ਅੰਗ ਦਾਨ ਪ੍ਰਚਾਰ & ਪੰਜਾਬ ‘ਚ ਸਰਕਾਰੀ ਅੰਗ ਟ੍ਰਾਂਸਪਲਾਂਟ ਸੇਵਾਵਾਂ ਦੀ ਸ਼ੁਰੂਆਤ ਵੱਲ ਇਕ ਅਹਿਮ ਕਦਮ-ਡਾ. ਰਾਜਨ ਸਿੰਗਲਾ

Advertisement
Spread information

ਮੈਡੀਕਲ ਕਾਲਜ ਵਿਖੇ ‘ਮ੍ਰਿਤਕ ਦੇਹਾਂ ਦੇ ਅੰਗਾਂ ਦੀ ਪ੍ਰਾਪਤੀ ਦੀ ਵਰਕਸ਼ਾਪ ਤੇ ਪੇਟ ਦੇ ਅੰਗਾਂ ਦੀ ਪ੍ਰਾਪਤੀ ਬਾਰੇ ਮਾਸਟਰ ਕਲਾਸ’ ‘ਚ ਮਾਹਰਾਂ ਵੱਲੋਂ ਚਰਚਾ

ਬਲਵਿੰਦਰ ਪਾਲ, ਪਟਿਆਲਾ, 28 ਮਾਰਚ 2025
      ਅੰਗ ਦਾਨ ਪ੍ਰਚਾਰ ਅਤੇ ਪੰਜਾਬ ‘ਚ ਸਰਕਾਰੀ ਅੰਗ ਟ੍ਰਾਂਸਪਲਾਂਟ ਸੇਵਾਵਾਂ ਦੀ ਸ਼ੁਰੂਆਤ ਵੱਲ ਇਕ ਕਦਮ ਪੁੱਟਦਿਆਂ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਨੇ ਪੀ.ਜੀ.ਆਈ ਮੈਡੀਕਲ ਐਜੂਕੇਸ਼ਨ ਤੇ ਖੋਜ ਚੰਡੀਗੜ੍ਹ ਤੇ ਉਤਰ ਖੇਤਰੀ ਅੰਗਦਾਨ ਤੇ ਟਿਸ਼ੂ ਟਰਾਂਸਪਲਾਂਟ ਸੰਸਥਾ (ਰੋਟੋ) ਦੇ ਸਹਿਯੋਗ ਨਾਲ “ਮ੍ਰਿਤਕ ਦੇਹਾਂ ਦੇ ਅੰਗਾਂ ਦੀ ਪ੍ਰਾਪਤੀ ਵਰਕਸ਼ਾਪ ਅਤੇ ਪੇਟ ਦੇ ਅੰਗਾਂ ਦੀ ਪ੍ਰਾਪਤੀ ਬਾਰੇ ਮਾਸਟਰ ਕਲਾਸ” ਕਰਵਾਈ ਗਈ।
        ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ ਰਾਜਨ ਸਿੰਗਲਾ ਨੇ ਦੱਸਿਆ ਕਿ ਇਸ ਵਰਕਸ਼ਾਪ ਦਾ ਉਦੇਸ਼ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਅੰਗ ਦਾਨ ਅਤੇ ਟ੍ਰਾਂਸਪਲਾਂਟ ਸੇਵਾਵਾਂ ਨੂੰ ਉਤਸ਼ਾਹਤ ਕਰਨਾ ਹੈ। ਡਾ. ਰਾਜਨ ਸਿੰਗਲਾ ਨੇ ਦੱਸਿਆ ਕਿ ਪੀ.ਜੀ.ਆਈ ਚੰਡੀਗੜ੍ਹ ਦੇ ਰੈਨਲ ਟ੍ਰਾਂਸਪਲਾਂਟ ਸਰਜਰੀ ਵਿਭਾਗ ਦੇ ਮਾਹਿਰ ਡਾ. ਅਸ਼ੀਸ਼ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਨੇ ਸਰਕਾਰੀ ਮੈਡੀਕਲ ਕਾਲਜ ਦੇ ਨਾਲ-ਨਾਲ ਨਿੱਜੀ ਸੰਸਥਾਵਾਂ ਮਨੀਪਾਲ ਐਂਡ ਪਾਰਕ ਹਸਪਤਾਲ ਪਟਿਆਲਾ ਅਤੇ ਮੈਕਸ ਹਸਪਤਾਲ ਮੋਹਾਲੀ ਦੇ ਸਰਜਨਾਂ ਨੂੰ ਮ੍ਰਿਤਕ ਦਾਨੀ ਦੀ ਦੇਹ ਤੋਂ ਅੰਗ ਪ੍ਰਾਪਤੀ ‘ਤੇ ਹੱਥੀਂ ਸਿਖਲਾਈ ਪ੍ਰਦਾਨ ਕੀਤੀ, ਜੋ ਕਿ ਅੰਗ ਟ੍ਰਾਂਸਪਲਾਂਟੇਸ਼ਨ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
