ਹਰਿੰਦਰ ਨਿੱਕਾ, ਬਰਨਾਲਾ 14 ਮਾਰਚ 2021
ਜਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਸਮੱਗਲਰਾਂ ਦੇ ਖਿਲਾਫ ਵੱਡੀ ਮੁਹਿੰਮ ਵਿੱਢ ਕੇ ਅੰਤਰਰਾਜੀ ਪ੍ਰਸਿੱਧੀ ਹਾਸਿਲ ਕਰਨ ਵਾਲੇ ਸੀ.ਆਈ.ਏ ਸਟਾਫ ਬਰਨਾਲਾ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਇੱਕ ਵਾਰ ਫਿਰ ਫੌਰਮ ਵਿੱਚ ਆ ਗਏ ਹਨ। ਉਨਾਂ ਦੀ ਟੀਮ ਨੇ ਦੋ ਹੋਰ ਸਮੱਗਲਰਾਂ ਨੂੰ ਹਜ਼ਾਰਾਂ ਨਸ਼ੀਲੀਆਂ ਗੋਲੀਆਂ ਸਣੇ ਕਾਬੂ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੱਕੀ ਵਿਅਕਤੀਆਂ ਦੀ ਤਲਾਸ਼ ਵਿੱਚ ਭੀਖੀ-ਧਨੌਲਾ ਰੋਡ ਤੇ ਨਾਕਾ ਲਾਈ ਖੜ੍ਹੇ ਸੀ.ਆਈ.ਏ. ਸਟਾਫ ਦੇ ਏ.ਐਸ.ਆਈ ਸ਼ਰੀਫ ਖਾਨ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੂੰ ਮੁਖਬਰ ਤੋਂ ਸੂਚਨਾ ਮਿਲੀ ਕਿ ਬਿਕਰਮਜੀਤ ਸਿੰਘ ਉਰਫ ਬਿੱਕਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਅਮਰੀਕ ਸਿੰਘ ਨਗਰ ਜਲੰਧਰ ਅਤੇ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਸੁਖਦੇਵ ਸਿੰਘ ਵਾਸੀ ਨਗਾਵਾਂ, ਜਿਲ੍ਹਾ ਪਟਿਆਲਾ ਆਪਸ ਵਿੱਚ ਮਿਲਜੁਲ ਕੇ ਬਾਹਰਲੇ ਰਾਜਾਂ ਤੋਂ ਨਸ਼ੀਲੀਆਂ ਗੋਲੀਆਂ ਲਿਆ ਕੇ ਬਰਨਾਲਾ ਆਦਿ ਇਲਾਕਿਆਂ ਵਿੱਚ ਸਪਲਾਈ ਕਰਦੇ ਹਨ।
ਦੌਰਾਨ ਏ ਨਾਕਾਬੰਦੀ ਪੁਲਿਸ ਪਾਰਟੀ ਨੇ ਉਕਤ ਦੋਵਾਂ ਸਮੱਗਲਰਾਂ ਨੂੰ ਗਿਰਫਤਾਰ ਕਰਕੇ, ਉਨਾਂ ਦੇ ਕਬਜੇ ਵਿੱਚੋਂ 10 ਹਜ਼ਾਰ ਨਸ਼ੀਲੀਆਂ ਗੋਲੀਆਂ ਮਾਰਕਾ CELCIDAL-100 SR ਬਰਾਮਦ ਕਰ ਲਈਆਂ। ਮਾਮਲੇ ਦੀ ਅਗਲੀ ਤਫਤੀਸ਼ ਏ.ਐਸ.ਆਈ ਕੁਲਦੀਪ ਸਿੰਘ ਨੂੰ ਸੌਂਪ ਦਿੱਤੀ ਹੈ। ਇਸ ਸਬੰਧੀ ਇੰਸਪੈਕਟਰ ਬਲਜੀਤ ਸਿੰਘ ਨੇ ਕਿਹਾ ਕਿ ਮਾਨਯੋਗ ਐਸ.ਐਸ.ਪੀ. ਸੰਦੀਪ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਨਸ਼ਾ ਸਮੱਗਲਰਾਂ ਖਿਲਾਫ ਵਿੱਢੀ ਮੁਹਿੰਮ ਨੂੰ ਵੱਡੀ ਸਫਲਤਾ ਮਿਲੀ ਹੈ। ਇਸ ਮੁਹਿੰਮ ਨੂੰ ਹੋਰ ਅੱਗੇ ਲਿਜਾਣ ਲਈ ਵੀ ਪੁਲਿਸ ਵਧੇਰੇ ਯਤਨਸ਼ੀਲ ਹੈ। ਉਨਾਂ ਕਿਹਾ ਕਿ ਦੋਵਾਂ ਦੋਸ਼ੀਆਂ ਦੀ ਪੁੱਛਗਿੱਛ ਦੇ ਅਧਾਰ ਤੇ ਹੋਰ ਨਸ਼ਾ ਸਮੱਗਲਰਾਂ ਨੂੰ ਵੀ ਫੜ੍ਹਨ ਲਈ ਪੂਰੀ ਯੋਜਨਾ ਦਾ ਬਲੂ ਪ੍ਰਿੰਟ ਤਿਆਰ ਕਰ ਲਿਆ ਗਿਆ ਹੈ। ਜਿਸ ਦੇ ਅਧਾਰ ਤੇ ਤੇਜ਼ੀ ਨਾਲ ਨਸ਼ਾ ਸਮੱਗਲਰਾਂ ਨਾਲ ਜੁੜੀਆਂ ਹੋਰ ਤੰਦਾਂ ਨੂੰ ਜੋੜ ਕੇ ਨਸ਼ਾ ਸਮੱਗਲਰਾਂ ਦੀ ਨਕੇਲ ਕਸੀ ਜਾਵੇਗੀ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਇਰਦ-ਗਿਰਦ ਨਸ਼ਾ ਸਪਲਾਈ ਕਰਨ ਵਾਲੇ ਸਮੱਗਲਰਾਂ ਦੀ ਜਾਣਕਾਰੀ ਉੱਨਾਂ ਨੂੰ ਦੇਣ ਤਾਂ ਜੋ ਨਸ਼ੇ ਦਾ ਜੜ੍ਹ ਤੋਂ ਨਾਸ਼ ਕੀਤਾ ਜਾ ਸਕੇ।