ਆਪ ਉਮੀਦਵਾਰਾਂ ਨੇ ਵਾਰਡ ਨੰਬਰ-6, 11 , 14 ਤੇ 16 ਦੇ ਮੁਕਾਬਲਿਆਂ ਦਾ ਰੁਖ ਬਦਲਿਆ
ਹਰਿੰਦਰ ਨਿੱਕਾ , ਬਰਨਾਲਾ 12 ਫਰਵਰੀ 2021
ਨਗਰ ਕੌਂਸਲ ਦੀ ਸੱਤਾ ਤੇ ਕਾਬਿਜ ਹੋਣ ਲਈ ਯਤਨਸ਼ੀਲ ਕਾਂਗਰਸ ਅਤੇ ਅਕਾਲੀਆਂ ਦੀ ਕਥਿਤ ਤੌਰ ਤੇ ਮਿਲ ਕੇ ਖੇਡੀ ਜਾ ਰਹੀ ਖੇਡ ਵਿੱਚ ਆਮ ਆਦਮੀ ਪਾਰਟੀ ਦੀ ਧਮਾਕੇਦਾਰ ਐਂਟਰੀ ਨੇ ਖਲਲ ਪਾ ਦਿੱਤਾ ਹੈ। ਸ਼ਹਿਰ ਦੇ ਕਈ ਵਾਰਡਾਂ ਵਿੱਚ ਆਪ ਉਮੀਦਵਾਰਾਂ ਦੀ ਚੰਗੀ ਕਾਰਗੁਜਾਰੀ ਅਤੇ ਭਖੀ ਹੋਈ ਚੋਣ ਮੁਹਿੰਮ ਨੇ ਕਾਂਗਰਸ ਅਤੇ ਅਕਾਲੀਆਂ ਨੂੰ ਵਖਤ ਪਾ ਰੱਖਿਆ ਹੈ। ਬੇਸ਼ੱਕ ਰਾਜਸੀ ਪੰਡਿਤ ਫਿਲਹਾਲ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਕਟੂਆ ਤੋਂ ਵੱਧ ਤਵੱਜੋ ਨਹੀਂ ਦੇ ਰਹੇ। ਪਰੰਤੂ ਗਰਾਉਂਡ ਜੀਰੋ ਤੇ ਕੀਤੇ ਸਰਵੇ ਤੋਂ ਸਾਫ ਹੋਇਆ ਕਿ ਆਪ ਦੇ ਕਈ ਉਮੀਦਵਾਰਾਂ ਦੀ ਮੁਹਿੰਮ ਨੇ ਵਿਰੋਧੀਆਂ ਨੂੰ ਗੰਭੀਰਤਾ ਨਾਲ ਸੋਚਣ ਅਤੇ ਆਪਣੀ ਰਣਨੀਤੀ ਬਦਲਣ ਲਈ ਮਜਬੂਰ ਕਰ ਦਿੱਤਾ ਹੈ। ਸ਼ਹਿਰ ਦੀਆਂ ਹੌਟ ਸੀਟਾਂ ਸਮਝੇ ਜਾ ਰਹੇ ਵਾਰਡਾਂ ਵਿੱਚ ਆਪ ਉਮੀਦਵਾਰਾਂ ਨੇ ਮੁਕਾਬਲਿਆਂ ਨੂੰ ਦਿਲਚਸਪ ਮੋੜ ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਕਈ ਵਾਰਡਾਂ ਵਿੱਚ ਆਪ ਉਮੀਦਵਾਰਾਂ ਦੀ ਸਰਗਰਮੀ ਕਾਰਣ ਤਿਕੋਣੀ ਤੇ ਫਸਵੀਂ ਟੱਕਰ ਦਾ ਮਾਹੌਲ ਬਣ ਚੁੱਕਿਆ ਹੈ। ਰਾਜਸੀ ਪੰਡਿਤ ਮਹਿਸੂਸ ਕਰ ਰਹੇ ਹਨ ਕਿ ਆਪ ਉਮੀਦਵਾਰਾਂ ਨੂੰ ਪੈਣ ਵਾਲੀ ਵੋਟ, ਕਾਂਗਰਸ ਅਤੇ ਅਕਾਲੀਆਂ ਦੀ ਜਿੱਤ ਹਾਰ ਦਾ ਸਮੀਕਰਣ ਵੀ ਵਿਗਾੜ ਸਕਦੀ ਹੈ। ਆਪ ਦੇ ਇਤਿਹਾਸ ਤੇ ਪੰਛੀ ਝਾਤ ਮਾਰਿਆਂ ਪਤਾ ਲੱਗਦਾ ਹੈ ਕਿ ਆਪ ਦੀ ਮਜਬੂਤੀ, ਕਾਂਗਰਸ ਲਈ ਖਤਰੇ ਦੀ ਘੰਟੀ ਹੈ।
ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਦੇ ਝਟਕੇ ਤੋਂ ਹਾਲੇ ਵੀ ਉਭਰ ਨਹੀਂ ਸਕੀ ਕਾਂਗਰਸ
ਲੰਘੀਆਂ 2 ਲੋਕ ਸਭਾ ਚੋਣਾਂ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਦਿਖਾਏ ਦਮ ਤੋਂ ਬਾਅਦ ਲੱਗੇ ਰਾਜਸੀ ਝਟਕੇ ਤੋਂ ਵੀ ਕਾਂਗਰਸ ਪਾਰਟੀ ਹਾਲੇ ਉਭਰ ਨਹੀਂ ਸਕੀ। ਲੰਘੀਆਂ ਨਗਰ ਕੌਂਸਲ ਚੋਣਾਂ ਦੌਰਾਨ ਵੀ ਆਮ ਆਦਮੀ ਪਾਰਟੀ ਨੇ 1 ਸੀਟ ਜਿੱਤ ਕੇ ਆਪ ਦਾ ਖਾਤਾ ਪਹਿਲੀ ਵਾਰ ਨਗਰ ਕੌਂਸਲ ਵਿੱਚ ਖੋਲ੍ਹ ਦਿੱਤਾ ਸੀ। ਜਦੋਂ ਕਿ ਕਈ ਹੋਰ ਵਾਰਡਾਂ ਵਿੱਚ ਆਪ ਉਮੀਦਵਾਰਾਂ ਨੂੰ ਮਿਲੀਆਂ ਵੋਟਾਂ ਨੇ ਕਾਂਗਰਸ ਦੇ ਉਮੀਦਵਾਰਾਂ ਦੀ ਹਾਰ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਸੀ। ਜਿਸ ਕਾਰਣ ਹੁਣ ਵੀ ਅੰਦਰੋ-ਅੰਦਰ ਕਾਂਗਰਸੀ ਉਮੀਦਵਾਰਾਂ ਅਤੇ ਲੀਡਰਾਂ ਨੂੰ ਆਪ ਦਾ ਭੂਤ ਸੁਪਨੇ ਵਿੱਚ ਵੀ ਡਰਾ ਰਿਹਾ ਹੈ।
ਨਗਰ ਕੌਂਸਲ ਦੇ 2 ਸਾਬਕਾ ਪ੍ਰਧਾਨ ਵੀ ਆਪ ਦੇ ਚੱਕਰਵਿਊ ‘ਚ ਉਲਝੇ
ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾਂ ਦੀ ਪਤਨੀ ਦੀਪਿਕਾ ਸ਼ਰਮਾ ਵਾਰਡ ਨੰਬਰ 11 ਤੋਂ ਪਹਿਲੀ ਵਾਰ ਕਿਸਮਤ ਅਜ਼ਮਾਈ ਕਰ ਰਹੇ ਹਨ। ਜਿੰਨ੍ਹਾਂ ਦੀ ਚੋਣ ਮੁਹਿੰਮ ਦੀ ਵਾਗਡੋਰ ਮੱਖਣ ਸ਼ਰਮਾ ਬਾਖੂਬੀ ਸੰਭਾਲ ਰਹੇ ਹਨ। ਇਸ ਵਾਰਡ ਵਿੱਚ ਕਾਂਗਰਸੀ ਉਮੀਦਵਾਰ ਦੀਪਿਕਾ ਸ਼ਰਮਾ ਨੂੰ ਕਾਂਗਰਸ ਦੇ ਬਾਗੀ ਉਮੀਦਵਾਰ ਤੇ ਭਾਜਪਾ ਦੇ ਸਾਬਕਾ ਆਗੂ ਪੁਨੀਤ ਜੈਨ ਦੀ ਪਤਨੀ ਸ਼ਿਫਾਲੀ ਜੈਨ ਕਰੜੀ ਚੁਣੌਤੀ ਦੇ ਰਹੇ ਹਨ। ਮੁਕਾਬਲੇ ਨੂੰ ਆਮ ਆਦਮੀ ਪਾਰਟੀ ਦੀ ਉਮੀਦਵਾਰ ਸਤਵਿੰਦਰ ਕੌਰ ਨੇ ਤਿਕੋਣਾ ਬਣਾਉਣ ਲਈ ਪੂਰਾ ਜੋਰਤਾਣ ਲਾਇਆ ਹੋਇਆ ਹੈ। ਬੇਸ਼ੱਕ ਕੌਂਸਲ ਦੀ ਅਗਲੀ ਪ੍ਰਧਾਨ ਦੇ ਤੌਰ ਤੇ ਦੀਪਿਕਾ ਸ਼ਰਮਾ ਦਾ ਨਾਮ ਪ੍ਰਮੁੱਖਤਾ ਨਾਲ ਉਭਰਿਆ ਹੋਣ ਕਾਰਣ ਉਨਾਂ ਦੀ ਜਿੱਤ ਯਕੀਨੀ ਹੀ ਨਜ਼ਰ ਆ ਰਹੀ ਹੈ। ਪਰੰਤੂ ਲੋਕਾਂ ਦਾ ਮੰਣਨਾ ਹੈ ਕਿ ਸ਼ਿਫਾਲੀ ਜੈਨ ਅਤੇ ਸਤਵਿੰਦਰ ਕੌਰ ਮੁੱਖ ਮੁਕਾਬਲੇ ਵਿੱਚ ਸ਼ਾਮਿਲ ਹੋਣ ਤੇ ਹੀ ਪੂਰਾ ਧਿਆਨ ਕੇਂਦ੍ਰਿਤ ਕਰ ਰਹੇ ਹਨ। ਜੇਕਰ ਵੋਟਿੰਗ ਸਮੇਂ ਵੀ ਮੁਕਾਬਲਾ ਤਿਕੋਣਾ ਤੇ ਫਸਵਾਂ ਬਣਿਆ ਰਿਹਾ ਤਾਂ ਵਾਰਡ ਦੇ ਨਤੀਜੇ ਹੈਰਾਨ ਕਰ ਦੇਣ ਵਾਲੇ ਵੀ ਹੋ ਸਕਦੇ ਹਨ। ਉੱਧਰ ਸ਼ਿਫਾਲੀ ਜੈਨ ਦੀ ਚੋਣ ਦੇ ਰਣਨੀਤੀਕਾਰ ਵੀ ਚਿੰਤਤ ਹਨ ਕਿ ਜੇਕਰ ਆਪ ਦੀ ਉਮੀਦਵਾਰ ਬਹੁਤ ਘੱਟ ਵੋਟਾਂ ਤੇ ਸਿਮਟ ਗਈ ਤਾਂ ਉਨਾਂ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਹੋ ਸਕਦਾ ਹੈ। ਸਤਵਿੰਦਰ ਕੌਰ ਦੇ ਸਮਰਥਕ ਵੀ ਆਪਣੀ ਜਿੱਤ ਯਕੀਨੀ ਹੋਣ ਦੇ ਹੌਸਲੇ ਨਾਲ ਹਰ ਦਿਨ ਅੱਗੇ ਵੱਧ ਰਹੇ ਹਨ। ਦੀਪਿਕਾ ਸ਼ਰਮਾ ਦੀ ਜਿੱਤ ਯਕੀਨੀ ਹੋਣ ਦਾ ਮੁੱਖ ਕਾਰਣ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਸ਼ਿਫਾਲੀ ਅਤੇ ਸਤਵਿੰਦਰ ਕੌਰ ਯਾਨੀ ਦੋਵਾਂ ਦੇ ਸਮਰਥਕ ਆਪਣਾ ਮੁਕਾਬਲਾ ਦੀਪਿਕਾ ਸ਼ਰਮਾ ਨਾਲ ਹੀ ਕਹਿ ਰਹੇ ਹਨ। ਜੇਕਰ ਦੀਪਿਕਾ ਸ਼ਰਮਾ ਨੂੰ ਦੋਵੇਂ ਵਿਰੋਧੀ ਉਮੀਦਵਾਰ ਮੁੱਖ ਮੁਕਾਬਲੇ ‘ਚ ਮੰਨ ਰਹੇ ਹਨ ਤਾਂ ਦੀਪਿਕਾ ਦੇ ਜਿੱਤ ਦਰਜ਼ ਕਰਨ ਦੀਆਂ ਸੰਭਾਵਨਾਵਾ ਵੱਧ ਜਾਂਦੀਆਂ ਹਨ।