        ਜਿਕਰਯੋਗ ਹੈ ਕਿ ਇਹ ਵਰਕਸ਼ਾਪ ਡਾਇਰੈਕਟਰ ਪ੍ਰਿੰਸੀਪਲ ਡਾ. ਰਾਜਨ ਸਿੰਗਲਾ, ਜੋ ਕਿ ਰਾਜ ਅੰਗਦਾਨ ਤੇ ਟਿਸ਼ੂ ਟਰਾਂਸਪਲਾਂਟ ਸੰਸਥਾ (ਸੋਟੋ ਪੰਜਾਬ) ਦੇ ਚੇਅਰਮੈਨ ਵੀ ਹਨ, ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਡਾ. ਗਗਨੀਨ ਕੌਰ ਸੰਧੂ, ਨੋਡਲ ਅਫਸਰ, ਸੋਟੋ ਪੰਜਾਬ ਨੇ ਸੰਚਾਲਨ ਕੀਤਾ।
        ਇਸ ਮੌਕੇ ਵਿਸ਼ਾ ਮਾਹਿਰਾਂ ਨੇ ਅੰਗ ਦਾਨ ਬਾਰੇ ਪ੍ਰਚਾਰ ਕਰਨ ਲਈ ਲੋਕ ਜਾਗਰੂਕਤਾ ਵਧਾਉਣ ਅਤੇ ਪੰਜਾਬ ਦੇ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿੱਚ ਮਜ਼ਬੂਤ ਅੰਗ ਟ੍ਰਾਂਸਪਲਾਂਟ ਸੇਵਾਵਾਂ ਦੀ ਸ਼ੁਰੂਆਤ ਦੀ ਤੁਰੰਤ ਲੋੜ ਉਤੇ ਜ਼ੋਰ ਦਿੱਤਾ। ਅੰਗ ਦਾਨ ਦੀ ਇਹ ਪਹਿਲਕਦਮੀ ਅੰਗਾਂ ਦੀ ਮੰਗ ਅਤੇ ਉਪਲਬਧਤਾ ਵਿਚਕਾਰ ਪਾੜੇ ਨੂੰ ਪੂਰਾ ਕਰਨ ਦੇ ਯਤਨਾਂ ਨਾਲ ਮੇਲ ਖਾਂਦੀ ਹੈ, ਜਿਸ ਨਾਲ ਸਾਰੇ ਲੋੜਵੰਦ ਮਰੀਜਾਂ ਲਈ ਟ੍ਰਾਂਸਪਲਾਂਟੇਸ਼ਨ ਤੱਕ ਬਰਾਬਰ ਪਹੁੰਚ ਯਕੀਨੀ ਬਣਾਈ ਜਾ ਸਕੇ।
        ਵਰਕਸ਼ਾਪ ਨੇ ਇਹ ਸੰਦੇਸ਼ ਵੀ ਦਿੱਤਾ ਕਿ ਕੈਡੇਵਰੀਕ ਅੰਗ ਦਾਨ ਸਰਵਜਨਿਕ ਸਿਹਤ ਦੇ ਹਿੱਤ ਵਿੱਚ ਇੱਕ ਮਹੱਤਵਪੂਰਨ ਕਦਮ ਹੈ, ਅਤੇ ਪੰਜਾਬ ਨੂੰ ਇਸ ਖੇਤਰ ਵਿੱਚ ਮੋਹਰੀ ਬਣਾਉਣ ਲਈ ਨਵੀਆਂ ਨੀਤੀਆਂ ‘ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ ਤਾਂ ਕਿ ਮ੍ਰਿਤਕ ਸਰੀਰਾਂ ਦੇ ਅੰਗਾਂ ਨੂੰ ਕਿਸੇ ਲੋੜਵੰਦ ਮਰੀਜ਼ ਨੂੰ ਲਗਾ ਕੇ ਉਨ੍ਹਾਂ ਦੀ ਜਾਨ ਨੂੰ ਬਚਾਇਆ ਜਾ ਸਕੇ।

Advertisement
Advertisement
Advertisement
Advertisement
error: Content is protected !!