਿੱਤਾ। ਪਰੰਤੂ ਹਸਪਤਾਲ ਲਿਆਂਦੀ ਜਖਮੀ ਲੜਕੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਖਬਰ ਲਿਖੇ ਜਾਣ ਤੱਕ ਹਾਲੇ ਕਿਸੇ ਮ੍ਰਿਤਕ ਤੇ ਜਖਮੀ ਦੀ ਪਹਿਚਾਣ ਨਹੀਂ ਹੋ ਸਕੀ। ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਨੇ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ।