ਹਰਿੰਦਰ ਨਿੱਕਾ , ਬਰਨਾਲਾ 20 ਫਰਵਰੀ 2021
ਕੇਂਦਰ ਸਰਕਾਰ ਵਲੋਂ ਲਿਆਂਦੇ ਖੇਤੀ ਕਾਨੂੰਨਾਂ ਅਤੇ ਫਿਰਕੂ ਫਾਸ਼ੀ ਹੱਲੇ ਖਿਲਾਫ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ 21ਫਰਵਰੀ 2021 ਨੂੰ ਦਿਨੇ 11 ਵਜੇ ਦਾਣਾ ਮੰਡੀ ਬਰਨਾਲਾ ਵਿਖੇ ਸੂਬਾ ਪੱਧਰੀ ਮਜ਼ਦੂਰ ਕਿਸਾਨ ਏਕਤਾ ਮਹਾਂ-ਰੈਲੀ ਰੈਲੀ ਕੀਤੀ ਜਾ ਰਹੀ ਹੈ। ਇਹ ਰੈਲੀ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਸੰਘਰਸ਼ ਦੌਰਾਨ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਜੋਟੀ ਦੇ ਮਹੱਤਵ ਨੂੰ ਉਭਾਰਨ। ਮੁਲਕ ਵਿਆਪੀ ਕਿਸਾਨ ਘੋਲ ਨੂੰ ਕੁਚਲਣ ਲਈ ਮੋਦੀ ਸਰਕਾਰ ਵਲੋਂ ਵਿੱਢੇ ਫਿਰਕੂ ਫਾਸ਼ੀ ਹੱਲੇ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਸ਼ੁਰੂ ਕੀਤੇ ਵਿਸ਼ਾਲ ਲਾਮਬੰਦੀਆ ਦੀ ਮੁਹਿੰਮ ਦਾ ਅਹਿਮ ਕਦਮ ਬਣੇਗੀ।ਇਸ ਕਾਨਫਰੰਸ ਨੂੰ ਉਕਤ ਦੋਹਾਂ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਵੀ ਸੰਬੋਧਨ ਕਰਨਗੇ।
ਦੋਵੇਂ ਜੱਥੇਬੰਦੀਆਂ ਦੇ ਆਗੂਆਂ ਦਾ ਇਹ ਸਪੱਸ਼ਟ ਵਿਚਾਰ ਹੈ ਕਿ ਇਹ ਕਾਨੂੰਨ ਸਿਰਫ਼ ਕਿਸਾਨਾਂ ਮਜ਼ਦੂਰਾਂ ਦੇ ਹਿੱਤਾਂ ਦੇ ਹੀ ਖਿਲਾਫ਼ ਨਹੀਂ ਸਗੋ ਮੋਦੀ ਸਰਕਾਰ ਵਲੋਂ ਲਾਗੂ ਕੀਤੀਆਂ ਜਾ ਰਹੀਆਂ ਨਿੱਜੀਕਰਨ ਦੀਆਂ ਨੀਤੀਆਂ ਦਾ ਹੀ ਇੱਕ ਵੱਡਾ ਕਦਮ ਹੈ ਜੋ ਕਿਸਾਨਾਂ ਮਜ਼ਦੂਰਾਂ, ਮੁਲਾਜ਼ਮਾਂ, ਛੋਟੇ ਕਾਰੋਬਾਰੀਆਂ ਸਮੇਤ ਸਮੂਹ ਕਿਰਤੀ ਲੋਕਾਂ ਦੇ ਹੱਕਾਂ ਹਿੱਤਾਂ ਦੇ ਉੱਤੇ ਵੀ ਵੱਡਾ ਹਮਲਾ ਹੈ।ਇਸ ਲਈ ਸਮੂਹ ਵਰਗਾਂ ਦੀ ਏਕਤਾ ਹੀ ਮੋਦੀ ਸਰਕਾਰ ਦੇ ਇਸ ਆਰਥਿਕ ਤੇ ਫਿਰਕੂ ਫਾਸ਼ੀ ਹੱਲੇ ਦਾ ਤੋੜ ਬਣ ਸਕਦੀ ਹੈ। ਜ਼ਿਕਰਯੋਗ ਹੈ ਕਿ ਮਹਾਂ ਰੈਲੀ ‘ਚ ਰੰਗ ਕਰਮੀ, ਲੇਖਕ, ਬੁੱਧੀਜੀਵੀ , ਸਾਹਿਤਕਾਰ ਅਤੇ ਜਮਹੂਰੀ ਕਾਮੇਂ ਵੀ ਵੱਡੀ ਗਿਣਤੀ ਵਿਚ ਸ਼ਾਮਿਲ ਹੋ ਰਹੇ ਹਨ।
ਦੋਵੇਂ ਸੰਸਥਾਵਾਂ ਨੇ ਸਭਨਾਂ ਲੋਕ ਪੱਖੀ ਜਥੇਬੰਦੀਆਂ ਨੂੰ ਕਿਸਾਨ ਮਜ਼ਦੂਰ ਏਕਤਾ ਮਹਾਂ-ਰੈਲੀ ‘ਚ ਸਾਥੀਆਂ ਸਮੇਤ ਪਹੁੰਚਣ ਦੀ ਅਪੀਲ ਕੀਤੀ ਹੈ।