ਵਾਰਡ ਨੰਬਰ-6 ਇਸੇ ਤਰਾਂ ਸਾਬਕਾ ਪ੍ਰਧਾਨ ਅਤੇ ਅਕਾਲੀ ਆਗੂ ਸੰਜੀਵ ਸ਼ੋਰੀ ਦੀਆਂ ਮੁਸ਼ਕਿਲਾਂ ਵਿੱਚ ਵੀ ਆਪ ਦੇ ਉਮੀਦਵਾਰ ਉਮ ਪ੍ਰਕਾਸ਼ ਬਾਂਸਲ ਨੇ ਚੋਖਾ ਵਾਧਾ ਕੀਤਾ ਹੋਇਆ ਹੈ। ਇਸ ਵਾਰਡ ਦੇ ਚੋਣ ਦੰਗਲ ਵਿੱਚ ਕਾਂਗਰਸ ਦੇ ਉਮੀਦਵਾਰ ਜ਼ੌਂਟੀ ਮਾਨ ਵੀ ਚੰਗਾ ਜੌਹਰ ਦਿਖਾ ਰਹੇ ਹਨ । ਮੁਕਾਬਲਾ ਇੱਥੇ ਵੀ ਆਪ ਦੀ ਵਜ੍ਹਾ ਕਾਰਣ ਤਿਕੋਣਾ ਬਣਿਆ ਹੋਇਆ ਹੈ। ਫਸਵੇਂ ਤਿਕੋਣੇ ਮਾਮਲੇ ਦਾ ਨਤੀਜਾ ਕੁਝ ਵੀ ਹੋ ਸਕਦਾ ਹੈ। ਪਰੰਤੂ ਰਾਜਸੀ ਵਿਸ਼ਲੇਸ਼ਕ ਫਿਲਹਾਲ ਸੰਜੀਵ ਸ਼ੋਰੀ ਦੀ ਪੁਜੀਸ਼ਨ ਹੋਰਨਾਂ ਉਮੀਦਵਾਰਾਂ ਤੋਂ ਬੇਹਤਰ ਮੰਨ ਰਹੇ ਹਨ।
ਤਿਕੋਣੀ ਟੱਕਰ ‘ਚ ਫਸਿਆ ਸ਼ਹਿਰ ਦਾ ਧੜੱਲੇਦਾਰ ਆਗੂ ਹੇਮ ਰਾਜ ਗਰਗ
ਵਾਰਡ ਨੰਬਰ 16 :- ਹੇਮ ਰਾਜ ਗਰਗ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ ਹੈ, ਹੇਮ ਰਾਜ ਦੀ ਪਹਿਚਾਣ ਉਸ ਦੀ ਸਮਾਜ ਸੇਵਾ ਛਬੀ ਅਤੇ ਉਸ ਦੇ ਸ਼ਹਿਰੀਆਂ ਦੇ ਹੱਕ ਵਿੱਚ ਹਰ ਵਖਤ ਡਟ ਕੇ ਖੜ੍ਹਣ ਵਾਲੇ ਸ਼ਹਿਰ ਦੇ ਧੜੱਲੇਦਾਰ ਆਗੂ ਦੇ ਤੌਰ ਦੇ ਲੰਬੇ ਅਰਸੇ ਤੋਂ ਕਾਇਮ ਹੈ। ਇਸ ਤੋਂ ਪਹਿਲਾਂ ਹੇਮਰਾਜ ਗਰਗ ਲਗਾਤਾਰ 2 ਚੋਣਾਂ ਅਜਾਦ ਉਮੀਦਵਾਰ ਵਜੋਂ ਹੀ ਤਕੜੇ ਮੁਕਾਬਲੇ ਵਿੱਚ ਵੋਟਾਂ ਦੇ ਵੱਡੇ ਅੰਤਰ ਨਾਲ ਜਿੱਤ ਚੁੱਕੇ ਹਨ। ਹੁਣ ਵੀ ਉਹ ਨੰਗੇ ਧੜ੍ਹ, ਯਾਨੀ ਕਿਸੇ ਪਾਰਟੀ ਦੇ ਥਾਪੜੇ ਤੋਂ ਬਿਨਾਂ ਹੀ ਮੈਦਾਨ ਵਿੱਚ ਡਟੇ ਹੋਏ ਹਨ, ਇਸ ਵਾਰਡ ਵਿੱਚ ਵੀ ਉਨਾਂ ਦਾ ਮੁਕਾਬਲਾ ਪਹਿਲਾਂ ਕਾਂਗਰਸੀ ਉਮੀਦਵਾਰ ਗਿਆਨ ਚੰਦ ਬਾਂਸਲ ਨਾਲ ਸਮਝਿਆ ਜਾ ਰਿਹਾ ਸੀ। ਪਰੰਤੂ ਆਮ ਆਦਮੀ ਪਾਰਟੀ ਦੇ ਨਵੇਂ ਚਿਹਰੇ ਅਤੇ ਤ੍ਰੈ ਨੇਤਰ ਕਾਵੜ ਸੰਘ ਦੇ ਆਗੂ ਜੋਗਿੰਦਰ ਪਾਲ ਟਿੰਕੂ ਨੇ ਸਭ ਤੋਂ ਆਖਿਰ ਵਿੱਚ ਚੋਣ ਦੰਗਲ ਵਿੱਚ ਉੱਤਰ ਕੇ ਮੁਕਾਬਲੇ ਦਾ ਰੁੱਖ ਹੀ ਬਦਲ ਦਿੱਤਾ ਹੈ। ਇਸ ਵਾਰਡ ਵਿੱਚ ਵੀ ਆਪ ਦੀ ਹਾਜ਼ਰੀ ਨੇ ਜਿੱਤ ਦਾ ਦਾਅਵਾ ਕਰ ਰਹੇ ਦੋਵਾਂ ਉਮੀਦਵਾਰਾਂ ਨੂੰ ਇੱਕ ਵਾਰ ਫਿਰ ਤੋਂ ਸੋਚਣ ਲਈ ਬੇਵੱਸ ਕੀਤਾ ਹੋਇਆ ਹੈ। ਵਾਰਡ ਵਿੱਚ ਅਜਾਦ ਉਮੀਦਵਾਰ ਵਰਿੰਦਰ ਕੁਮਾਰ ਸਿੰਗਲਾ ਦੀ ਸਰਗਰਮੀ ਨੇ ਹਾਲਤ ਹੋਰ ਕਾਫੀ ਗੁੰਝਲਦਾਰ ਬਣਾ ਰੱਖੀ ਹੈ। ਬੇਸ਼ੱਕ ਵਾਰਡ ਦੇ ਲੋਕ ਹੇਮਰਾਜ ਗਰਗ ਦੀ ਜਿੱਤ ਯਕੀਨੀ ਮੰਨ ਰਹੇ ਹਨ, ਪਰੰਤੂ ਸਾਰਿਆਂ ਨੂੰ ਆਪ ਉਮੀਦਵਾਰ ਟਿੰਕੂ ਨੂੰ ਪੈਣ ਵਾਲੀ ਵੋਟ ਨੇ ਧੁੜਕੂ ਲਾਇਆ ਹੋਇਆ ਹੈ।
ਵਾਰਡ ਨੰਬਰ 14:- ਵਿੱਚ ਰਵਾਇਤੀ ਪਾਰਟੀਆਂ ਦੇ ਤੌਰ ਤੇ ਕਾਂਗਰਸ ਦੇ ਉਮੀਦਵਾਰ ਸਾਬਕਾ ਐਮ.ਸੀ. ਵਿਨੋਦ ਚੋਬਰ ,ਅਕਾਲੀ ਆਗੂ ਜਸ਼ਨਪ੍ਰੀਤ ਸਿੰਘ ਮਹਿਤਾ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਭੁਪਿੰਦਰ ਸਿੰਘ ਭਿੰਦੀ ਦਰਮਿਆਨ ਤਿਕੋਣੀ ਟੱਕਰ ਬਣੀ ਹੋਈ ਹੈ। ਇਸ ਵਾਰਡ ਦੇ ਲੋਕ ਮੁੱਖ ਮੁਕਾਬਲਾ ਕਾਂਗਰਸ ਅਤੇ ਆਪ ਦਰਮਿਆਨ ਹੀ ਮੰਨ ਰਹੇ ਹਨ। ਘੱਟ ਸਰਗਰਮੀ ਕਾਰਣ ਜਸ਼ਨਪ੍ਰੀਤ ਮੁਕਾਬਲੇ ਤੋਂ ਪਿਛੜਦੇ ਦਿਖ ਰਹੇ ਹਨ। ਨਤੀਜਾ ਕੁਝ ਵੀ ਹੋਵੇ, ਇੱਥੇ ਵੀ ਤਿਕੋਣੀ ਟੱਕਰ ਬਣੀ ਹੋਈ ਹੈ। ਨਤੀਜਾ ਸਾਰੀਆਂ ਧਿਰਾਂ ਨੂੰ ਪ੍ਰੇਸ਼ਾਨ ਕਰਨ ਵਾਲਾ ਵੀ ਆ ਸਕਦਾ ਹੈ। ਇਨ੍ਹਾਂ ਪ੍ਰਮੁੱਖ ਵਾਰਡਾਂ ਤੋਂ ਇਲਾਵਾ ਵੀ ਕਈ ਵਾਰਡਾਂ ‘ਚ ਆਪ ਦੀ ਐਂਟਰੀ ਨੇ ਮੁਕਾਬਲਿਆਂ ਦਾ ਰੁਖ ਬਦਲਿਆ ਹੋਇਆ ਹੈ। ਹਾਲਤ ਇਹ ਵੀ ਹੈ ਕਿ ਆਪ ਕੋਲ ਗਵਾਉਣ ਨੂੰ ਕੁਝ ਵੀ ਨਹੀਂ, ਲੰਘੀਆਂ ਕੌਂਸਲ ਚੋਣਾਂ ਵਿੱਚ ਆਪ ਨੂੰ 1 ਸੀਟ ਤੇ ਜਿੱਤ ਨਸੀਬ ਹੋਈ ਸੀ। ਹੁਣ ਵਿਧਾਨ ਸਭਾ ਹਲਕਾ ਬਰਨਾਲਾ ਦੀ ਨੁਮਾਇੰਦਗੀ ਵੀ ਆਪ ਦੇ ਨੌਜਵਾਨ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਕਰ ਰਹੇ ਹਨ, ਜਿੰਨਾਂ ਇਨ੍ਹਾਂ ਚੋਣਾਂ ਵਿੱਚ ਕਾਫੀ ਦਿਲਚਸਪੀ ਲਈ ਹੋਈ ਹੈ। ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਲੋਕਾਂ ਵੱਲੋਂ ਮਿਲ ਰਹੇ ਭਰਵੇਂ ਹੁੰਗਾਰੇ ਤੋਂ ਸਾਫ ਹੈ ਕਿ ਆਪ ਦੀ ਕਾਰਗੁਜਾਰੀ ਕਾਂਗਰਸ ਤੇ ਅਕਾਲੀਆਂ ਦੀ ਮਿਲ ਕੇ ਖੇਡੀ ਜਾ ਰਹੀ ਖੇਡ ਦੇ ਬਾਵਜੂਦ ਵੀ ਪਹਿਲਾਂ ਤੋਂ ਕਾਫੀ ਬਿਹਤਰ ਹੋਵੇਗੀ। ਉੱਧਰ ਬੇਸ਼ੱਕ ਕਾਂਗਰਸ ਦੇ ਹਲਕਾ ਇੰਚਾਰਜ ਕੇਵਲ ਸਿੰਘ ਢਿੱਲੋਂ ਵੀ ਸਾਰੀਆਂ ਸੀਟਾਂ ਜਿੱਤਣ ਦਾ ਦਾਅਵਾ ਕਰਦੇ ਹਨ, ਪਰੰਤੂ ਉਨਾਂ ਵੱਲੋਂ ਨਗਰ ਕੌਂਸਲ ਚੋਣਾਂ ਨੂੰ ਅਗਾਮੀ ਵਿਧਾਨ ਸਭਾ ਚੋਣਾਂ ਦਾ ਸੈਮੀਫਾਈਨਲ ਮੰਨ ਤੋਂ ਇਨਕਾਰ ਕਰਨ ਨੇ ਇਹ ਸੰਕੇਤ ਦੇ ਦਿੱਤਾ ਹੈ ਕਿ ਸੱਤਾਧਾਰੀ ਹੋਣ ਦੇ ਬਾਵਜੂਦ ਵੀ ਉਨਾਂ ਨੂੰ ਪਾਰਟੀ ਦੀ ਜਿੱਤ ਦਾ ਪੂਰਾ ਭਰੋਸਾ ਨਹੀਂ ਹੈ।