ਬਰਨਾਲਾ ‘ਚ ਸਭ ਤੋਂ ਘੱਟ 67.67 % ਅਤੇ ਤਪਾ ਸਭ ਤੋਂ ਵੱਧ 82.73 % ਪੋਲਿੰਗ
ਭਦੌੜ ’ਚ 78 ਫੀਸਦੀ ਤੇ ਧਨੌਲਾ ’ਚ 80.39 ਫੀਸਦੀ ਪੋਲਿੰਗ
17 ਫਰਵਰੀ ਨੂੰ ਹੋਵੇਗੀ ਵੋਟਾਂ ਦੀ ਗਿਣਤੀ
ਹਰਿੰਦਰ ਨਿੱਕਾ , ਬਰਨਾਲਾ, 14 ਫਰਵਰੀ 2021
ਜ਼ਿਲ੍ਹੇ ਦੀਆਂ ਚਾਰ ਨਗਰ ਕੌਂਸਲਾਂ ਲਈ ਪਈਆਂ ਵੋਟਾਂ ਤੋਂ ਬਾਅਦ ਜਿਲ੍ਹੇ ਦੇ 243 ਉਮੀਦਵਾਰਾਂ ਦੀ ਕਿਸਮਤ ਈਵੀਐਮ ਮਸ਼ੀਨਾਂ ਵਿੱਚ ਬੰਦ ਹੋ ਗਈ। ਨਗਰ ਕੌਂਸਲ ਬਰਨਾਲਾ ਲਈ ਵੋਟਰਾਂ ਨੇ ਕੋਈ ਜਿਆਦਾ ਦਿਲਚਸਪੀ ਨਹੀਂ ਦਿਖਾਈ। ਨਤੀਜੇ ਦੇ ਤੌਰ ਤੇ ਇੱਥੇ ਜਿਲ੍ਹੇ ‘ਚੋਂ ਸਭ ਤੋਂ ਘੱਟ 67.67 % ਪੋਲਿੰਗ ਹੀ ਹੋਈ। ਜਦੋਂ ਕਿ ਨਗਰ ਕੌਂਸਲ ਤਪਾ ਦੇ ਵੋਟਰਾਂ ਨੇ 82 .73 ਫੀਸਦੀ ਵੋਟਿੰਗ ਕਰਕੇ ਰਿਕਾਰਡ ਕਾਇਮ ਕਰ ਦਿੱਤਾ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣਕਾਰ ਅਫਸਰ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਸ਼ਾਮ 4 ਵਜੇ ਦੇ ਰੁਝਾਨ ਅਨੁਸਾਰ ਬਰਨਾਲਾ ਵਿਚ 67.67 ਫੀਸਦੀ, ਤਪਾ ਵਿਚ 82.73 ਫੀਸਦੀ, ਧਨੌਲਾ ਵਿਚ 80.39 ਫੀਸਦੀ ਅਤੇ ਭਦੌੜ ਵਿਚ 78 ਫੀਸਦੀ ਪੋਲਿੰਗ ਹੋਈ ਹੈ।
ਨਗਰ ਕੌਂਸਲ ਬਰਨਾਲਾ ਵਿਚ 31 ਵਾਰਡਾਂ ਲਈ ਵੋਟਾਂ ਪਈਆਂ, ਜਿੱਥੇ 149 ਉਮੀਦਵਾਰ ਚੋਣ ਮੈਦਾਨ ਵਿਚ ਹਨ। ਬਰਨਾਲਾ ਵਿੱਚ ਵੋਟਰਾਂ ਦੀ ਗਿਣਤੀ 85,352 ਹੈ, ਜਿੱਥੇ ਰਿਟਰਨਿੰਗ ਅਫਸਰ ਵਰਜੀਤ ਵਾਲੀਆ ਦੀ ਨਿਗਰਾਨੀ ਹੇਠ 30 ਪੋਲਿੰਗ ਸਟੇਸ਼ਨ ਅਤੇ 97 ਪੋਲਿੰਗ ਬੂਥ ਬਣਾਏ ਗਏ ਸਨ। ਚਾਰੇ ਕੌਂਸਲਾਂ ਅਧੀਨ ਕੁੱਲ 72 ਵਾਰਡਾਂ ਲਈ ਵੋਟਾਂ ਪਈਆਂ ਹਨ, ਜਿਨਾਂ ਦੀ ਗਿਣਤੀ 17 ਫਰਵਰੀ ਨੂੰ ਸਵੇਰੇ 9 ਵਜੇ ਸ਼ੁਰੂ ਹੋ ਜਾਵੇਗੀ।
ਤਪਾ: ਰਿਟਰਨਿੰਗ ਅਫਸਰ ਪ੍ਰੀਤ ਮੋਹਿੰਦਰ ਸਿੰਘ ਨੇ ਦੱਸਿਆ ਕਿ ਤਪਾ ਨਗਰ ਕੌਂਸਲ ਅਧੀਨ 15 ਵਾਰਡ ਹਨ, ਜਿੱਥੇ 13 ਪੋਲਿੰਗ ਸਟੇਸ਼ਨ ਅਤੇ 18 ਪੋਲਿੰਗ ਬੂਥ ਬਣਾਏ ਗਏ ਸਨ। ਤਪਾ ਵਿਚ ਵੋਟਰਾਂ ਦੀ ਗਿਣਤੀ 15,861 ਹੈ ਅਤੇ 38 ਉਮੀਦਵਾਰ ਚੋਣ ਮੈਦਾਨ ਵਿਚ ਹਨ। ਤਪੇ ਵਿਚ ਸ਼ਾਮ 4 ਵਜੇ ਤੱਕ 13,122 ਵੋਟਾਂ ਪਈਆਂ, ਜਿਸ ਨਾਲ 82.73 ਫੀਸਦੀ ਪੋਲਿੰਗ ਹੋਈ ਹੈ।
ਧਨੌਲਾ: ਰਿਟਰਨਿੰਗ ਅਫਸਰ ਨਗਰ ਕੌਂਸਲ ਚੋਣਾਂ ਧਨੌਲਾ ਸ੍ਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਧਨੌਲਾ ਵਿੱਚ 13 ਵਾਰਡਾਂ ਲਈ ਵੋਟਾਂ ਪਈਆਂ ਹਨ, ਜਿਸ ਵਾਸਤੇ 12 ਪੋਲਿੰਗ ਸਟੇਸ਼ਨ ਅਤੇ 19 ਪੋਲਿੰਗ ਬੂਥ ਬਣਾਏ ਗਏ। ਧਨੌਲਾ ਵਿਚ ਵੋਟਰਾਂ ਦੀ ਗਿਣਤੀ 14,718 ਹੈ, ਜਿੱਥੇ 49 ਉਮੀਦਵਾਰ ਚੋਣ ਮੈਦਾਨ ਵਿਚ ਹਨ। ਧਨੌਲਾ ਵਿਚ ਸ਼ਾਮ 4 ਵਜੇ ਤੱਕ 11,833 ਵੋਟਾਂ ਪਈਆਂ, ਜਿਸ ਨਾਲ 80.39 ਫੀਸਦੀ ਪੋਲਿੰਗ ਹੋਈ ਹੈ।
ਭਦੌੜ: ਰਿਟਰਨਿੰਗ ਅਫਸਰ ਨਗਰ ਕੌਂਸਲ ਚੋਣਾਂ ਭਦੌੜ ਸ੍ਰੀ ਹਰਬੰਸ ਸਿੰਘ ਨੇ ਦੱਸਿਆ ਕਿ ਭਦੌੜ ਵਿਚ 13 ਵਾਰਡਾਂ ਲਈ ਵੋਟਾਂ ਪਈਆਂ ਹਨ। ਉਨਾਂ ਦੱਸਿਆ ਕਿ ਇਸ ਵਾਸਤੇ 6 ਪੋਲਿੰਗ ਸਟੇਸ਼ਨ ਅਤੇ 19 ਪੋਲਿੰਗ ਬੂਥ ਬਣਾਏ ਗਏ। ਉਨਾਂ ਦੱਸਿਆ ਕਿ ਭਦੌੜ ਵਿਚ ਵੋਟਰਾਂ ਦੀ ਗਿਣਤੀ 13,303 ਹੈ, ਜਿੱਥੇ 45 ਉਮੀਦਵਾਰ ਚੋਣ ਮੈਦਾਨ ਵਿਚ ਹਨ। ਭਦੌੜ ਵਿਚ ਸ਼ਾਮ 4 ਵਜੇ ਤੱਕ 10,324 ਵੋਟਾਂ ਪਈਆਂ, ਜਿਸ ਨਾਲ 78 ਫੀਸਦੀ ਪੋਲਿੰਗ ਹੋਈ ਹੈ।