ਤਾਂਤਰਿਕ ਗੈਂਗਰੇਪ ਮਾਮਾਲਾ- ਪੀੜਤ ਪਰਿਵਾਰ ਦੇ ਹੱਕ ਵਿੱਚ ਨਿੱਤਰਿਆ ਸਟੇਟ ਅਵਾਰਡੀ ਭੋਲਾ ਸਿੰਘ ਵਿਰਕ
ਵਿਰਕ ਨੇ ਕਿਹਾ, ਸਾਰੀਆਂ ਸਮਾਜ ਸੇਵੀ ਸੰਸਥਾਵਾਂ ਤੇ ਰਾਜਨੀਤਕ ਜਥੇਬੰਦੀਆਂ ਨੂੰ ਪਰਿਵਾਰ ਦੀ ਮੱਦਦ ਲਈ ਹੱਥ ਵਧਾਉਣ ਦੀ ਲੋੜ ਐ,,
ਹਰਿੰਦਰ ਨਿੱਕਾ , ਬਰਨਾਲਾ 6 ਮਾਰਚ 2021
ਤਾਂਤਰਿਕ ਗੈਂਗਰੇਪ ਮਾਮਲੇ ਦੇ ਪੀੜਤ ਪਰਿਵਾਰ ਦੇ ਹੱਕ ‘ਚ ਸਟੇਟ ਐਵਾਰਡੀ ਭੋਲਾ ਸਿੰਘ ਵਿਰਕ ਨੇ ਵੀ ਹਾਅ ਦਾ ਨਾਅਰਾ ਮਰਦਿਆਂ, ਜਿੱਥੇ ਹਿਰਦਾ ਵਲੂੰਧਰ ਦੇਣ ਵਾਲੀ ਘਟਨਾ ਦੀ ਕਰੜੀ ਨਿੰਦਿਆਂ ਕੀਤੀ ਹੈ। ਉੱਥੇ ਹੀ ਉਨਾਂ ਨੇ ਇਸ ਘਿਨਾਉਣੇ ਅਪਰਾਧ ਦੀ ਪੁਸ਼ਤਪਨਾਹੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਵੀ ਆੜੇ ਹੱਥੀ ਲਿਆ ਹੈ। ਬਰਨਾਲਾ ਟੂਡੇ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਭੋਲਾ ਸਿੰਘ ਵਿਰਕ ਨੇ ਕਿਹਾ ਕਿ ਗਰੀਬ ਪਰਿਵਾਰ ਦੀ ਧੀ ਨਾਲ ਹੋਏ ਸਮੂਹਿਕ ਬਲਾਤਕਾਰ ਦੀ ਘਟਨਾ ਮੰਦਭਾਗੀ ਤੇ ਬੇਹੱਦ ਦੁਖਦਾਈ ਹੈ।
ਵਿਰਕ ਨੇ ਕਿਹਾ ਕਿ ਅਜਿਹੇ ਅਪਰਾਧ ਸਪੱਸ਼ਟ ਕਰਦੇ ਹਨ ਕਿ ਪ੍ਰਸ਼ਾਸ਼ਨਿਕ ਸਿਸਟਮ ਅਪਰਾਧੀਆਂ ਅੱਗੇ ਕਮਜੋਰ ਹੋ ਗਿਆ ਹੈ। ਇਸ ਦੀ ਤਸਦੀਕ ਅਪਰਾਧੀ-ਅਪਰਾਧੀਆਂ ਦੀ ਪੁਸ਼ਤਪਨਾਹੀ ਕਰਨ ਵਾਲੇ ਦੋਸ਼ੀਆਂ ਨੂੰ ਬਚਾਉਣ ਲਈ ਕਥਿਤ ਤੌਰ ਦੇ ਜਿੰਮੇਵਾਰ ਅਧਿਕਾਰੀਆਂ/ ਕਰਮਚਾਰੀਆਂ ਨੇ ਕਰ ਦਿੱਤੀ ਹੈ। ਉਨਾਂ ਕਿਹਾ ਕਿ ਜੁਰਮ ਤਾਂ ਦੁਨੀਆਂ ਦੇ ਹਰ ਹਿੱਸੇ ਵਿੱਚ ਹੁੰਦੇ ਨੇ, ਪਰ ਉੱਥੇ ਮੁਜਰਮ ਜੁਰਮ ਕਰਨ ਤੋਂ ਬਾਅਦ ਖੁੱਲ੍ਹੇ ਨਹੀਂ ਫਿਰਦੇ, ਨਾ ਹੀ ਉਨਾਂ ਮੁਲਕਾਂ ਵਿੱਚ ਜੁਰਮ ਕਰਨ ਵਾਲਿਆਂ ਦੀ ਕੋਈ ਪੁਸ਼ਤਪਨਾਹੀ ਕਰਦਾ ਹੈ। ਵਿਰਕ ਨੇ ਕਿਹਾ ਕਿ ਬਹੁਤ ਅਫਸੋਸ ਦੀ ਗੱਲ ਹੈ ਕਿ ਸਾਡੇ ਤਾਂ ਜੁਰਮ ਕਰਨ ਵਾਲਿਆਂ ਦੀ ਪੁਸ਼ਤਪਨਾਹੀ ਵੀ ਹੁੰਦੀ ਹੈ। ਉਨਾਂ ਕਿਹਾ ਕਿ ਪੁਸ਼ਤਪਨਾਹੀ ਦਾ ਮਤਲਬ ਹੈ, ਦੋਸ਼ੀਆਂ ਨੂੰ ਸਾਂਭ ਕੇ ਰੱਖਣਾ,ਉਨਾਂ ਦਾ ਬਚਾਅ ਕਰਨ ਆਦਿ ਹੈ।
ਉਨਾਂ ਅਪੀਲ ਕੀਤੀ ਕਿ ਆਪਣੇ ਇਲਾਕੇ ਅੰਦਰ ਅਜਿਹੀ ਘਿਨਾਉਣੀ ਤੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਦੇ ਵਿਰੋਧ ਦੇ ਵਿੱਚ ਸਮਾਜ ਸੇਵੀ ਅਤੇ ਰਾਜਨੀਤਕ ਜਥੇਬੰਦੀਆਂ ਨੂੰ ਅਵਾਜ ਉਠਾਉਣ ਅਤੇ ਪੀੜਤ ਪਰਿਵਾਰ ਦੀ ਆਰਥਿਕ ਤੌਰ ਤੇ ਵੀ ਮੱਦਦ ਕਰਨ ਲਈ ਆੱਗੇ ਆਉਣ ਦੀ ਲੋੜ ਹੈ। ਤਾਂਕਿ ਦੁੱਖ ਝੱਲ ਰਹੇ ਪਰਿਵਾਰ ਨੂੰ ਸਹਾਰਾ ਮਿਲ ਸਕੇ ਅਤੇ ਦੋਸ਼ੀਆਂ ਨੂੰ ਸਜਾਵਾਂ ਦਿਵਾਈਆਂ ਜਾ ਸਕਣ।
ਵਿਰਕ ਨੇ ਇੱਕ ਸਵਾਲ ਦੇ ਜੁਆਬ ਵਿੱਚ ਕਿਹਾ ਕਿ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਨੂੰ ਡਿਲੇ ਕਰਨ ਵਾਲਿਆਂ ਖਿਲਾਫ ਸਿਰਫ ਸਸਪੈਂਡ ਕਰਨ ਦੀ ਵਿਭਾਗੀ ਕਾਰਵਾਈ ਘਿਣਾਉਣੇ ਜੁਰਮ ਦੇ ਸਾਹਮਣੇ ਬੌਣੀ ਪੈ ਜਾਂਦੀ ਹੈ। ਉਨਾਂ ਪੁਲਿਸ ਪ੍ਰਸ਼ਾਸ਼ਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਸਖਤ ਸਜਾ ਦੇਣ ਲਈ ਫਾਸਟ ਟ੍ਰੈਕ ਅਦਾਲਤ ਵਿੱਚ ਕਾਰਵਾਈ ਚਲਾਉਣਾ ਸਮੇਂ ਦੀ ਲੋੜ ਹੈ ਅਤੇ ਇਨਸਾਫ ਦਾ ਤਕਾਜ਼ਾ ਵੀ। ਕਿਉਂਕਿ ਬਹੁਤ ਹੀ ਵੱਡੇ ਅਪਰਾਧ ਨੂੰ ਦਰਜ਼ ਕਰਨ ਵਿੱਚ ਪਹਿਲਾਂ ਹੀ 9 ਮਹੀਨਿਆਂ ਦੀ ਦੇਰੀ ਪਹਿਲਾਂ ਹੀ ਬਥੇਰੀ ਹੋ ਚੁੱਕੀ ਹੈ।