ਜ਼ਿਲ੍ਹੇ ‘ਚ ਵੋਟਾਂ ਦੀ ਗਿਣਤੀ ਲਈ ਬਣਾਏ ਗਏ 4 ਗਿਣਤੀ ਕੇਂਦਰ
ਹਰਿੰਦਰ ਨਿੱਕਾ , ਬਰਨਾਲਾ, 16 ਫਰਵਰੀ 2021
ਜਿਲ੍ਹੇ ਦੀਆਂ ਚਾਰ ਨਗਰ ਕੌਂਸਲਾਂ ਲਈ 14 ਫਰਵਰੀ ਨੂੰ ਪਈਆਂ ਵੋਟਾਂ ਦੀ ਗਿਣਤੀ ਭਲ੍ਹਕੇ 9 ਵਜੇ ਤੋਂ 4 ਵੱਖ ਵੱਖ ਗਿਣਤੀ ਕੇਂਦਰਾਂ ਤੇ ਸ਼ੁਰੂ ਹੋਵੇਗੀ। ਗਿਣਤੀ ਤੋਂ ਪਹਿਲਾਂ ਬੇਸ਼ੱਕ ਸਾਰੇ ਹੀ ਉਮੀਦਵਾਰਾਂ ਦੇ ਸਮਰਥਕਾਂ ਨੂੰ ਆਪੋ-ਆਪਣੀ ਉਮੀਦਵਾਰ ਦੀ ਜਿੱਤ ਯਕੀਨੀ ਸਮਝਦੇ ਹੋਏ, ਸ਼ਰਤਾਂ ਲਾਉਣ ਲਈ ਤਿਆਰ ਹਨ। ਪਰੰਤੂ ਦੂਜੇ ਪਾਸੇ ਇੱਕਾ ਦੁੱਕਾ ਉਮੀਦਵਾਰਾਂ ਨੂੰ ਛੱਡ ਕੇ ਸਾਰੇ ਹੀ ਉਮੀਦਵਾਰਾਂ ਲਈ ਅੱਜ ਦੀ ਰਾਤ ਕਹਿਰ ਦੀ ਸਾਬਿਤ ਹੋ ਰਹੀ ਹੈ। ਨਤੀਜ਼ੇ ਤੋਂ ਪਹਿਲਾਂ ਸਾਰੇ ਹੀ ਉਮੀਦਵਾਰਾਂ ਦੀ ਧੜਕਣਾਂ ਤੇਜ ਹੋ ਚੁੱਕੀਆਂ ਹਨ। ਪ੍ਰਸ਼ਾਸ਼ਨ ਵੱਲੋਂ ਗਿਣਤੀ ਕੇਂਦਰਾਂ ਅਤੇ ਗਿਣਤੀ ਸਬੰਧੀ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ।
ਗਿਣਤੀ ਸਬੰਧੀ ਜਾਣਕਾਰੀ ਮੀਡੀਆ ਨੂੰ ਜਾਰੀ ਕਰਦਿਆਂ ਜ਼ਿਲ੍ਹਾ ਚੋਣ ਅਫਸਰ -ਕਮ- ਡਿਪਟੀ ਕਮਿਸ਼ਨਰ ਸ਼੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ 14 ਫਰਵਰੀ ਨੂੰ ਪਾਈਆਂ ਗਈਆਂ ਵੋਟਾਂ ਦੀ ਗਿਣਤੀ ਬਰਨਾਲਾ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ ਚ, ਤਪਾ ਵਿਖੇ ਤਹਿਸੀਲ ਕੰਪਲੈਕਸ ਪਹਿਲੀ ਮੰਜ਼ਿਲ ਚ, ਭਦੌੜ ਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭਦੌੜ (ਵੱਡਾ ਚੌਕ) ਚ ਸਥਿਤ ਕੇਂਦਰ ਵਿਖੇ ਅਤੇ ਧਨੌਲਾ ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਧਨੌਲਾ ਵਿਖੇ ਕੀਤੀ ਜਾਵੇਗੀ।ਉਹਨਾਂ ਕਿਹਾ ਕਿ ਗਿਣਤੀ ਸਬੰਧੀ ਸਾਰੇ ਇੰਤੇਜਾਮ ਮੁਕੰਮਲ ਕਰ ਲਏ ਗਏ ਹਨ ਅਤੇ ਚੋਣ ਅਮਲੇ ਨੂੰ ਇਸ ਸਬੰਧੀ ਸਿਖਲਾਈ ਵੀ ਦੇ ਦਿੱਤੀ ਗਈ ਹੈ।
ਅੱਜ ਸ਼੍ਰੀ ਫੂਲਕਾ ਅਤੇ ਵਧੀਕ ਜ਼ਿਲ੍ਹਾ ਚੋਣ ਅਫਸਰ ਸ਼੍ਰੀ ਆਦਿਤਿਆ ਡੇਚਲਵਾਲ ਨੇ ਚੋਣ ਅਮਲੇ ਨਾਲ ਵਿਸ਼ੇਸ਼ ਬੈਠਕ ਕੀਤੀ। ਜਿਸ ਦੌਰਾਨ ਉਹਨਾਂ ਨੂੰ ਆਪਣੀ ਡਿਊਟੀ ਤਨਦੇਹੀ ਅਤੇ ਇਮਾਨਦਾਰੀ ਨਾਲ ਕਰਨ ਲਈ ਕਿਹਾ ਗਿਆ। ਸ਼੍ਰੀ ਫੂਲਕਾ ਨੇ ਦੱਸਿਆ ਕਿ ਨਗਰ ਕੌਂਸਲ ਬਰਨਾਲਾ ਦੇ 31 ਵਾਰਡਾਂ ਦੀ ਚੋਣ ਚ 149 ਉਮੀਦਵਾਰ ਅਤੇ 85,352 ਵੋਟਰ ਹਨ।
ਇਸੇ ਤਰ੍ਹਾਂ ਨਗਰ ਕੌਂਸਲ ਤਪਾ ਦੇ 15 ਵਾਰਡਾਂ ਚ 38 ਉਮੀਦਵਾਰ ਅਤੇ ਕੁੱਲ 15,862 ਵੋਟਰ ਹਨ। ਨਗਰ ਕੌਂਸਲ ਧਨੌਲਾ ਦੇ 13 ਵਾਰਡਾਂ ਚੋਣ 49 ਉਮੀਦਵਾਰ ਅਤੇ ਕੁੱਲ 14,718 ਵੋਟਰ ਹਨ।
ਨਗਰ ਕੌਂਸਲ ਭਦੌੜ ਚ 13 ਵਾਰਡਾਂ ਚੋਂ 45 ਉਮੀਦਵਾਰ ਹਨ ਅਤੇ ਕੁੱਲ ਵੋਟਰ 13,303 ਹਨ।