ਚੋਰੀ ਤੋਂ 2 ਸਾਲ ਬਾਅਦ ਵੀ ਪੁਲਿਸ ਚਲਾਨ ਪੇਸ਼ ਕਰਨ ‘ਚ ਹੋਈ ਫੇਲ੍ਹ
ਐਸ.ਐਚ.ਉ. ਨੇ ਕਿਹਾ, ਕੇਸ ਮੈਥੋਂ ਪਹਿਲਾਂ ਦਾ, ਹੁਣ 1 ਹਫਤੇ ‘ਚ ਚਲਾਨ ਪੇਸ਼ ਕਰ ਦਿਆਂਗੇ
ਹਰਿੰਦਰ ਨਿੱਕਾ , ਬਰਨਾਲਾ 4 ਮਾਰਚ 2021
ਸ਼ਹਿਰ ਅੰਦਰ ਚੋਰੀਆਂ ਦਾ ਸਿਲਸਿਲਾ ਬਾ-ਦਸਤੂਰ ਜਾਰੀ ਹੈ। ਸ਼ਰੇਆਮ ਚੋਰੀਆਂ ਕਰਨ ਵਿੱਚ ਲੱਗੇ ਹੋਏ ਚੋਰਾਂ ਨੂੰ ਪੁਲਿਸ ਦੇ ਫੜ੍ਹਨ ਅਤੇ ਕੇਸ ਦਰਜ਼ ਹੋਣ ਦਾ ਕੋਈ ਖੌਫ ਹੀ ਨਹੀ ਹੈ। ਹੋਵੇ ਵੀ ਕਿਉਂ, ਪਹਿਲੀ ਗੱਲ ਤਾਂ ਚੋਰ ਫੜ੍ਹਿਆਂ ਨਹੀਂ ਜਾਂਦਾ, ਜੇ ਫੜ੍ਹਿਆਂ ਜਾਂਦਾ ਹੈ, ਫਿਰ ਪੁਲਿਸ ਕੇਸ ਦਰਜ਼ ਕਰਨ ਦੀ ਬਜਾਏ, ਉਸਦੇ ਨਸ਼ੇੜੀ ਹੋਣ ਦੀ ਗੱਲ ਕਹਿ ਕੇ ਉਸ ਖਿਲਾਫ ਕੋਈ ਕਾਨੂੰਨੀ ਕਾਰਵਾਈ ਕਰਨ ਤੋਂ ਹੱਥ ਪਿੱਛੇ ਖਿੱਚ ਲੈਂਦੀ ਹੈ। ਜੇਕਰ ਚੋਰ ਫੜ੍ਹਿਆ ਗਿਆ ਅਤੇ ਕੇਸ ਵੀ ਦਰਜ਼ ਕਰ ਦਿੱਤਾ, ਫਿਰ ਚੋਰੀ ਹੋਏ ਸਮਾਨ ਦੀ ਬਰਾਮਦਗੀ ਨਹੀਂ ਹੁੰਦੀ, ਜੇ ਅੱਧੀ-ਅਧੂਰੀ ਬਰਾਮਦਗੀ ਹੋ ਵੀ ਜਾਵੇ, ਤਾਂ ਫਿਰ ਚੋਰੀ ਦੇ ਬਹੁਤੇ ਕੇਸਾਂ ਦਾ ਸਮੇਂ ਸਿਰ ਚਲਾਨ ਪੇਸ਼ ਕਰਨ ਵਿੱਚ ਪੁਲਿਸ ਅਧਿਕਾਰੀ ਕੋਈ ਖਾਸ ਦਿਲਚਸਪੀ ਹੀ ਨਹੀਂ ਲੈਂਦੇ । ਪੁੱਛਣ ਤੇ ਤਫਤੀਸ਼ ਅਧਿਕਾਰੀਆਂ ਦਾ ਘੜਿਆ-ਘੜਾਇਆ, ਜੁਆਬ ਸੁਣਨ ਨੂੰ ਅਕਸਰ ਮਿਲਦੈ, ਧਰਨੇ, ਮਜ਼ਾਹਰਿਆਂ ਅਤੇ ਵੀ.ਆਈ.ਪੀਜ ਦੀ ਆਮਦ ਕਾਰਣ ਡਿਊਟੀਆਂ ਵੱਧ ਪੈਂਦੀਆਂ,ਥਾਣਿਆਂ ਵਿੱਚ ਮੁਲਾਜਮਾਂ ਦੀ ਕਮੀ ਐ,,ਆਦਿ ਆਦਿ । ਅਜਿਹੇ ਕੇਸਾਂ ਦੀਆਂ ਇੱਕਾ-ਦੁੱਕਾ ਘਟਨਾਵਾਂ ਨਹੀਂ, ਬਲਿਕ ਅਜਿਹੇ ਕੇਸਾਂ ਦੀ ਫਹਿਰਿਸ਼ਤ ਬੜੀ ਲੰਬੀ ਹੈ। ਲੀਰਾਂ ਦੀ ਖਿੱਦੋ ਵਾਂਗ, ਕੇਸਾਂ ਦੀ ਫਰੋਲਾ-ਫਰਾਲੀ ਕਰਦਿਆਂ, ਪਰਤ ਦਰ ਪਰਤ ਨਵੀਆਂ ਨਵੀਆਂ ਘਟਨਾਵਾਂ ਸਾਹਮਣੇ ਮੂੰਹ ਅੱਡ ਕੇ ਖਲੋ ਜਾਂਦੀਆਂ ਹਨ। ਅਜਿਹੀਆਂ ਘਟਨਾਵਾਂ ਦਾ ਜਿਕਰ ਕਰਨ ਨੂੰ ਪੁਲਿਸ ਵਾਲੇ ਗੱਡੇ ਮੁਰਦੇ ਉਖਾੜਨ ਦਾ ਨਾਮ ਦੇ ਕੇ ਆਪਣੀ ਲਾਪਰਵਾਹੀ ਨੂੰ ਮਜਬੀਆਂ ਦੀ ਚਾਦਰ ਨਾਲ ਢੱਕਣ ਦਾ ਯਤਨ ਕਰਦੇ ਹਨ। ਪਰੰਤੂ ਸੱਚ ਇਹ ਹੈ ਕਿ ਪੁਲਿਸ ਅਧਿਕਾਰੀਆਂ ਦੇ ਅਜਿਹੇ ਵਤੀਰੇ ਨਾਲ ਚੋਰਾਂ ਦੇ ਹੌਂਸਲੇ ਹੋਰ ਵੱਧਦੇ ਜਾਂਦੇ ਹਨ। ਜਿੰਨਾਂ ਦਾ ਖਾਮਿਆਜਾ ਸ਼ਹਿਰੀਆਂ ਨੂੰ ਭੁਗਤਨਾ ਪੈਂਦਾ ਹੈ। ਨਤੀਜਤਨ, ਚੋਰੀਆਂ ਦੀਆਂ ਘਟਨਾਵਾਂ ਹਰ ਦਿਨ ਵੱਧਦੀਆਂ ਹੀ ਜਾ ਰਹੀਆਂ ਹਨ।
F I R ਨੰ: 353 ਮਿਤੀ:-3 /9/2019 – ਕੇਸ ਸਟੇਟਸ-ਅਦਾਲਤ ਨੂੰ ਚਲਾਨ ਪੇਸ਼ ਹੋਣ ਦੀ ਉਡੀਕ,,,
ਵਾਰਦਾਤ ਦਾ ਸਮਾਂ 27/28 ਅਗਸਤ 2019
ਜੰਡਾਂ ਵਾਲਾ ਰੋਡ, ਘੁਮਿਆਰਾਂ ਵਾਲੀ ਗਲੀ ਦਾ ਰਹਿਣ ਵਾਲਾ ਸੱਤਪਾਲ ਪੁੱਤਰ ਕਾਹਨ ਸਿੰਘ ਪ੍ਰਾਈਵੇਟ ਤੌਰ ਤੇ ਇਲੈਕਟਰੀਸ਼ਨ ਦਾ ਕੰਮ ਕਰਦਾ ਹੈ । ਸੁਖਦੇਵ ਰਾਮ ਵਾਸੀ ਸੰਧੂ ਪੱਤੀ ਬਰਨਾਲਾ ਕਦੇ ਕਦਾਈ ਉਸ ਦੇ ਘਰ ਆਉਦਾ ਜਾਂਦਾ ਸੀ। ਜਿਸ ਕਰਕੇ ਉਹ ਘਰ ਦਾ ਭੇਤੀ ਸੀ। ਮਿਤੀ 27-08-2019 ਨੂੰ ਸੱਤਪਾਲ ਸਮੇਤ ਪ੍ਰੀਵਾਰ ਘਰੋਂ ਬਾਹਰ ਰਿਸ਼ਤੇਦਾਰੀ ਵਿੱਚ ਗਿਆ ਹੋਇਆ ਸੀ। ਜਦੋਂ ਮਿਤੀ 28-08-19 ਨੂੰ ਉਹ ਘਰ ਪੁੱਜਿਆ ਤਾਂ ਕਮਰੇ ਦਾ ਜਿੰਦਰਾ ਟੁੱਟਾ ਪਿਆ ਸੀ ਅਤੇ ਕਮਰੇ ਵਿੱਚ ਰੱਖੀ ਅਲਮਾਰੀ ਖੁੱਲੀ ਪਈ ਸੀ। ਅਲਮਾਰੀ ਚੈਕ ਕੀਤੀ ਤਾਂ ਅਲਮਾਰੀ ਵਿੱਚ ਰੱਖੀ ਹੋਈ ਸੋ ਸੇਫ ਵਜਨ ਕਰੀਬ 17/18 ਕਿੱਲੋ ਅਲਮਾਰੀ ਵਿੱਚ ਨਹੀਂ ਸੀ । ਚੋਰੀ ਹੋਈ ਸੇਫ ਵਿੱਚ ਕਰੀਬ 12 ਤੋਲੇ ਸੋਨੇ ਦੇ ਗਹਿਣੇ ਅਤੇ ਕਰੀਬ 80,000/-ਰੁਪਏ ਨਗਦ ਅਤੇ ਜਰੂਰੀ ਕਾਗਜਾਤ ਵੀ ਸਨ। ਤਲਾਸ਼ ਕਰਨ ਤੋਂ ਬਾਅਦ ਉਸ ਨੂੰ ਪਤਾ ਲੱਗਾ ਹੈ ਕਿ ਮੇਰੀ ਚੋਰੀ ਹੋਈ ਸੇਫ ਨੂੰ ਸੁਖਦੇਵ ਰਾਮ @ ਸੁੱਖਾ ਉਕਤ ਸਮੇਤ ਨਾਮਲੂਮ ਪੁਰਸ਼ਾਂ ਦੇ ਚੋਰੀ ਕਰਕੇ ਲੈ ਗਿਆ ਹੈ । ਪੁਲਿਸ ਨੇ ਸੱਤਪਾਲ ਦੇ ਬਿਆਨ ਤੇ ਜੁਰਮ 457/380 IPC ਬਰਖਿਲਾਫ ਮਿਤੀ 3/9/2021 ਥਾਣਾ ਸਿਟੀ 1 ਬਰਨਾਲਾ ਵਿਖੇ ਸੁਖਦੇਵ ਰਾਮ @ ਸੁੱਖਾ ਵਾਸੀ ਸੰਧੂ ਪੱਤੀ ਬਰਨਾਲਾ ਅਤੇ ਨਾ-ਮਲੂਮ ਪੁਰਸ਼ਾਂ ਦੇ ਖਿਲਾਫ ਕੇਸ ਦਰਜ਼ ਕਰ ਦਿੱਤਾ ਗਿਆ ।
ਅੱਧ ਪਚੱਧੀ ਹੋਈ ਬਰਾਮਦਗੀ, ਪੇਸ਼ ਨਹੀਂ ਕੀਤਾ ਚਲਾਨ
ਸੱਤਪਾਲ ਨੇ ਦੱਸਿਆ ਕਿ ਪੁਲਿਸ ਨੇ ਦੋਸ਼ੀਆਂ ਨੂੰ ਗਿਰਫਤਾਰ ਕਰਕੇ ਪੂਰੀ ਬਰਾਮਦਗੀ ਨਹੀਂ ਕਰਵਾਈ। ਉਨਾਂ ਕਿਹਾ ਕਿ ਲੰੰਘੀ ਕੱਲ੍ਹ ਕੇਸ ਦਰਜ਼ ਹੋਏ ਨੂੰ ਪੂਰੇ 2 ਸਾਲ ਬੀਤ ਚੁੱਕੇ ਹਨ, 2 ਸਾਲ ਬਾਅਦ ਵੀ ਪੁਲਿਸ ਨੇ ਹਾਲੇ ਤੱਕ ਅਦਾਲਤ ਵਿੱਚ ਚਲਾਨ ਵੀ ਪੇਸ਼ ਨਹੀਂ ਕੀਤਾ। ਉਨਾਂ ਪੁਲਿਸ ਤੇ ਆਲ੍ਹਾ ਅਧਿਕਾਰੀਆਂ ਨੂੰ ਗੁਹਾਰ ਲਗਾਈ ਕਿ ਦੋਸ਼ੀਆਂ ਤੋਂ ਚੋਰੀ ਹੋਏ ਪੂਰੇ ਸਮਾਨ ਦੀ ਬਰਾਮਦਗੀ ਕਰਵਾਈ ਜਾਵੇ ਅਤੇ ਚਲਾਨ ਪੇਸ਼ ਕਰਕੇ ਦੋਸ਼ੀਆਂ ਨੂੰ ਸਖਤ ਸਜਾ ਦਿਵਾਈ ਜਾਵੇ। ਉੱਧਰ ਥਾਣਾ ਸਿਟੀ 1 ਦੇ ਐਸ.ਐਚ.ਉ. ਲਖਵਿੰਦਰ ਸਿੰਘ ਨੇ ਪੁੱਛਣ ਤੇ ਕਿਹਾ ਕਿ ਇਹ ਕੇਸ ਉਨਾਂ ਦੀ ਬਤੌਰ ਐਸ.ਐਚ.ਉ ਨਿਯੁਕਤੀ ਤਾਂ ਕਾਫੀ ਸਮਾਂ ਪਹਿਲਾਂ ਦਾ ਹੈ। ਉਨਾਂ ਕਿਹਾ ਕਿ ਹੁਣ ਮਾਮਲਾ ਉਨਾਂ ਦੇ ਧਿਆਨ ਵਿੱਚ ਆਇਆ ਹੈ,ਇੱਕ ਹਫਤੇ ਦੇ ਅੰਦਰ ਅੰਦਰ ਹੀ ਚਲਾਨ ਪੇਸ਼ ਕਰਵਾ ਦਿਆਂਗਾ।