ਤਹਿਸੀਲ ਅਹਿਮਦਗੜ ਦੇ ਵੱਖ-ਵੱਖ ਪਿੰਡਾਂ ਵਿਚ 20 ਫ਼ਰਵਰੀ ਤੋਂ ਲੱਗਣਗੇ ਸਪੈਸ਼ਲ ਕੈਂਪ
ਹਰਪ੍ਰੀਤ ਕੌਰ , ਸੰਗਰੂਰ, 19 ਫ਼ਰਵਰੀ:2021
ਸਰਕਾਰ ਦੁਆਰਾ ਚਲਾਈ ਗਈ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਬਣਾਏ ਜਾ ਰਹੇ ਬੀਮਾ ਕਾਰਡਾਂ ਸਬੰਧੀ ਐਸ.ਡੀ.ਐਮ. ਅਹਿਮਦਗੜ ਸ੍ਰੀ ਵਿਕਰਮਜੀਤ ਸਿੰਘ ਪਾਂਥੇ ਦੀ ਅਗਵਾਈ ਵਿਚ ਐਸ.ਡੀ.ਐਮ. ਦਫਤਰ ਅਹਿਮਦਗੜ ਵਿਖੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਐਸ.ਡੀ.ਐਮ. ਸ਼੍ਰੀ ਵਿਕਰਮਜੀਤ ਸਿੰਘ ਪਾਂਥੇ ਨੇ ਕਿਹਾ ਕਿ ਇਸ ਸਕੀਮ ਤਹਿਤ ਸਾਰੇ ਸਮਾਰਟ ਰਾਸ਼ਨ ਕਾਰਡ ਧਾਰਕ ਪਰਿਵਾਰ, ਜੇ-ਫਾਰਮ ਧਾਰਕ ਕਿਸਾਨ ਪਰਿਵਾਰ, ਉਸਾਰੀ ਕਿਰਤੀ ਭਲਾਈ ਬੋਰਡ ਨਾਲ ਪੰਜੀਕਿ੍ਰਤ ਮਜਦੂਰ, ਛੋਟੇ ਵਪਾਰੀ, ਪ੍ਰਵਾਨਿਤ ਅਤੇ ਪੀਲੇ ਕਾਰਡ ਧਾਰਕ ਪੱਤਰਕਾਰ ਅਤੇ ਐਸ.ਈ.ਆਈ.ਸੀ. ਡਾਟਾ 2011 ਵਿਚ ਸ਼ਾਮਿਲ ਪਰਿਵਾਰ ਰਜਿਸਟਰੇਸ਼ਨ ਕਰਵਾਉਣ ਲਈ ਯੋਗ ਹਨ। ਉਨਾਂ ਕਿਹਾ ਕਿ ਪ੍ਰਤੀ ਮੈਬਰ ਕਾਰਡ ਦੀ ਫ਼ੀਸ 30 ਰੁਪਏ ਹੈ। ਐਸ.ਡੀ.ਐਮ. ਅਹਿਮਦਗੜ ਵੱਲੋਂ ਮੀਟਿੰਗ ਵਿਚ ਹਾਜਰ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੱਧ ਤੋਂ ਵੱਧ ਲਾਭਪਾਤਰੀਆਂ ਦੇ ਬੀਮਾ ਕਾਰਡ ਬਨਾਉਣ ਲਈ ਰਜਿਸਟਰੇਸ਼ਨ ਕਰਵਾਉਣ ’ਤੇ ਜੋਰ ਦਿੱਤਾ ਗਿਆ।
ਸ਼੍ਰੀ ਪਾਂਥੇ ਨੇ ਕਿਹਾ ਕਿ ਇਸ ਸਕੀਮ ਤਹਿਤ ਵੱਖ -ਵੱਖ ਪਿੰਡਾਂ ਵਿਚ ਕੈਂਪ ਲਗਾ ਕੇ 28 ਫ਼ਰਵਰੀ ਤੱਕ ਯੋਗ ਲਾਭਪਾਤਰੀਆਂ ਦੇ ਬੀਮਾ ਕਾਰਡ ਬਣਾਏ ਜਾਣੇ ਹਨ। ਉਨਾਂ ਕਿਹਾ ਕਿ ਸ਼ਹਿਰ ਅਹਿਮਦਗੜ ਦੇ ਬੀਮਾ ਕਾਰਡਾਂ ਦੀ ਰਜਿਸਟਰੇਸ਼ਨ ਕਰਨ ਲਈ ਦਫਤਰ ਮਾਰਕਿਟ ਕਮੇਟੀ, ਅਹਿਮਦਗੜ ਵਿਖੇ ਰਜਿਸਟਰੇਸ਼ਨ ਸੈਂਟਰ ਬਣਾਇਆ ਗਿਆ ਹੈ। ਉਨਾਂ ਕਿਹਾ ਕਿ ਦਫਤਰ ਮਾਰਕਿਟ ਕਮੇਟੀ ਸੰਦੌੜ ਵਿਖੇ ਵੀ ਰਜਿਸਟਰੇਸ਼ਨ ਸੈਂਟਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਮਿਤੀ 20 ਫ਼ਰਵਰੀ ਤੋਂ ਤਹਿਸੀਲ ਅਹਿਮਦਗੜ ਦੇ ਪਿੰਡਾਂ ਵਿੱਚ ਵੱਖ ਵੱਖ ਮਿਤੀਆਂ ਨੰੂ 28 ਫ਼ਰਵਰੀ ਤੱਕ ਸਪੈਸ਼ਲ ਕੈਂਪ ਲਗਾ ਕੇ ਇਸ ਸਕੀਮ ਤਹਿਤ ਬੀਮਾ ਕਾਰਡਾਂ ਦੀ ਰਜਿਸਟਰੇਸ਼ਨ ਕੀਤੀ ਜਾਵੇਗੀ, ਤਾਂ ਜੋ ਕੋਈ ਵੀ ਯੋਗ ਲਾਭਪਾਤਰੀ ਕਾਰਡ ਦਾ ਲਾਭ ਲੈਣ ਤੋਂ ਰਹਿ ਨਾ ਜਾਵੇ।
ਇਸ ਮੀਟਿੰਗ ਵਿਚ ਸ੍ਰੀ ਸੁਰਿੰਦਰ ਸਿੰਘ ਸਕੱਤਰ ਮਾਰਕਿਟ ਕਮੇਟੀ ਅਹਿਮਦਗੜ, ਬਲਾਕ ਵਿਕਾਸ ਤੇ ਪੰਚਾਇਤ ਅਫਸਰ ਮਾਲੇਰਕੋਟਲਾ-2 ਦਫਤਰ ਦੇ ਨੁਮਾਇੰਦੇ, ਸ੍ਰੀ ਸੂਰਜਭਾਨ ਆਬਕਾਰੀ ਤੇ ਕਰ ਅਫਸਰ ਅਹਿਮਦਗੜ, ਦਫਤਰ ਨਗਰ ਕੌਂਸਲ ਅਹਿਮਦਗੜ ਦੇ ਨੁਮਾਇੰਦੇ ਅਤੇ ਦਫਤਰੀ ਸਟਾਫ ਹਾਜਰ ਸੀ।