ਡਾਕਟਰ ਬੀ.ਆਰ. ਅੰਬੇਡਕਰ ਦੀ ਮੂਰਤੀ ਤੋੜਨ ਵਾਲਿਆਂ ਖਿਲਾਫ ਗਿਰਫਤਾਰ ਕਰਨ ਦੀ ਮੰਗ
ਹਰਿੰਦਰ ਨਿੱਕਾ , ਬਰਨਾਲਾ 9 ਮਾਰਚ 2021
ਪੰਜਾਬ ਸਫਾਈ ਸੇਵਕ ਯੂਨੀਅਨ ਚੰਡੀਗੜ ਦੇ ਸੱਦੇ ਤੇ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਬਜਟ ਵਿੱਚ ਮੁਲਾਜਮ ਮੰਗਾਂ ਨੂੰ ਵਿਸਾਰਨ ਅਤੇ ਬੱਜਟ ਸੈਸ਼ਨ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਕਿਸੇ ਵੀ ਤਰਾਂ ਕੋਈ ਚਰਚਾ ਨਾ ਹੋਣ ਕਾਰਨ ਸਮੂਹ ਮੁਲਾਜ਼ਮਾਂ ਵਿੱਚ ਭਾਰੀ ਰੋਸ ਫੈਲ ਗਿਆ ਹੈ। ਰੋਸ ਪ੍ਰਗਟ ਕਰਨ ਲਈ ਅੱਜ ਸਫਾਈ ਸੇਵਕ ਯੂਨੀਅਨ ਨਗਰ ਕੌਂਸਲ ਬਰਨਾਲਾ ਦੇ ਸਮੂਹ ਸਫਾਈ ਕਰਮਚਾਰੀਆਂ ਨੇ ਰੋਸ ਪ੍ਰਗਟ ਕਰਕੇ, ਸਰਕਾਰ ਦਾ ਪੁਤਲਾ ਵੀ ਫੂਕਿਆ। ਇਸ ਮੌਕੇ ਬੁਲਾਰਿਆਂ ਨੇ ਪਟਿਆਲਾ ਜਿਲ੍ਹੇ ਦੇ ਰਾਜਪੁਰਾ ਸ਼ਹਿਰ ਵਿਖੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਜੀ ਅੰਬੇਡਕਰ ਦੀ ਮੂਰਤੀ ਨੂੰ ਖੰਡਿਤ ਕਰਕੇ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗਿਰਫਤਾਰ ਕਰਨ ਦੀ ਮੰਗ ਵੀ ਕੀਤੀ। ਬੁਲਾਰਿਆਂ ਨੇ ਕਿਹਾ ਕਿ ਦੋਸ਼ੀਆਂ ਨੂੰ ਗਿਰਫਤਾਰ ਕਰਵਾ ਕੇ ਉਨਾਂ ਨੂੰ ਸਜ਼ਾ ਦਿਵਾਉਣ ਤੱਕ ਸਫਾਈ ਸੇਵਕ ਯੂਨੀਅਨ ਚੁੱਪ ਕਰਕੇ ਨਹੀਂ ਬੈਠੇਗੀ । ਸਫਾਈ ਸੇਵਕ ਯੂਨੀਅਨ ਦੇ ਸੱਦੇ ਤੇ ਸਮੂਹ ਕਰਮਚਾਰੀਆਂ ਨੇ ਕੰਮ ਛੱਡ ਕੇ ਇੱਕ ਦਿਨ ਦੀ ਹੜਤਾਲ ਵੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕਰਕੇ ਪਿੱਟ ਸਿਆਪਾ ਵੀ ਕੀਤਾ। ਸਫਾਈ ਸੇਵਕ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਗੁਲਸ਼ਨ ਕੁਮਾਰ ਅਤੇ ਨਗਰ ਕੌਂਸਲ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਹਰਬਖਸ਼ ਸਿੰਘ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮੁਲਾਜਮਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਇਸ ਦਾ ਖਾਮਿਆਜ਼ਾ ਸਰਕਾਰ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਨਾ ਪਵੇਗਾ। ਇਸ ਮੌਕੇ ਯੂਨੀਅਨ ਦੇ ਜਿਲ੍ਹਾ ਜਰਨਲ ਸਕੱਤਰ ਰਾਹੁਲ ਕੁਮਾਰ, , ਕੁਲਦੀਪ ਸਿੰਘ, ਕਰਨਜੀਤ ਸਿੰਘ, ਰਮੇਸ਼ ਕੁਮਾਰ, ਲਛਮਨ ਦਾਸ ਅਤੇ ਮੁਕੇਸ਼ ਕੁਮਾਰ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ ਵਿੱਚ ,ਪੰਜਾਬ ਦੇ ਸਮੂਹ ਦੇ ਮਿਊਸਪਲ ਮੁਲਾਜ਼ਮ ਪੱਕੀ ਕਰਵਾਉਣਾ, ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣਾ, 6 ਵੇਂ ਪੇ ਕਮਿਸ਼ਨ ਦੀ ਰਿਪੋਰਟ ਜਲਦੀ ਲਾਗੂ ਕਰਵਾਉਣਾ, ਡੀ.ਏ. ਦੀਆਂ ਕਿਸ਼ਤਾਂ ਸਮੇਤ ਬਕਾਇਆ ਜਾਰੀ ਕਰਵਾਉਣਾ, ਰਾਜਪੁਰਾ ਵਿਖੇ ਬਾਬਾ ਸਾਹਿਬ ਡਾਕਟਰ ਭੀਮ ਰਾਉ ਅੰਬੇਡਕਰ ਜੀ ਦੀ ਮੂਰਤੀ ਨੂੰ ਖੰਡਿਤ ਕਰਨ ਵਾਲਿਆਂ ਨੂੰ ਜਲਦ ਗਿਰਫਤਾਰ ਕਰਵਾਉਣਾ ਪ੍ਰਮੁੱਖ ਤੌਰ ਤੇ ਸ਼ਾਮਿਲ ਹੈ।