ਹਰਿੰਦਰ ਨਿੱਕਾ , ਬਰਨਾਲਾ 10 ਮਾਰਚ 2021
ਜਿਲ੍ਹੇ ਦੇ ਪਿੰਡ ਚੀਮਾ ਵਿਖੇ ਬਿਜਲੀ ਟਰਾਂਸਫਾਰਮਰ ਲਾਉਣ ਨੂੰ ਲੈ ਕੇ ਦੋ ਕਿਸਾਨ ਯੂਨੀਅਨਾਂ ਦਰਮਿਆਨ ਕਾਫੀ ਸਮੇਂ ਤੋਂ ਚੱਲ ਰਹੇ ਝਗੜੇ ਤੋਂ ਪੈਦਾ ਹੋਏ ਹਾਲਤ ਨੇ ਉਦੋਂ ਹੋਰ ਨਵਾਂ ਮੋੜ ਆ ਗਿਆ ,ਜਦੋਂ ਪਾਵਰਕੌਮ ਦੇ ਕਰਮਚਾਰੀਆਂ ਨੇ ਵੀ ਅਣਮਿੱਥੇ ਸਮੇਂ ਲਈ ਬਰਨਾਲਾ ਦੇ ਸਾਰੇ ਦਫਤਰਾਂ ਦੇ ਅਧੀਨ ਪੈਂਦੇ ਖੇਤਰਾਂ ਦੀ ਬਿਜਲੀ ਸਪਲਾਈ ਦੀ ਰਿਪੇਅਰ ਦਾ ਕੰਮ ਨਾ ਕਰਨ ਦਾ ਐਲਾਨ ਕਰ ਦਿੱਤਾ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਅਤੇ ਪਾਵਰਕਾਮ ਦੇ ਜੇ ਈ ਰਾਮਪਾਲ ਸਿੰਘ ਨੇ ਦੱਸਿਆ ਕਿ ਪਿਛਲੀ ਦਿਨੀ ਪਿੰਡ ਚੀਮਾ ਵਿਖੇ ਇਕ ਨਵਾਂ ਟਰਾਂਸਫਾਰਮਰ ਰੱਖਣ ਲਈ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਵੱਲੋਂ ਸਾਰਾ ਸਮਾਨ ਦੇ ਦਿੱਤਾ ਗਿਆ ਸੀ । ਕੰਮ ਕਰਨ ਲਈ ਠੇਕੇਦਾਰ ਦਾ ਪ੍ਰਬੰਧ ਵੀ ਕਰ ਦਿੱਤਾ ਗਿਆ ਸੀ, ਪਰ ਪਿੰਡ ’ਚ ਕੰਮ ਕਰਦੀਆਂ 2 ਕਿਸਾਨ ਜਥੇਬੰਦੀਆਂ ਦਾ ਆਪਸੀ ਝਗੜਾ ਹੋਣ ਦੇ ਕਾਰਨ ਉਨ੍ਹਾਂ ਵੱਲੋਂ ਇਹ ਕੰਮ ਨਹੀਂ ਹੋਣ ਦਿੱਤਾ ਜਾ ਰਿਹਾ । ਜਿਸ ਵਿੱਚ ਪਾਵਰਕਾਮ ਦਾ ਕੋਈ ਕਸੂਰ ਨਹੀਂ ਹੈ,।
ਉਨ੍ਹਾਂ ਕਿਹਾ ਕਿ ਪਾਵਰਕੌਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਇਹ ਮਸਲਾ ਡੀ ਸੀ ਬਰਨਾਲਾ ਦੇ ਧਿਆਨ ‘ ਚ ਕਈ ਵਾਰ ਲਿਆਂਦਾ ਜਾ ਚੁੱਕਾ ਹੈ । ਪਰ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸਾਸਨ ਵੱਲੋਂ ਸਹਿਯੋਗ ਨਾ ਦੇਣ ਕਰਕੇ ਅਤੇ ਕਿਸਾਨ ਜਥੇਬੰਦੀਆਂ ਦੀ ਆਪਸੀ ਖਹਿਬਾਜੀ ਕਰਕੇ ਕੰਮ ਨਹੀਂ ਹੋ ਰਿਹਾ। ਇਸ ਮਾਮਲੇ ਸਬੰਧੀ ਡੀਸੀ ਤੇਜ ਪ੍ਰਤਾਪ ਸਿੰਘ ਫੂਲਕਾ ਨੂੰ ਮਿਲ ਕੇ ਮਾਮਲੇ ਸਬੰਧੀ ਪੂਰੀ ਤਰ੍ਹਾਂ ਜਾਣੂੰ ਕਰਵਾਇਆ ਗਿਆ, ਪਰ ਉਨਾਂ ਵੱਲੋਂ ਵੀ ਮਾਮਲੇ ਨੂੰ ਹੱਲ ਕਰਨ ਲਈ ਕੋਈ ਕੋਸ਼ਿਸ ਨਹੀਂ ਕੀਤੀ ਗਈ ,ਸਗੋਂ ਉਨ੍ਹਾਂ ਵੱਲੋਂ ਪਾਵਰਕੌਮ ਦੇ ਕਰਮਚਾਰੀਆਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਵੀ ਬਰਾਬਰ ਤੇ ਧਰਨਾ ਲਾ ਦੇਵੋ , ਪ੍ਰੰਤੂ ਫਿਰ ਵੀ ਜਿਸ ਦੇ ਚੱਲਦਿਆ ਪਾਵਰਕਾਮ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਇਕ ਵਾਰ ਫਿਰ ਤੋਂ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਕਿ ਇਸ ਮਾਮਲੇ ਦਾ ਢੁੱਕਵਾ ਹੱਲ ਕੀਤਾ ਜਾਵੇ। ਤਾਂਕਿ ਕਿਸੇ ਤਰਾਂ ਨਾਲ ਸਮੂਹ ਮੁਲਾਜ਼ਮਾਂ ਤੇ ਕਿਸਾਨ ਜਥੇਬੰਦੀਆਂ ਦੇ ਆਪਸੀ ਟਕਰਾਅ ਨੂੰ ਟਾਲਿਆ ਜਾ ਸਕੇ। ਕਿਉਂਕਿ ਇਸ ਤਰ੍ਹਾਂ ਦੇ ਟਕਰਾਅ ਵਿੱਚ ਦੋਵੇਂ ਧਿਰਾਂ ਦਾ ਕੋਈ ਵੀ ਜਾਨੀ ਜਾਂ ਮਾਲੀ ਨੁਕਸਾਨ ਹੋ ਸਕਦਾ ਹੈ।
ਪਾਵਰਕਾਮ ਦੀਆਂ ਜਥੇਬੰਦੀਆਂ ਦੇ ਸਮੂਹ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੇ ਕਿਹਾ ਕਿ ਜਦੋਂ ਤੱਕ ਇਸ ਮਾਮਲੇ ਦਾ ਹੱਲ ਨਹੀਂ ਹੁੰਦਾ, ਉਸ ਸ਼ਮੇ ਤੱਕ ਸਰਕਲ ਬਰਨਾਲਾ ਦੇ ਸਾਰੇ ਦਫ਼ਤਰ ਬਿਜਲੀ ਸਪਲਾਈ ਦੇ ਵਿੱਚ ਪੈਣ ਵਾਲੇ ਸਾਰੇ ਨੁਕਸਾਨ ਨੂੰ ਦੂਰ ਕਰਨ ਦਾ ਕੰਮ ਅੱਜ ਤੋਂ ਬੰਦ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਨੂੰ ਕਿਸੇ ਤਰਾਂ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਇਸ ਦੀ ਜਿੰਮੇਵਾਰੀ ਜ਼ਿਲਾ ਪ੍ਰਸ਼ਾਸਨ ਦੀ ਹੀ ਹੋਵੇਗੀ।
ਉਪਰੋਕਤ ਲਾਏ ਦੋਸ਼ਾਂ ਸਬੰਧੀ ਕਿਸਾਨ ਯੂਨੀਅਨ ਦੇ ਨੇਤਾਵਾਂ ਦਰਸ਼ਨ ਸਿੰਘ ਚੀਮਾ ਅਤੇ ਸੰਦੀਪ ਸਿੰਘ ਚੀਮਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕੀ ਪਿੰਡ ਚੀਮਾ ਦੇ ਕੁਝ ਸ਼ਰਾਰਤੀ ਲੋਕਾਂ ਵੱਲੋਂ ਐਸ ਡੀ ਓ ਸ਼ਹਿਣਾ ਦੀ ਹਾਜ਼ਰੀ ਵਿੱਚ ਖੰਭੇ ਤੋੜ ਦਿੱਤੇ ਗਏ। ਪ੍ਰੰਤੂ ਵਿਭਾਗ ਵੱਲੋਂ ਕੋਈ ਵੀ ਉਨ੍ਹਾਂ ਉੱਪਰ ਕਾਰਵਾਈ ਨਹੀਂ ਕੀਤੀ ਸੀ । ਜਿਸ ਕਾਰਨ ਅਸੀਂ ਪਿਛਲੇ ਤਕਰੀਬਨ ਇੱਕ ਮਹੀਨੇ ਤੋਂ ਲਗਾਤਾਰ ਐਸ ਸੀ ਦਫਤਰ ਅੱਗੇ ਧਰਨਾ ਲਾ ਰਹੇ ਹਾਂ । ਉਪਰੋਕਤ ਲਾਈਨ ਚਾਲੂ ਨਾ ਹੋਣ ਕਾਰਨ ਪਿੰਡ ਦੇ ਤਕਰੀਬਨ ਦੋ ਸੌ ਪੰਜਾਹ ਘਰਾਂ ਨੂੰ ਪੂਰੀ ਬਿਜਲੀ ਸਪਲਾਈ ਨਹੀਂ ਮਿਲ ਰਹੀ। ਅੱਜ ਵੀ ਅਸੀਂ ਰੋਜ਼ਾਨਾ ਦੀ ਤਰ੍ਹਾਂ ਧਰਨਾ ਲਾਉਣ ਲਈ ਐਕਸੀਅਨ ਦਫਤਰ ਪਹੁੰਚੇ ਸੀ। ਪ੍ਰੰਤੂ ਪਾਵਰਕੌਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਧਰਨੇ ਵਿੱਚ ਆਏ ਕਿਸਾਨਾਂ ਅਤੇ ਕਿਸਾਨ ਔਰਤਾਂ ਨੂੰ ਧੱਕੇ ਮਾਰੇ ਗਏ ਅਸੀਂ ਹਮੇਸ਼ਾ ਸ਼ਾਂਤਮਈ ਧਰਨਾ ਦੇ ਰਹੇ ਹਾਂ, ਸਾਡੇ ਮਸਲੇ ਦਾ ਜਿੰਨੀ ਦੇਰ ਤੱਕ ਹੱਲ ਨਹੀਂ ਹੋ ਜਾਂਦਾ । ਓਨੀ ਦੇਰ ਤਕ ਸਾਡੇ ਵੱਲੋਂ ਧਰਨਾ ਜਾਰੀ ਰਹੇਗਾ । ਸਾਡੀਆਂ ਕਿਸਾਨ ਜਥੇਬੰਦੀਆਂ ਪਾਵਰਕੌਮ ਵੱਲੋਂ ਕੀਤੇ ਜਾਣ ਵਾਲੇ ਕਿਸੇ ਵੀ ਧੱਕੇ ਨੂੰ ਬਰਦਾਸ਼ਤ ਨਹੀਂ ਕਰਨਗੀਆਂ । ਉਨ੍ਹਾਂ ਕਿਹਾ ਕਿ ਸਾਡੀ ਮੁਲਾਜ਼ਮਾਂ ਨਾਲ ਕੋਈ ਵੀ ਨਿੱਜੀ ਦੁਸ਼ਮਣੀ ਨਹੀਂ ਹੈ ਸਿਰਫ਼ ਅਸੀਂ ਆਪਣਾ ਹੱਕ ਲੈਣ ਵਾਸਤੇ ਇਥੇ ਆਏ ਹਾਂ।