ਹਰਿੰਦਰ ਨਿੱਕਾ/ਗੁਰਸੇਵਕ ਸਹੋਤਾ ,ਬਰਨਾਲਾ-ਮਹਿਲ ਕਲਾਂ 14 ਮਾਰਚ 2021
ਮਾਤਾ ਚਿੰਤਪੁਰਨੀ ਮੰਦਿਰ ਤੋਂ ਮੱਥਾ ਟੇਕ ਕੇ ਵਾਪਿਸ ਘਰਾਂ ਨੂੰ ਪਰਤਦੇ ਸਮੇਂ ਬਰਨਾਲਾ-ਲੁਧਿਆਣਾ ਮੁੱਖ ਸੜ੍ਹਕ ਤੇ ਪੈਂਦੇ ਪਿੰਡ ਵਜੀਦਕੇ ਕਲਾਂ ਕੋਲ ਆਹਲੂਵਾਲੀਆ ਪੈਟ੍ਰੋਲ ਪੰਪ ਦੇ ਸਾਹਮਣੇ ਭਿਅੰਕਰ ਸੜ੍ਹਕ ਹਾਦਸੇ ਦੌਰਾਨ ਕਾਲ ਦਾ ਗਰਾਸ ਬਣੇ ਮ੍ਰਿਤਕਾਂ ਦੀ ਪਹਿਚਾਣ ਹੋ ਗਈ ਹੈ। ਜਦੋਂ ਕਿ ਗੰਭੀਰ ਰੂਪ ਵਿੱਚ ਜਖਮੀ ਹੋਈ ਲੜਕੀ ਨੂੰ ਮੁੱਢਲੇ ਇਲਾਜ ਤੋਂ ਬਾਅਦ ਪੀ.ਜੀ.ਆਈ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਨੇ ਦੋਸ਼ੀ ਟਰਾਲਾ ਚਾਲਕ ਦੇ ਖਿਲਾਫ ਕੇਸ ਦਰਜ਼ ਕਰਕੇ, ਪੋਸਟਮਾਰਟਮ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਦੋਸ਼ੀ ਟਰਾਲਾ ਚਾਲਕ ਦੀ ਤਲਾਸ਼ ਵੀ ਜਾਰੀ ਹੈ। ਮ੍ਰਿਤਕ ਕਮਲਦੀਪ ਜਿੰਦਲ ਦੇ ਬੇਟੇ ਸੌਰਭ ਜਿੰਦਲ ਨੇ ਦੱਸਿਆ ਕਿ ਕਾਰ ਸਵਾਰ ਸਾਰੇ ਵਿਅਕਤੀ ਮਾਂ ਚਿੰਤਪੁਰਨੀ ਦੇ ਦਰਸ਼ਨ ਕਰਕੇ ਘਰ ਵਾਪਿਸ ਮੁੜ ਰਹੇ ਸਨ।
ਐਸ.ਐਚ.ਉ ਠੁੱਲੀਵਾਲ ਐਸ.ਆਈ. ਗੁਰਤਾਰ ਸਿੰਘ ਨੇ ਪੁੱਛਣ ਤੇ ਦੱਸਿਆ ਕਿ ਹਾਦਸੇ ਵਿੱਚ ਮਰਨ ਵਾਲਿਆਂ ਦੀ ਪਹਿਚਾਣ ਡਾਕਟਰ ਰਮੇਸ਼ ਕੁਮਾਰ , ਕਮਲਦੀਪ ਜਿੰਦਲ ਦੋਵੇਂ ਵਾਸੀ ਕਾਲਿਆਂਵਾਲੀ ਅਤੇ ਸੰਜੇ ਸਿੰਗਲਾ ਵਾਸੀ ਮਲੋਟ ਦੇ ਤੌਰ ਤੇ ਹੋਈ ਹੈ। ਜਦੋਂ ਕਿ ਗੰਭੀਰ ਰੂਪ ਵਿੱਚ ਸਿਵਲ ਹਸਪਤਾਲ ਬਰਨਾਲਾ ਤੋਂ ਰੈਫਰ ਕਰਕੇ ਪੀ.ਜੀ.ਆਈ. ਚੰੜੀਗੜ੍ਹ ਭੇਜੀ ਲੜਕੀ ਦਾ ਨਾਮ ਪ੍ਰਿਆ ਪੁੱਤਰੀ ਡਾਕਟਰ ਰਾਮੇਸ਼ ਕੁਮਾਰ ਹੈ। ਐਸ.ਐਚ.ਉ ਗੁਰਤਾਰ ਸਿੰਘ ਨੇ ਦੱਸਿਆ ਕਿ ਦੋਸ਼ੀ ਟਰਾਲਾ ਡਰਾਈਵਰ ਹਾਦਸੇ ਤੋਂ ਬਾਅਦ ਟਰਾਲਾ ਉੱਥੇ ਹੀ ਛੱਡ ਕੇ ਫਰਾਰ ਹੋ ਗਿਆ। ਪਰੰਤੂ ਉਸ ਦੇ ਖਿਲਾਫ ਮ੍ਰਿਤਕ ਕਮਲਦੀਪ ਜਿੰਦਲ ਦੇ ਬੇਟੇ ਸੌਰਭ ਜਿੰਦਲ ਦੇ ਬਿਆਨ ਦੇ ਅਧਾਰ ਤੇ ਥਾਣਾ ਠੁੱਲੀਵਾਲ ਵਿਖੇ ਦਰਜ ਕਰਕੇ, ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਉਨਾਂ ਕਿਹਾ ਕਿ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਟੀਮ ਮ੍ਰਿਤਕਾਂ ਦਾ ਪੋਸਟਮਾਰਟਮ ਕਰ ਰਹੀ ਹੈ। ਪੋਸਟਮਾਰਟਮ ਉਪਰੰਤ ਲਾਸ਼ਾਂ ਵਾਰਿਸਾਂ ਦੇ ਹਵਾਲੇ ਕਰ ਦਿੱਤੀਆਂ ਜਾਣਗੀਆਂ।
ਮੋਬਾਇਲ ਦੀ ਘੰਟੀ ਵੱਜੀ, ਤਾਂ ਹੋ ਗਈ ਮ੍ਰਿਤਕਾਂ ਦੀ ਪਹਿਚਾਣ
ਐਸ.ਐਚ.ਉ ਠੁੱਲੀਵਾਲ ਐਸ.ਆਈ. ਗੁਰਤਾਰ ਸਿੰਘ ਨੇ ਦੱਸਿਆ ਕਿ ਹਾਦਸੇ ਸਮੇਂ ਭਗਦੜ ਦੌਰਾਨ ਕਿਸੇ ਦਾ ਕੋਈ ਸ਼ਨਾਖਤ ਦਾ ਕੋਈ ਦਸਤਾਵੇਜ ਮੌਕੇ ਤੇ ਨਹੀਂ ਮਿਲਿਆ। ਪਰੰਤੂ ਕਾਰ ਸਵਾਰ ਇੱਕ ਵਿਅਕਤੀ ਦਾ ਮੋਬਾਇਲ ਮ੍ਰਿਤਕਾਂ ਨੂੰ ਕਾਰ ਵਿੱਚੋਂ ਕੱਢਣ ਸਮੇਂ ਹੇਠਾਂ ਡਿੱਗ ਪਏ। ਅਚਾਣਕ ਹੀ ਮੋਬਾਇਲ ਤੇ ਕਿਸੇ ਰਿਸ਼ਤੇਦਾਰ ਦੇ ਫੋਨ ਦੀ ਘੰਟੀ ਖੜ੍ਹਕ ਗਈ। ਜਿਸ ਤੋਂ ਰਿਸ਼ਤੇਦਾਰ ਨੂੰ ਹਾਦਸੇ ਬਾਰੇ ਦੱਸਿਆ ਤੇ ਉਸ ਨੇ ਮ੍ਰਿਤਕਾਂ ਦੀ ਪਹਿਚਾਣ ਕਰਵਾ ਦਿੱਤੀ।